ਪੰਜਾਬੀ ਵਿਦਿਆਰਥੀਆਂ ਲਈ ਵੱਡਾ ਮੌਕਾ, ਕੈਨੇਡਾ 'ਚ ਨਰਸਾਂ ਦੇ 35 ਹਜ਼ਾਰ ਤੋਂ ਜ਼ਿਆਦਾ ਅਹੁਦੇ ਖਾਲੀ

Sunday, Aug 21, 2022 - 04:54 PM (IST)

ਪੰਜਾਬੀ ਵਿਦਿਆਰਥੀਆਂ ਲਈ ਵੱਡਾ ਮੌਕਾ, ਕੈਨੇਡਾ 'ਚ ਨਰਸਾਂ ਦੇ 35 ਹਜ਼ਾਰ ਤੋਂ ਜ਼ਿਆਦਾ ਅਹੁਦੇ ਖਾਲੀ

ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਵਿਚ ਕਰੀਬ 35 ਹਜ਼ਾਰ ਤੋਂ ਵੱਧ ਨਰਸਾਂ ਦੇ ਅਹੁਦੇ ਖਾਲੀ ਹੋ ਚੁੱਕੇ ਹਨ। ਇਹ ਪੰਜਾਬ ਦੇ ਨਰਸਿੰਗ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਵੱਡਾ ਮੌਕਾ ਸਾਬਤ ਹੋ ਸਕਦਾ ਹੈ। ਕੈਨੇਡਾ ਵਿਚ ਜਿੱਥੇ ਇਹ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਉੱਥੇ ਕੈਨੇਡਾ ਵਿਚ ਹਰ ਚਾਰ ਵਿਚੋਂ ਇਕ ਨਰਸ ਅਗਲੇ ਤਿੰਨ ਸਾਲ ਵਿਚ ਨੌਕਰੀ ਛੱਡਣ ਦਾ ਮਨ ਬਣਾ ਚੁੱਕੀ ਹੈ। ਕੈਨੇਡੀਅਨ ਯੂਨੀਅਨ ਆਫ ਨਰਸਿਜ ਮੁਤਾਬਕ ਇਕ ਅੰਦਰੂਨੀ ਸਰਵੇ ਵਿਚ ਕਰੀਬ 28 ਫੀਸਦੀ ਨਰਸਾਂ ਨੇ ਕੰਮ ਦੇ ਤਣਾਅ, ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਦੁਰਵਿਵਹਾਰ ਕਾਰਨ ਅਤੇ ਕੰਮ ਕਰਨ ਦਾ ਸਹੀ ਮਾਹੌਲ ਨਾ ਹੋਣ ਕਾਰਨ ਨੌਕਰੀ ਛੱਡਣ ਦੀ ਇੱਛਾ ਜਤਾਈ ਹੈ। ਨਰਸਿੰਗ ਸਟਾਫ ਦੀ ਕਮੀ ਨਾਲ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਅਮਰੀਕਾ ਵਿਚ ਬਿਹਤਰ ਕਮਾਈ ਦੀ ਇੱਛਾ ਵਿਚ ਪਲਾਇਨ ਵੀ ਇਸ ਕਮੀ ਦੀ ਵੱਡੀ ਵਜ੍ਹਾ ਬਣ ਕੇ ਸਾਹਮਣੇ ਆਇਆ ਹੈ। 

ਘੱਟ ਤਨਖਾਹ ਪਲਾਇਨ ਦਾ ਵੱਡਾ ਕਾਰਨ

ਕੈਨੇਡਾ ਵਿਚ ਆਉਣ ਵਾਲੀਆਂ ਇਮੀਗ੍ਰੈਂਟਸ ਨਰਸਾਂ ਦਾ ਅਮਰੀਕਾ ਜਾਣਾ ਜਾਰੀ ਹੈ। ਉਹ ਕੈਨੇਡਾ ਵਿਚ ਕੰਮ ਕਰਦੇ ਹੋਏ ਅਮਰੀਕੀ ਨਰਸਿੰਗ ਲਾਈਸੈਂਸ ਦੇ ਟੈਸਟ ਆਦਿ ਦੇ ਕੇ ਇੰਤਜ਼ਾਰ ਕਰਦੀਆਂ ਹਨ। ਲਾਈਸੈਂਸ ਮਿਲਦੇ ਹੀ ਉਹ ਅਮਰੀਕਾ ਦੇ ਹਸਪਤਾਲਾਂ ਵਿਚ ਪਹੁੰਚ ਜਾਂਦੀਆਂ ਹਨ। ਕੈਨੇਡਾ ਵਿਚ ਨਰਸਾਂ ਨੂੰ ਪ੍ਰਤੀ ਘੰਟਾ 27 ਤੋਂ 40 ਡਾਲਰ ਤੱਕ ਮਿਲਦੇ ਹਨ, ਉੱਥੇ ਅਮਰੀਕਾ ਵਿਚ ਉਹਨਾਂ ਨੂੰ 50 ਤੋਂ 55 ਡਾਲਰ ਪ੍ਰਤੀ ਘੰਟਾ ਮਿਲਦੇ ਹਨ।ਇੱਥੇ ਦੱਸ ਦਈਏ ਕਿ ਕੈਨੇਡਾ ਵਿਚ 2 ਲੱਖ 40 ਹਜ਼ਾਰ ਨਰਸਾਂ ਦੇ ਕੁਲ ਅਹੁਦਿਆਂ ਵਿਚੋਂ ਕਰੀਬ 15 ਫੀਸਦੀ ਇਸ ਸਮੇਂ ਖਾਲੀ ਹਨ ਅਤੇ ਇਹ ਅੰਕੜਾ 20 ਫੀਸਦੀ ਮਤਲਬ 50 ਹਜ਼ਾਰ ਤੱਕ ਵੀ ਪਹੁੰਚ ਸਕਦਾ ਹੈ। ਪੇਂਡੂ ਖੇਤਰਾਂ ਵਿਚ ਮੌਜੂਦ ਹਸਪਤਾਲਾਂ ਵਿਚ ਸਟਾਫ ਦੀ ਕਮੀ ਹੋਰ ਵੀ ਜ਼ਿਆਦਾ ਹੈ। ਕਈ ਸ਼ਹਿਰੀ ਅਤੇ ਪੇਂਡੂ ਹਸਪਤਾਲਾਂ ਵਿਚ ਸਿਰਫ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ- ਚੰਗੀ ਖ਼ਬਰ: ਨਿਊਜ਼ੀਲੈਂਡ ਨੇ ਵੀਜ਼ਾ ਨਿਯਮਾਂ 'ਚ ਕੀਤਾ ਬਦਲਾਅ

ਪੰਜਾਬੀ ਨਰਸਾਂ ਨੂੰ ਮਿਲ ਸਕਦਾ ਹੈ ਮੌਕਾ

ਕੈਨੇਡਾ ਵਿਚ ਵਿਭਿੰਨ ਦੇਸ਼ਾਂ ਤੋਂ ਸਟੱਡੀ ਕਰ ਕੇ ਆਈਆਂ ਹੋਈਆਂ 14 ਹਜ਼ਾਰ ਨਰਸਾਂ ਹਨ, ਜਿਹਨਾਂ ਵਿਚੋਂ 5 ਹਜ਼ਾਰ ਤੋਂ ਵੱਧ ਇਕੱਲੇ ਪੰਜਾਬ ਤੋਂ ਹਨ। ਪਰ ਕੈਨੇਡੀਅਨ ਟੈਸਟ ਅਤੇ ਹੋਰ ਨਿਯਮਾਂ ਕਾਰਨ ਇਹਨਾਂ ਨੂੰ ਨੌਕਰੀਆਂ ਨਹੀਂ ਮਿਲ ਪਾ ਰਹੀਆਂ। ਸਰਕਾਰ ਇਹਨਾਂ ਨੂੰ ਤੇਜ਼ੀ ਨਾਲ ਕੰਮ 'ਤੇ ਰੱਖਣਾ ਚਾਹੁੰਦੀ ਹੈ ਪਰ ਪ੍ਰਕਿਰਿਆ ਪੂਰਾ ਕਰਨ ਵਿਚ ਸਮਾਂ ਲੱਗ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News