YFC ਰੁੜਕਾ ਕਲਾਂ ਦੀ 9ਵੀਂ ਐਜੂਕੇਸ਼ਨ ਲੀਗ ਦਾ ਹੋਇਆ ਯਾਦਗਾਰੀ ਸਮਾਪਤੀ ਸਮਾਰੋਹ

02/19/2020 12:18:48 AM

ਜਲੰਧਰ (ਜ. ਬ.)- ਪੰਜਾਬ ਦੀ ਨਾਮਵਰ ਅਤੇ ਲੋਕ ਭਲਾਈ ਸੰਸਥਾ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਪੰਚਾਇਤ, ਪ੍ਰਵਾਸੀ ਭਾਰਤੀਆਂ, ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈ ਗਈ 9ਵੀਂ ਐਜੂਕੁਸ਼ੇਨਲ ਫੁੱਟਬਾਲ ਅਤੇ ਕਬੱਡੀ ਲੀਗ ਦਾ ਸਮਾਪਤੀ ਸਮਾਰੋਹ ਯਾਦਗਾਰੀ ਹੋ ਨਿੱਬੜਿਆ। ਇਸ 'ਚ ਹੋਏ ਵੱਡੇ ਦਰਸ਼ਕਾਂ ਇਕੱਠ ਕਾਰਣ ਇਸ ਟੂਰਨਾਮੈਂਟ ਦਾ ਨਾਮ ਪੰਜਾਬ ਦੇ ਚੋਟੀ ਦੇ ਟੂਰਨਾਮੈਟਾਂ 'ਚ ਸ਼ਾਮਲ ਹੋ ਗਿਆ ਹੈ।
ਸਮਾਪਤੀ ਦੇ ਦਿਨ ਪਹਿਲਾਂ ਫੁੱਟਬਾਲ ਉਮਰ ਵਰਗ 14 ਸਾਲ ਦੇ ਮੈਚ 'ਚ ਰੁੜਕਾ ਕਲਾਂ ਨੇ ਅਟਾਰੀ ਨੂੰ ਹਰਾ ਕੇ ਲੀਗ 'ਚ ਪਹਿਲਾ ਸਥਾਨ ਹਾਸਲ ਕੀਤਾ। ਰੁੜਕਾ ਕਲਾਂ ਦੀਆਂ 16 ਸਾਲ ਦੀਆਂ ਟੀਮਾਂ 'ਚ ਸ਼ੋਅ ਮੈਚ ਵੀ ਕਰਵਾਇਆ ਗਿਆ। ਵਾਈ. ਐੱਫ. ਸੀ. ਦੇ ਸੈਂਟਰ ਜੌਹਲਾਂ ਅਤੇ ਬੁੰਡਾਲਾ ਦੇ ਛੋਟੇ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਕਬੱਡੀ ਕੱਪ ਲਈ ਮੇਜਰ ਕਬੱਡੀ ਲੀਗ ਦੀਆਂ ਚੋਟੀ ਦੀਆਂ 8 ਟੀਮਾਂ ਦੇ ਭੇੜ ਹੋਏ, ਜਿਸ 'ਚ ਬੇ ਆਫ ਪੈਨਲਟੀ ਨਿਊਜ਼ੀਲੈਂਡ ਦੀ ਟੀਮ ਨੇ ਸ਼ਾਹਕੋਟ ਲਾਈਨਜ਼ ਨੂੰ ਫਾਈਨਲ 'ਚ ਹਰਾ ਕੇ 2.50 ਲੱਖ ਦਾ ਇਨਾਮ ਜਿੱਤਿਆ। ਬੈਸਟ ਰੇਡਰਾਂ ਅਤੇ ਜਾਫੀਆਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ 'ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਬੁਲੇਟ ਮੋਟਰਸਾਈਕਲਾਂ ਅਤੇ ਲੱਖਾਂ ਦੀ ਨਕਦ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਗਿਆ। ਐਜੂਕੇਸ਼ਨਲ ਲੀਗ 'ਚ ਵਧੀਆ ਖੇਡਣ ਵਾਲੇ ਵਾਈ. ਐੱਫ. ਸੀ. ਦੇ ਵੱਖ-ਵੱਖ ਸੈਂਟਰਾਂ ਦੇ ਲੜਕੇ ਅਤੇ ਲੜਕੀਆਂ ਨੂੰ 30 ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ 40 ਸੈਂਟਰਾਂ ਦੇ ਲਗਭਗ 1500 ਬੱਚਿਆਂ ਦਾ ਮਾਰਚ ਪਾਸਟ ਵੀ ਖਿੱਚ ਦਾ ਕੇਂਦਰ ਰਿਹਾ।
ਇਸ ਸਮਾਰੋਹ ਵਿਚ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਅਤੇ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਾਈ. ਐੈੱਫ. ਸੀ. ਵਲੋਂ ਬੱਚਿਆਂ ਅਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ  ਪਿੰਡ ਰੁੜਕਾ ਕਲਾਂ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਅਮਰੀਕਾ ਤੋਂ ਸਤਨਾਮ ਸਿੰਘ ਸੰਧੂ (ਸੰਧੂ ਬ੍ਰਦਰਜ਼) ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਵਾਈ. ਐੱਫ. ਸੀ. ਨੂੰ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਅੰਤ ਵਿਚ ਕਰਨ ਔਜਲਾ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।


Gurdeep Singh

Content Editor

Related News