ਦੇਸੀ ਘਿਓ ਦੇ ਪਰੌਂਠੇ ਤੇ ਮੁਰਗੇ ਖਾਣ ਦੇ ਸ਼ੌਕੀਨ ਪੰਜਾਬੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ

Tuesday, Jan 02, 2024 - 03:50 PM (IST)

ਦੇਸੀ ਘਿਓ ਦੇ ਪਰੌਂਠੇ ਤੇ ਮੁਰਗੇ ਖਾਣ ਦੇ ਸ਼ੌਕੀਨ ਪੰਜਾਬੀਆਂ ਨੂੰ ਲੈ ਕੇ ਵੱਡਾ ਖ਼ੁਲਾਸਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ

ਚੰਡੀਗੜ੍ਹ (ਅਰਚਨਾ) : ਪੰਜਾਬ ਦਾ ਹਰ ਤੀਜਾ ਵਿਅਕਤੀ ਹਾਈਪਰਟੈਂਸ਼ਨ ਦਾ ਮਰੀਜ਼ ਹੈ। ਦੇਸੀ ਘਿਓ ਦੇ ਪਰੌਂਠੇ ਅਤੇ ਮੱਖਣੀ ਮੁਰਗੇ ਦੇ ਸ਼ੌਕੀਨ ਪੰਜਾਬੀਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਨੇ ਉਨ੍ਹਾਂ ਨੂੰ ਬੀਮਾਰੀਆਂ ਦੀ ਦਹਿਲੀਜ਼ ’ਤੇ ਖੜ੍ਹਾ ਕਰ ਦਿੱਤਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਇਨ੍ਹਾਂ ਮਰੀਜ਼ਾਂ ਦਾ ਦਿਲ (ਹਾਰਟ ਅਟੈਕ) ਤੋਂ ਲੈ ਕੇ ਦਿਮਾਗ਼ (ਸਟ੍ਰੋਕ) ਖ਼ਤਰੇ 'ਚ ਆ ਗਿਆ ਹੈ। ਪੰਜਾਬ ਸਿਹਤ ਵਿਭਾਗ ਦੇ ਅੰਕੜਿਆਂ ਦੀ ਮੰਨੀਏ ਤਾਂ ਪੰਜਾਬ ਦੇ 5,85,744 ਲੋਕ ਹਾਈਪਰਟੈਂਸ਼ਨ ਤੋਂ ਪੀੜਤ ਹਨ, ਜਦ ਕਿ 4,88,309 ਲੋਕ ਸ਼ੂਗਰ ਦੀ ਬੀਮਾਰੀ ਡਾਇਬਿਟੀਜ਼ ਦੇ ਸ਼ਿਕਾਰ ਪਾਏ ਗਏ ਹਨ। ਪੰਜਾਬ ਸਿਹਤ ਵਿਭਾਗ ਵਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨਾੱਨ ਕਮਿਊਨਿਕੇਬਿਲ ਡਿਸੀਜੇਜ ਦੀ ਸ਼ਨਾਖਤ ਲਈ ਕਰਵਾਈ ਗਈ 41,85,370 ਲੋਕਾਂ ਦੀ ਸਕਰੀਨਿੰਗ ਰਿਪੋਰਟ ਤੋਂ ਇਹ ਖ਼ੁਲਾਸਾ ਹੋਇਆ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ 1,22,898 ਲੋਕ ਦਿਲ (ਕਾਰਡੀਓਵੈਸਕੂਲਰ ਰੋਗ) ਦੇ ਮਰੀਜ਼ ਵੀ ਹਨ ਅਤੇ 2,144 ਲੋਕ ਸਟ੍ਰੋਕ ਦਾ ਇਲਾਜ ਵੀ ਕਰਵਾ ਚੁੱਕੇ ਹਨ। ਸਾਲ 2023-24 ਦੌਰਾਨ ਅਕਤੂਬਰ ਮਹੀਨੇ ਤੱਕ ਸੂਬੇ ਦੇ 15,09,976 ਮਰੀਜ਼ਾਂ ਦੀ ਜਾਂਚ ਵੀ ਮੁਕੰਮਲ ਹੋ ਚੁੱਕੀ ਹੈ।
ਕਈ ਰੋਗ ਲੈ ਸਕਦੇ ਹਨ ਲਪੇਟ 'ਚ
ਪੰਜਾਬ 'ਚ ਵੱਧਦੀ ਹਾਈਪਰਟੈਂਸ਼ਨ ਦੇ ਮਰੀਜ਼ਾਂ ਦੀ ਗਿਣਤੀ ਦੇ ਮੱਦੇਨਜ਼ਰ ਸੂਬੇ 'ਚ ਬਲੱਡ ਪ੍ਰੈਸ਼ਰ ਕੰਟਰੋਲ ਅਤੇ ਦਿਲ ਦੇ ਮਰੀਜ਼ਾਂ ਨੂੰ ਤੰਦਰੁਸਤ ਰੱਖਣ ਲਈ ਦੋ ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਪਹਿਲਾ ਪ੍ਰਾਜੈਕਟ ਇੰਡੀਆ ਹਾਈਪਰਟੈਂਸ਼ਨ ਕੰਟਰੋਲ ਇਨੀਸ਼ੀਏਟਿਵ (ਆਈ. ਐੱਚ. ਸੀ. ਆਈ.) ਤਹਿਤ ਲੋਕਾਂ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਰਹੇਗਾ ਤਾਂ ਲੋਕਾਂ ਦੇ ਹੋਰ ਅੰਗਾਂ ’ਤੇ ਬੀ. ਪੀ. ਅਟੈਕ ਕਰ ਸਕਦਾ ਹੈ। ਲੋਕ ਦਿਲ ਦੇ ਮਰੀਜ਼ ਬਣ ਸਕਦੇ ਹਨ, ਉਨ੍ਹਾਂ ਨੂੰ ਸਟ੍ਰੋਕ ਵੀ ਹੋ ਸਕਦਾ ਹੈ, ਗੁਰਦੇ ਅਤੇ ਅੱਖਾਂ ਵੀ ਖ਼ਰਾਬ ਹੋ ਸਕਦੀਆਂ ਹਨ। ਲੋਕਾਂ ਨੂੰ ਨਿਯਮਿਤ ਤੌਰ ’ਤੇ ਬਲੱਡ ਪ੍ਰੈਸ਼ਰ ਦੀ ਜਾਂਚ ਅਤੇ ਦਵਾਈਆਂ ਦੀ ਵਰਤੋਂ ਕਰਵਾਉਣ ਲਈ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਆਈ. ਐੱਚ. ਸੀ. ਆਈ. ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਪ੍ਰੋਗਰਾਮ 'ਚ ਸਾਰੇ ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ ਹਸਪਤਾਲਾਂ 'ਚ ਲੋਕਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ। ਇਹ ਆਰਾਮ ਮਸ਼ੀਨਾਂ ਖ਼ਾਸ ਕਿਸਮ ਦੀਆਂ ਹਨ, ਜਿਸ 'ਚ ਮਰੀਜ਼ ਨੂੰ ਸਿਰਫ਼ ਆਪਣੀ ਬਾਂਹ ਮਸ਼ੀਨ 'ਚ ਪਾਉਣੀ ਹੁੰਦੀ ਹੈ ਅਤੇ ਮਸ਼ੀਨ ਤੁਰੰਤ ਬਲੱਡ ਪ੍ਰੈਸ਼ਰ ਬਾਰੇ ਜਾਣਕਾਰੀ ਦੇਵੇਗੀ। ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ’ਤੇ ਲੋਕ ਡਾਕਟਰ ਤੋਂ ਦਵਾਈ ਅਤੇ ਖਾਣ-ਪਾਣ ਬਾਰੇ ਸਲਾਹ ਵੀ ਲੈ ਰਹੇ ਹਨ। ਜਲਦੀ ਹੀ ਆਰਮ ਇਨ ਬੀ. ਪੀ. ਮਸ਼ੀਨਾਂ ਸਾਰੇ ਸੀ. ਐੱਚ. ਸੀ. ਸੈਂਟਰਾਂ ’ਤੇ ਵੀ ਲਗਵਾ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਕੜਾਕੇ ਦੀ ਠੰਡ ਦੌਰਾਨ ਵਿਅਕਤੀ ਦੀ ਮੌਤ, 'ਮੌਸਮ' ਨੂੰ ਲੈ ਕੇ ਜਾਰੀ ਹੋਈ ਵੱਡੀ ਚਿਤਾਵਨੀ
ਆਈ. ਸੀ. ਐੱਮ. ਆਰ. ਦੇ ਨਾਲ ਮਿਲ ਕੇ ਸ਼ੁਰੂ ਕੀਤਾ ਪ੍ਰਾਜੈਕਟ
ਸਿਹਤ ਵਿਭਾਗ ਨੇ ਦਿਲ ਦੇ ਮਰੀਜ਼ਾਂ ਲਈ ਪੰਜਾਬ 'ਚ ਸਟੈਮੀ (ਐੱਸ. ਟੀ. ਈ. ਐੱਮ. ਆਈ.) ਪ੍ਰਾਜੈਕਟ ਸ਼ੁਰੂ ਕੀਤਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੇ ਸਹਿਯੋਗ ਨਾਲ ਦਿਲ ਦੇ ਮਰੀਜ਼ਾਂ ਲਈ ਪੰਜਾਬ ਦੇ ਕੁੱਝ ਜ਼ਿਲ੍ਹਿਆਂ 'ਚ ਕੰਮ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਤਹਿਤ ਹਾਰਟ ਅਟੈਕ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦਿਲ ਦੀਆਂ ਨਾੜੀਆਂ 'ਚ ਆਉਣ ਵਾਲੀ ਬਲਾਕੇਜ ਨੂੰ ਦੂਰ ਕਰਨ ਲਈ (ਥ੍ਰੋਬੋਲਿਟਿਕ) ਇੰਜੈਕਸ਼ਨ ਲਗਾਏ ਜਾ ਰਹੇ ਹਨ। ਇਕ ਟੀਕੇ ਦੀ ਕੀਮਤ 40 ਤੋਂ 50 ਹਜ਼ਾਰ ਰੁਪਏ ਹੈ ਅਤੇ ਇਹ ਟੀਕੇ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਨੂੰ ਬਿਲਕੁਲ ਮੁਫ਼ਤ ਲਗਾਏ ਜਾ ਰਹੇ ਹਨ। ਮਰੀਜ਼ਾਂ ਦੀ ਈ. ਸੀ. ਜੀ. ਤੋਂ ਲੈ ਕੇ ਡਿਜ਼ਾਲਵ ਕਰਨ ਦਾ ਕੰਮ ਫਿਲਹਾਲ ਪਹਿਲੇ ਪੜਾਅ 'ਚ ਪਟਿਆਲਾ, ਲੁਧਿਆਣਾ, ਮੋਹਾਲੀ, ਰੋਪੜ, ਫਤਹਿਗੜ੍ਹ ਸਾਹਿਬ, ਨਵਾਂਸ਼ਹਿਰ, ਹੁਸ਼ਿਆਰਪੁਰ, ਮਲੇਰਕੋਟਲਾ ਦੇ ਸਰਕਾਰੀ ਹਸਪਤਾਲਾਂ 'ਚ ਕੀਤਾ ਜਾ ਰਿਹਾ ਹੈ। ਪਾਇਲਟ ਪੜਾਅ 'ਚ ਦਿਲ ਦੀਆਂ ਬੀਮਾਰੀਆਂ ਦਾ ਇਲਾਜ ਸਿਰਫ ਲੁਧਿਆਣਾ ਅਤੇ ਪਟਿਆਲਾ 'ਚ ਹੀ ਸ਼ੁਰੂ ਕੀਤਾ ਗਿਆ ਸੀ। ਦੂਜੇ ਪੜਾਅ 'ਚ ਹੁਣ ਸੂਬੇ ਦੇ ਬਾਕੀ ਸਾਰੇ ਜ਼ਿਲ੍ਹਿਆਂ 'ਚ ਦਿਲ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਦੂਜੇ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਥ੍ਰੋਂਬੋਲਿਸਿਸ ਅਤੇ ਹਾਰਟ ਅਟੈਕ ਇਲਾਜ ਲਈ ਹਸਪਤਾਲਾਂ ਦੇ ਡਾਕਟਰਾਂ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ਼ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆਵਾਂ ਦੀ ਟੈਂਸ਼ਨ ਹੋਵੇਗੀ ਛੂ-ਮੰਤਰ
62 ਫ਼ੀਸਦੀ ਲੋਕਾਂ ਦਾ ਬਲੱਡ ਪ੍ਰੈਸ਼ਰ ਹੋਇਆ ਕੰਟਰੋਲ
ਪੰਜਾਬ ਸਿਹਤ ਵਿਭਾਗ ਦੇ ਸਟੈਮੀ ਪ੍ਰਾਜੈਕਟ ਦੇ ਨੋਡਲ ਅਧਿਕਾਰੀ ਡਾ. ਸੰਦੀਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਸੂਬੇ 'ਚ ਸਾਲ 2018 ਤੋਂ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਦੇਸ਼ ਭਰ 'ਚ ਪੰਜਾਬ ਪਹਿਲਾ ਅਜਿਹਾ ਸੂਬਾ ਹੈ, ਜਿਸ ਨੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦੇ ਮਕਸਦ ਨਾਲ ਪ੍ਰਾਜੈਕਟ ਸ਼ੁਰੂ ਕੀਤਾ ਹੈ। ਸਕਰੀਨਿੰਗ ਦੀ ਮਦਦ ਨਾਲ ਇਹ ਵੀ ਪਤਾ ਲਗਾ ਹੈ ਕਿ ਸਾਲ 2021-22 ਦੌਰਾਨ ਹਾਈਪਰਟੈਂਸ਼ਨ ਦੇ 62 ਫ਼ੀਸਦੀ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਦੇ ਲਈ ਦਵਾਈਆਂ ਅਤੇ ਜੀਵਨ ਸ਼ੈਲੀ 'ਚ ਬਦਲਾਅ ਕਾਰਣ ਕੰਟਰੋਲ ਵੀ ਹੋ ਗਿਆ ਹੈ। ਪੰਜਾਬ ਨੂੰ ਬਲੱਡ ਪ੍ਰੈਸ਼ਰ ਕੰਟਰੋਲ ਲਈ ਸਾਲ 2023 'ਚ ਯੂ. ਐੱਨ. ਐਵਾਰਡ ਵੀ ਮਿਲ ਚੁੱਕਾ ਹੈ। ਡਾ. ਗਿੱਲ ਨੇ ਦੱਸਿਆ ਕਿ ਸਟੈਮੀ ਪ੍ਰਾਜੈਕਟ 'ਚ ਹਾਰਟ ਅਟੈਕ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। 1200 ਮਰੀਜ਼ਾਂ ਨੇ ਸਟੈਮੀ ਪ੍ਰਾਜੈਕਟ 'ਚ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ ਅਤੇ 8 ਜ਼ਿਲ੍ਹਿਆਂ ਤੋਂ ਇਕ ਸਾਲ ਵਿਚ 150 ਲੋਕਾਂ ਨੇ ਥ੍ਰੋਬੋਲਿਸਿਸ ਕਰਵਾਇਆ ਹੈ। ਪੰਜਾਬ 'ਚ ਤਕਰੀਬਨ ਤਿੰਨ ਕਰੋੜ ਲੋਕਾਂ ਦੀ ਆਬਾਦੀ ਹੈ। ਉਨ੍ਹਾਂ ਵਿਚੋਂ 30 ਸਾਲ ਤੋਂ ਵੱਧ ਉਮਰ ਦੇ ਕਰੀਬ 1.2 ਕਰੋੜ ਲੋਕ ਸੂਬੇ 'ਚ ਰਹਿੰਦੇ ਹਨ, ਜਿਨ੍ਹਾਂ ਦੀ ਸਿਹਤ ਵਿਭਾਗ ਵਲੋਂ ਨਿਯਮਿਤ ਤੌਰ ’ਤੇ ਸਕਰੀਨਿੰਗ ਕਰਵਾਈ ਜਾ ਰਹੀ ਹੈ। ਪੰਜਾਬ ਦੇ ਲਗਭਗ 37 ਫ਼ੀਸਦੀ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ। 40 ਫ਼ੀਸਦੀ ਲੋਕ ਮੋਟਾਪੇ ਤੋਂ ਪੀੜਤ ਹਨ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਸਭ ਤੋਂ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਹੋਰ ਗੰਭੀਰ ਕਿਸਮ ਦੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ।
ਨਿਯਮਿਤ ਤੌਰ ’ਤੇ 40 ਮਿੰਟ ਦੀ ਸੈਰ ਕਰੋ
ਪੀ. ਜੀ. ਆਈ. ਚੰਡੀਗੜ੍ਹ ਦੇ ਕਾਰਡੀਓਲੋਜਿਸਟ ਡਾ. ਰਾਜੇਸ਼ ਵਿਜੇਵਰਗੀਆ ਦਾ ਕਹਿਣਾ ਹੈ ਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ ਕਿ ਲੋਕ ਪੌਸ਼ਟਿਕ ਭੋਜਨ ਖਾਣ, ਰੋਜ਼ਾਨਾ ਘੱਟੋ-ਘੱਟ 40 ਮਿੰਟ ਸੈਰ ਕਰਨ, ਤਲੇ ਹੋਏ ਭੋਜਨ, ਪੀਜ਼ਾ, ਬਰਗਰ ਆਦਿ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨ। ਪੇਟ ’ਤੇ ਜਮ੍ਹਾਂ ਹੋਣ ਵਾਲੀ ਚਰਬੀ ਦਿਲ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਇਸ ਲਈ ਚਰਬੀ ਨੂੰ ਹਟਾਉਣ ਲਈ ਕਸਰਤ ਨੂੰ ਵੀ ਆਦਤ ਬਣਾਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News