ਗੋਇੰਦਵਾਲ ਸਾਹਿਬ ਜੇਲ੍ਹ ’ਚ ਵੱਡੀ ਗੈਂਗਵਾਰ, ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ 2 ਗੈਂਗਸਟਰਾਂ ਦਾ ਕਤਲ

Sunday, Feb 26, 2023 - 10:22 PM (IST)

ਗੋਇੰਦਵਾਲ ਸਾਹਿਬ ਜੇਲ੍ਹ ’ਚ ਵੱਡੀ ਗੈਂਗਵਾਰ, ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ 2 ਗੈਂਗਸਟਰਾਂ ਦਾ ਕਤਲ

ਤਰਨਤਾਰਨ/ਗੋਇੰਦਵਾਲ ਸਾਹਿਬ (ਰਮਨ) : ਗੋਇੰਦਵਾਲ ਸਾਹਿਬ ਦੀ ਸੈਂਟਰਲ ਜੇਲ੍ਹ ਵਿਚ ਹੋਈ ਗੈਂਗਵਾਰ ਦੌਰਾਨ ਦੋ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਗੈਂਗਵਾਰ ਵਿਚ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀ ਮੌਤ ਹੋ ਗਈ ਜਦਕਿ ਇਕ ਹੋਰ ਕੇਸ਼ਵ ਨਾਂ ਦਾ ਗੈਂਗਸਟਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਲਾਰੈਂਸ ਬਿਸ਼ਨੋਈ ਦੇ ਖਾਸਮ ਖਾਸ ਦੱਸੇ ਜਾ ਰਹੇ ਹਨ ਅਤੇ ਇਹ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੀ ਸ਼ਾਮਲ ਸਨ। ਇਸ ਦੀ ਜਾਣਕਾਰੀ ਗੋਇੰਦਵਾਲ ਸਾਹਿਬ ਦਾ ਸੁਪਰਡੈਂਟ ਇਕਬਾਲ ਸਿੰਘ ਬਰਾੜ ਵਲੋਂ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰਾਂ ਦੇ ਇਸ ਧੜੇ ਦੀ ਆਪਸ ਵਿਚ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਬਾਅਦ ਵਿਚ ਇਹ ਬਹਿਸ ਖੂਨੀ ਝੜਪ ਵਿਚ ਬਦਲ ਗਈ। ਪੁਲਸ ਸੂਤਰਾਂ ਮੁਤਾਬਕ ਤਿੰਨਾਂ ਗੈਂਗਸਟਰਾਂ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ, ਜਿਸ ਕਾਰਣ ਦੋ ਗੈਂਗਸਟਰਾਂ ਦੀ ਮੌਤ ਹੋ ਗਈ ਜਦਕਿ ਤੀਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਅਜਨਾਲਾ ਝੜਪ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਚੁੱਕਿਆ ਵੱਡਾ ਕਦਮ

ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਮਨਦੀਪ ਤੂਫਾਨ ਨੂੰ ਸਤੰਬਰ ਵਿਚ ਏ. ਜੀ. ਟੀ. ਐੱਫ ਅਤੇ ਅੰਮ੍ਰਿਤਸਰ ਪੁਲਸ ਨੇ ਸਾਂਝੀ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਤੂਫਾਨ ਏ ਕੈਟਾਗਿਰੀ ਦਾ ਮੋਸਟ ਵਾਂਟਿਡ ਗੈਂਗਸਟਰ ਸੀ। ਇਸ ਦੇ ਨਾਲ ਹੀ ਇਕ ਹੋਰ ਗੈਂਗਸਟਰ ਮਨਦੀਪ ਸਿੰਘ ਮਾਹੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਸਮੇਤ 5 ਕਤਲਾਂ ਵਿਚ ਮਨਦੀਪ ਤੂਫਾਨ ਲੋੜੀਂਦਾ ਸੀ। ਇਹ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਦੇ ਖਾਸ ਗੁਰਗੇ ਦੱਸੇ ਜਾ ਰਹੇ ਹਨ, ਜਿਹੜੇ ਤਸਕਰੀ, ਕਤਲ ਅਤੇ ਫਿਰੌਤੀ ਦੇ ਕਈ ਮਾਮਲਿਆਂ ਵਿਚ ਸ਼ਾਮਲ ਸਨ। 

ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 


author

Gurminder Singh

Content Editor

Related News