ਨੰਗਲ ਵਿਖੇ ਭਾਖੜਾ ਨਹਿਰ ''ਚ 64 ਸਾਲਾ ਬਜ਼ੁਰਗ ਔਰਤ ਨੇ ਮਾਰੀ ਛਾਲ, ਹੋਈ ਮੌਤ
Wednesday, Mar 15, 2023 - 12:43 PM (IST)
ਨੰਗਲ (ਗੁਰਭਾਗ ਸਿੰਘ)-ਨੰਗਲ ਭਾਖੜਾ ਨਹਿਰਾਂ ’ਚ ਵਾਪਰ ਰਹੇ ਹਾਦਸਿਆਂ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਬੀਤੇ ਦਿਨ ਇਕ 64 ਸਾਲ ਦੀ ਬਜ਼ੁਰਗ ਔਰਤ ਦੀ ਅਨੰਦਪੁਰ ਹਾਈਡਲ ਚੈਨਲ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਰਾਮ ਮੰਦਰ ਸਾਹਮਣੇ, ਨਹਿਰ ਦੇ ਛੋਟੇ ਪੁਲ ਨਾਲ ਥੜ੍ਹੇ ਤੋਂ ਹੇਠਾਂ ਔਰਤ ਨੇ ਛਾਲ ਮਾਰੀ ਅਤੇ ਉਹ ਰੁੜਦੀ-ਰੁੜਦੀ ਨਹਿਰ ’ਚ ਜਾ ਡਿੱਗੀ, ਜਿਸ ਕਾਰਨ ਉਸ ਦੇ ਮੂੰਹ ’ਤੇ ਸੱਟਾਂ ਵੀ ਲੱਗੀਆਂ ਨਜ਼ਰ ਆਈਆਂ। ਹਾਲਾਂਕਿ ਮੌਕੇ ’ਤੇ ਮੌਜੂਦ ਦੋ ਨੌਜਵਾਨਾਂ ਨੇ ਆਪਣੀ ਜਾਨ ਜ਼ੋਖ਼ਮ ’ਚ ਪਾ ਕੇ ਉਕਤ ਔਰਤ ਨੂੰ ਬਚਾਉਣ ਲਈ ਨਹਿਰ ’ਚ ਛਾਲਾਂ ਮਾਰ ਦਿੱਤੀਆਂ ਅਤੇ 10 ਕੁ ਮਿੰਟ ’ਚ ਖਵਾਜਾ ਪੀਰ ਮੰਦਰ ਤੋਂ ਪਿੱਛੇ, ਸਾਬਕਾ ਕੌਂਸਲਰ ਪਰਮਾਰ ਦੇ ਘਰ ਕੋਲ ਉਸ ਨੂੰ ਪਾਣੀ ’ਚੋਂ ਬਾਹਰ ਵੀ ਕੱਢ ਲਿਆ ਗਿਆ ਪਰ ਜਦੋਂ ਐਂਬੂਲੈਂਸ ਰਾਹੀਂ ਉਸ ਨੂੰ ਨੰਗਲ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਇਹ ਵੀ ਪੜ੍ਹੋ: ਟਾਂਡਾ ਵਿਖੇ ਆਸਟ੍ਰੇਲੀਆ ਤੋਂ ਪਰਤੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ, ਘਰ 'ਚ ਵਿਛੇ ਸੱਥਰ
ਤੈਰਾਕ ਨੌਜਵਾਨ ਵਿਕਾਸ ਕੁਮਾਰ (ਵਿੱਕੀ) ਨੇ ਕਿਹਾ ਕਿ ਉਹ ਵਾਟਰ ਸਪਲਾਈ ਦਫ਼ਤਰ ਕੋਲ ਖੜ੍ਹੇ ਸੀ ਕਿ ਇੰਨੇ ਨੂੰ ਰੋਲਾ ਪੈਂਦਾ ਵੇਖ ਅਸੀਂ ਵੀ ਕੋਲ ਪੁੱਜੇ। ਵੇਖਿਆ ਕਿ ਇਕ ਔਰਤ ਨਹਿਰ ’ਚ ਰੁੜ ਰਹੀ ਹੈ, ਅਸੀਂ ਵੀ ਪਾਣੀ ’ਚ ਛਾਲਾਂ ਮਾਰ ਕੇ ਉਸ ਨੂੰ ਸੁਰੱਖਿਅਤ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸ਼ਾਇਦ ਦੇਰ ਹੋ ਚੁੱਕੀ ਸੀ ਕਿਉਂਕਿ ਜਦੋਂ ਤੱਕ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ।
ਸਿਵਲ ਹਸਪਤਾਲ ਦੇ ਮੌਜੂਦ ਡਾਕਟਰ ਡਾ. ਅਮਨ ਨੇ ਕਿਹਾ ਕਿ ਸਾਡੇ ਵੱਲੋਂ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਹਸਪਤਾਲ ਪੁਜਣ ਤੋਂ ਪਹਿਲਾਂ ਹੀ ਉਕਤ ਔਰਤ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਔਰਤ ਦਾ ਨਾਮ ਸਵਰਨਜੀਤ ਕੌਰ ਪਤਨੀ ਪਲਵਿੰਦਰਜੀਤ ਸਿੰਘ ਹੈ, ਜੋ ਪੁਰਾਣਾ ਗੁਰਦਵਾਰਾ ਦੀ ਰਹਿਣ ਵਾਲੀ ਸੀ। ਪੁਲਸ ਨੂੰ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਨੰਗਲ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮ੍ਰਿਤਕ ਸਵਰਨਜੀਤ ਕੌਰ ਮਾਨਸਿਕ ਤੌਰ ’ਤੇ ਬੀਮਾਰ ਸੀ, ਜਿਸ ਦਾ ਇਲਾਜ ਵੀ ਚੱਲ ਰਿਹਾ ਸੀ।
ਇਹ ਵੀ ਪੜ੍ਹੋ: ਨਿਹੰਗ ਪ੍ਰਦੀਪ ਸਿੰਘ ਦੇ ਕਤਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਖੋਲ੍ਹੇਗੀ ਮਰਡਰ ਮਿਸਟ੍ਰੀ ਦੇ ਵੱਡੇ ਰਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।