9ਵੀਂ ਦੀ ਵਿਦਿਆਰਥਣ ਨੂੰ ਭਜਾਉਣ ਵਾਲਾ ਗ੍ਰਿਫਤਾਰ, ਭੇਜਿਆ ਜੇਲ

Wednesday, Sep 13, 2017 - 10:34 AM (IST)


ਮੋਹਾਲੀ (ਰਾਣਾ) - ਸਕੂਲ ਤੋਂ ਬੰਕ ਕਰਵਾ ਕੇ ਇਕ ਲੜਕਾ 9ਵੀਂ ਦੀ ਵਿਦਿਆਰਥਣ ਨੂੰ ਵਰਗਲਾ ਕੇ ਲੈ ਗਿਆ, ਜਿਵੇਂ ਹੀ ਨਾਬਾਲਿਗਾ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸਦੀ ਸ਼ਿਕਾਇਤ ਤੁਰੰਤ ਫੇਜ਼-1 ਥਾਣਾ ਪੁਲਸ ਨੂੰ ਦਿੱਤੀ । ਪੁਲਸ ਨੇ ਮਾਮਲੇ ਵਿਚ ਤੁਰੰਤ ਕਿਡਨੈਪਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ । ਮੁਲਜ਼ਮ ਦੀ ਪਛਾਣ ਚੰਡੀਗੜ੍ਹ ਸਥਿਤ ਧਨਾਸ ਨਿਵਾਸੀ ਸਚਿਨ ਦੇ ਰੂਪ ਵਿਚ ਹੋਈ ਹੈ ।

ਸਕੂਲ ਤੋਂ ਕਰਵਾਇਆ ਬੰਕ  : ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਿਕ ਨਾਬਾਲਿਗਾ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 9ਵੀਂ ਵਿਚ ਪੜ੍ਹਦੀ ਹੈ । ਰੋਜ਼ਾਨਾ ਦੀ ਤਰ੍ਹਾਂ ਉਹ ਘਰੋਂ ਸਕੂਲ ਗਈ ਸੀ ਪਰ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਕਾਫੀ ਸਮਾਂ ਬੀਤ ਗਿਆ ਪਰ ਉਨ੍ਹਾਂ ਦੀ ਲੜਕੀ ਘਰ ਨਹੀਂ ਆਈ, ਜਿਸ ਕਰਕੇ ਉਨ੍ਹਾਂ ਨੂੰ ਉਸਦੀ ਕਾਫ਼ੀ ਚਿੰਤਾ ਹੋਣ ਲੱਗੀ ਤੇ ਉਹ ਉਸਦੇ ਸਕੂਲ ਵਿਚ ਪਤਾ ਕਰਨ ਲਈ ਗਏ ਪਰ ਉਦੋਂ ਤਕ ਸਕੂਲ ਬੰਦ ਹੋ ਚੁੱਕਿਆ ਸੀ । ਉਸ ਤੋਂ ਬਾਅਦ ਉਨ੍ਹਾਂ ਗੁਆਂਢ ਵਿਚ ਪਤਾ ਕੀਤਾ ਪਰ ਉਸਦਾ ਕੁਝ ਪਤਾ ਨਹੀਂ ਲੱਗਾ। ਉਹ ਲੜਕੀ ਦੇ ਕਲਾਸਮੇਟਸ ਤੋਂ ਪੁੱਛਣ ਗਏ ਤਾਂ ਪਤਾ ਲੱਗਾ ਕਿ ਉਹ ਸਕੂਲ ਹੀ ਨਹੀਂ ਆਈ ਸੀ। ਉਸ ਤੋਂ ਬਾਅਦ ਉਹ ਫੇਜ਼-1 ਥਾਣੇ ਵਿਚ ਸ਼ਿਕਾਇਤ ਦੇਣ ਪੁੱਜੇ।

ਇਸ ਤਰ੍ਹਾਂ ਦਬੋਚਿਆ ਮੁਲਜ਼ਮ : ਜਿਵੇਂ ਹੀ ਨਾਬਾਲਿਗਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਥਾਣੇ 'ਚ ਪਹੁੰਚੀ ਤਾਂ ਪੁਲਸ ਉਸੇ ਦੌਰਾਨ ਹਰਕਤ ਵਿਚ ਆ ਗਈ ਤੇ ਨਾਬਾਲਿਗਾ ਦੀ ਭਾਲ ਵਿਚ ਹਰ ਜਗ੍ਹਾ ਛਾਪੇਮਾਰੀ ਕੀਤੀ ਗਈ ਪਰ ਨਾਬਾਲਿਗਾ ਦਾ ਕੋਈ ਸੁਰਾਗ ਨਹੀਂ ਲੱਗਾ, ਜਿਸ ਤੋਂ ਬਾਅਦ ਪੁਲਸ ਨੇ ਮੋਹਾਲੀ ਤੇ ਚੰਡੀਗੜ੍ਹ ਬੱਸ ਸਟੈਂਡ ਉੱਤੇ ਵੀ ਰੇਡ ਕੀਤੀ ਪਰ ਉਥੋਂ ਵੀ ਉਨ੍ਹਾਂ ਨੂੰ ਖਾਲੀ ਹੱਥ ਹੀ ਪਰਤਣਾ ਪਿਆ। ਫਿਰ ਪੁਲਸ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਜੀ. ਆਰ. ਪੀ. ਪੁਲਸ ਨੂੰ ਫੋਨ ਕਰਕੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਇਕ ਨਾਬਾਲਿਗਾ ਲੜਕੀ ਨੂੰ ਇਕ ਲੜਕਾ ਭਜਾ ਕੇ ਲੈ ਗਿਆ, ਜਿਸ ਤੋਂ ਬਾਅਦ ਜੀ. ਆਰ. ਪੀ. ਪੁਲਸ ਨੂੰ ਮੋਹਾਲੀ ਪੁਲਸ ਨੇ ਨਾਬਾਲਿਗਾ ਦੀ ਫੋਟੋ ਵੀ ਵਟਸਐਪ ਰਾਹੀਂ ਭੇਜ ਦਿੱਤੀ। ਜੀ. ਆਰ. ਪੀ. ਪੁਲਸ ਨੇ ਫੋਟੋ ਰਾਹੀਂ ਨਾਬਾਲਿਗਾ ਨੂੰ ਉਸੇ ਰਾਤ ਆਪਣੀ ਹਿਰਾਸਤ ਵਿਚ ਲਿਆ ਅਤੇ ਮੋਹਾਲੀ ਪੁਲਸ ਨੂੰ ਸੂਚਿਤ ਕਰਕੇ ਮੁਲਜ਼ਮ ਲੜਕੇ ਤੇ ਨਾਬਾਲਿਗਾ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ।


Related News