ਅਣਪਛਾਤੇ ਲੁਟੇਰਿਆਂ ਵਲੋਂ ਏ. ਟੀ. ਐਮ ਤੋੜਨ ਦੀ ਅਸਫਲ ਕੋਸ਼ਿਸ਼

08/22/2017 5:36:32 PM


ਜਾਡਲਾ(ਜਸਵਿੰਦਰ ) - ਬੀਤੀ ਰਾਤ ਕਰੀਬ 2 ਵਜੇ ਪਿੰਡ ਲੰਗੜੋਆ ਵਿਖੇ ਲੁਟੇਰਿਆਂ ਵਲੋਂ ਪੰਜਾਬ ਨੈਸ਼ਨਲ ਬੈਕ ਦਾ ਏ. ਟੀ.ਐਮ ਤੋੜਨ ਦਾ ਯਤਨ ਕੀਤਾ ਗਿਆ ਪਰ ਜਿਸ ਵਿੱਚ ਉਹ ਕਾਮਯਾਬ ਨਾ ਹੋ ਸਕੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਸੁਰਿੰਦਰ ਝੱਲੀ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਇਕ ਸਵਿਫਿਟ ਕਾਰ ਨੰਬਰ ਪੀ.ਬੀ 65 ਵਾਈ 5541 (ਡੁਪਲੀਕੇਟ) ਪੰਜਾਬ ਨੈਸ਼ਨਲ ਬੈਂਕ ਲੰਗੜੋਆ ਦੇ ਏ. ਟੀ. ਐਮ ਅੱਗੇ ਰੁਕੇ ਤਾਂ ਉੱਥੇ ਪਹਿਰਾ ਦੇ ਰਹੇ ਇਕ ਚੌਕੀਦਾਰ ਨੂੰ ਵੇਖਦਿਆਂ ਉਹ ਦੋਆਬਾ ਮੈਡੀਕਲ ਸਟੋਰ ਦੇ ਜਿੰਦਰੇ ਤੋੜਨ ਲੱਗ ਪਏ। ਉਨ੍ਹਾਂ ਦੁਕਾਨ ਅੱਗੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦਾ ਮੂੰਹ ਉਲਟ ਦਿਸ਼ਾ ਵੱਲ ਘੁਮਾ ਦਿੱਤਾ।

ਇਹ ਸਭ ਵੇਖ ਪਹਿਰਾ ਦੇ ਰਹੇ ਚੌਕੀਦਾਰ ਨੇ ਪਿੰਡ ਦੇ ਇਕ ਹੋਰ ਵਿਅਕਤੀ 'ਤੇ ਸਰਪੰਚ ਨੂੰ ਫੋਨ 'ਤੇ ਸੁਚਿਤ ਕਰ ਕੀਤਾ। ਸਰਪੰਚ ਵੱਲੋਂ ਤੁਰੰਤ ਆਰ. ਆਰ. ਪੁਲਸ ਨੂੰ ਫੋਨ ਕਰ ਦਿੱਤਾ। ਮੌਕੇ 'ਤੇ ਪਹੁੰਚੇ ਆਰ. ਆਰ. ਪੁਲਸ ਦੇ ਕਰਮਚਾਰੀਆਂ ਨੇ ਆਪਣੀ ਹਿੰਮਤ ਤੋਂ ਕੰਮ ਲੈਦਿਆਂ ਆਪਣੀ ਗੱਡੀ ਲੁਟੇਰਿਆਂ ਦੀ ਕਾਰ ਅੱਗੇ ਲਗਾ ਦਿੱਤੀ। ਪੁਲਸ ਨੂੰ ਵੇਖਦਿਆਂ ਲੁਟੇਰਿਆਂ ਨੇ ਆਪਣੀ ਕਾਰ ਪੁਲਸ ਦੀ ਗੱਡੀ ਨਾਲ ਟਕਰਾਉਣੀ ਸ਼ੁਰੂ ਕਰ ਦਿੱਤੀ। ਜਦੋਂ ਲੁਟੇਰੇ ਆਪਣੇ ਹਥਿਆਰ ਕੱਢ ਕੇ ਪੁਲਸ ਕਰਮਚਾਰੀਆਂ 'ਤੇ ਹਮਲਾ ਕਰਨ 'ਤੇ ਪੁਲਿਸ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਜੋ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਦੇ ਆਰ-ਪਾਰ ਹੋ ਗਈ। ਗੋਲੀ ਦੀ ਅਵਾਜ ਸੁਣਦਿਆਂ ਅਣਪਛਾਤੇ ਲੁਟੇਰੇ ਆਪਣੀ ਕਾਰ ਅਤੇ ਮੋਬਾਇਲ ਫੋਨ ਛੱਡ ਕੇ ਫਰਾਰ ਹੋ ਗਏ। ਸਰਪੰਚ ਵਲੋਂ ਪੁਲਸ ਪਾਰਟੀ ਅਤੇ ਪਿੰਡ ਦੇ ਹੋਰ ਵਿਅਕਤੀਆਂ ਸਮੇਤ ਪਿੰਡ ਵਿੱਚ ਕਰੀਬ ਚਾਰ ਘੰਟੇ ਲੁਟੇਰਿਆਂ ਦੀ ਭਾਲ ਕੀਤੀ ਗਈ ਪਰ ਹਨੇਰਾ ਹੋਣ ਕਾਰਨ ਲੁਟੇਰੇ ਹੱਥ ਨਾ ਆ ਸਕੇ। ਸਰਪੰਚ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਤਿੰਨ ਸੀ ਜਿਨ੍ਹਾਂ 'ਚੋਂ ਇਕ ਦੀ ਫੋਟੋ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਬੰਧਿਤ ਥਾਣੇ ਦੀ ਪੁਲਸ ਨੂੰ ਫੋਨ ਕਰਨ 'ਤੇ ਇਕ ਘੰਟੇ ਬਾਅਦ ਘਟਨਾ ਵਾਲੇ ਸਥਾਨ 'ਤੇ ਪਹੁੰਚੇ। ਹੁਣ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।


Related News