ਪੰਜਾਬ ਦੀਆਂ ਮੰਡੀਆਂ ’ਚ ਹੁਣ ਤੱਕ ਪੁੱਜੀ ਕਣਕ ’ਚੋਂ 98 ਫੀਸਦੀ ਦੀ ਖਰੀਦ ਮੁਕੰਮਲ
Sunday, May 03, 2020 - 08:35 PM (IST)
ਚੰਡੀਗੜ੍ਹ, (ਅਸ਼ਵਨੀ)- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸੂਬੇ ’ਚ ਕਰਫਿਊ ਦੇ ਚੁਣੌਤੀਪੂਰਨ ਸਮੇਂ ਦੇ ਬਾਵਜੂਦ ਹੁਣ ਤੱਕ ਮੰਡੀਆਂ ’ਚ ਪੁੱਜੀ ਕਣਕ ਦੀ 98 ਫੀਸਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਾਜੀਤ ਖੰਨਾ ਨੇ ਦੱਸਿਆ ਕਿ ਸੂਬਾ ਭਰ ਦੀਆਂ ਮੰਡੀਆਂ ’ਚ ਹੁਣ ਤੱਕ 86.90 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ’ਚੋਂ 85.28 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਸੂਬੇ ਨੇ ਕਣਕ ਦੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋਣ ਦੇ 18 ਦਿਨਾਂ ਦੇ ਸਮੇਂ ’ਚ ਕੁੱਲ ਅਨੁਮਾਨਿਤ 135 ਲੱਖ ਮੀਟਰਕ ਟਨ ’ਚੋਂ 65 ਫੀਸਦੀ ਖਰੀਦ ਮੁਕੰਮਲ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਾਰੇ ਜ਼ਿਲਿਆਂ ’ਚੋਂ ਸੰਗਰੂਰ ਜ਼ਿਲੇ ’ਚ ਸਭ ਤੋਂ ਵੱਧ 8.16 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜੋ ਸੂਬੇ ’ਚ ਹੁਣ ਤੱਕ ਪਹੁੰਚੀ ਕੁੱਲ ਕਣਕ ਦਾ ਲਗਭਗ 10 ਫੀਸਦੀ ਬਣਦੀ ਹੈ, ’ਚੋਂ 8.05 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਵੀ ਜਾ ਚੁੱਕੀ ਹੈ। ਇਸ ਤੋਂ ਬਾਅਦ ਪਟਿਆਲਾ ਅਤੇ ਬਠਿੰਡਾ ’ਚ ਕ੍ਰਮਵਾਰ 6.87 ਲੱਖ ਮੀਟ੍ਰਿਕ ਟਨ ਅਤੇ 6.80 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ।
ਸੂਬੇ ਦੀਆਂ ਮੰਡੀਆਂ ’ਚ ਕਣਕ ਦੀ ਪੜਾਅਵਾਰ ਆਮਦ ਦੇ ਬਾਵਜੂਦ ਖੰਨਾ ਨੇ ਦੱਸਿਆ ਕਿ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਕੋਵਿਡ-19 ਦੇ ਮੱਦੇਨਜ਼ਰ ਕਣਕ ਦੀ ਆਮਦ ਬੇਸ਼ੱਕ ਥੋੜੀ ਘੱਟ ਹੈ ਪਰ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਦਿਆਂ ਕਣਕ ਦੀ ਆਮਦ ਦੀ ਗਤੀ ਨੂੰ ਪਾਸ ਪ੍ਰਣਾਲੀ ਰਾਹੀਂ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਨਿਰਵਿਘਨ ਖਰੀਦ ਦੇ ਨਾਲ-ਨਾਲ ਹਾੜੀ ਦੇ ਮੰਡੀਕਰਨ ਸੀਜ਼ਨ ਦੌਰਾਨ ਸਾਰੀਆਂ ਧਿਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਵਧੀਕ ਮੁੱਖ ਸਕੱਤਰ ਨੇ ਖੁਲਾਸਾ ਕੀਤਾ ਕਿ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਵਲੋਂ ਹੁਣ ਤੱਕ ਕਿਸਾਨਾਂ ਨੂੰ ਆੜ੍ਹਤੀਆਂ ਰਾਹੀਂ 11.17 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ।