ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਣ 9 ਦੀ ਮੌਤ, 155 ਪਾਜ਼ੇਟਿਵ
Friday, Oct 02, 2020 - 03:01 AM (IST)
ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਦੇ ਕੇਸ ਵਿਚ ਜ਼ਿਲਾ ਪ੍ਰਸ਼ਾਸਨ ਲਈ ਇਹ ਰਾਹਤ ਭਰੀ ਖ਼ਬਰ ਹੈ ਕਿ ਮਰੀਜ਼ਾਂ ਦਾ ਗ੍ਰਾਫ ਤੇਜ਼ੀ ਨਾਲ ਥੱਲੇ ਆ ਰਿਹਾ ਹੈ। ਨਾਲ ਹੀ ਨਾਲ ਮ੍ਰਿਤਕ ਮਰੀਜ਼ਾਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਮਰੀਜ਼ਾਂ ਦਾ ਰਿਕਵਰੀ ਰੇਟ 90.40 ਫੀਸਦੀ ਤੱਕ ਪੁੱਜ ਗਿਆ ਹੈ ਪਰ ਦੂਜੇ ਪਾਸੇ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਸਾਰੇ ਲੋਕ ਸਾਵਧਾਨ ਰਹਿਣ ਕਿਉਂਕਿ ਇਹ ਪੀਕ ਸੀਜ਼ਨ ਚੱਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਖਤਰਾ ਬਰਕਰਾਰ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਖਤੀ ਨਾਲ ਨਿਯਮਾਂ ਦੀ ਪਾਲਣਾ ਕਰਨ। ਬਿਨਾਂ ਮਾਸਕ ਦੇ ਘਰੋਂ ਬਾਹਰ ਨਾ ਨਿਕਲਣ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਅਤੇ ਸਾਫ-ਸਫਾਈ ਦਾ ਧਿਆਨ ਰੱਖਣ।
ਜ਼ਿਲੇ ਦੇ ਹਸਪਤਾਲਾਂ ਅੱਜ ਵਿਚ 155 ਨਵੇਂ ਮਰੀਜ਼ ਸਾਹਮਣੇ ਆਏ, ਜਦੋਂਕਿ ਇਨ੍ਹਾਂ ਵਿਚੋਂ 9 ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਮੁਤਾਬਕ ਇਨ੍ਹਾਂ 155 ਵਿਅਕਤੀਆਂ ਵਿਚੋਂ 129 ਜ਼ਿਲੇ ਦੇ ਰਹਿਣ ਵਾਲੇ, ਜਦੋਂਕਿ 26 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਜਿਨ੍ਹਾਂ 9 ਵਿਅਕਤੀਆਂ ਦੀ ਮੌਤ ਹੋਈ ਹੈ, 3 ਹੀ ਜ਼ਿਲੇ ਨਾਲ ਸੰਬਧਤ ਹਨ, ਜਦੋਂਕਿ 6 ਦੂਜੇ ਜ਼ਿਲਿਆਂ ਆਦਿ ਦੇ ਰਹਿਣ ਵਾਲੇ ਹਨ। ਹੁਣ ਤੱਕ ਮਹਾਨਗਰ ਵਿਚ 18,087 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 744 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2250 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ, ਜੋ ਸਥਾਨਕ ਹਸਪਤਾਲਾਂ ਵਿਚ ਇਲਾਜ ਕਰਵਾਉਣ ਆਏ ਸਨ, ਇਨ੍ਹਾਂ ਵਿਚੋਂ 253 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 16,352 ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 988 ਰਹਿ ਗਈ ਹੈ।
ਸਰਕਾਰੀ ਹਸਪਤਾਲਾਂ ’ਚ 71 ਮਰੀਜ਼, ਨਿੱਜੀ ਹਸਪਤਾਲਾਂ ’ਚ 392
ਸਿਹਤ ਅਧਿਕਾਰੀਆਂ ਮੁਤਾਬਕ ਸਰਕਾਰੀ ਹਸਪਤਾਲਾਂ ਵਿਚ ਮੌਜੂਦਾ ਵਿਚ 71 ਮਰੀਜ਼ ਰਹਿ ਗਏ ਹਨ, ਜਿਨ੍ਹਾਂ ਵਿਚ ਤਿੰਨ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ, ਜਦੋਂਕਿ ਨਿੱਜੀ ਹਸਪਤਾਲਾਂ ਵਿਚ 392 ਮਰੀਜ਼ ਜ਼ੇਰੇ ਇਲਾਜ ਹਨ। ਇਨ੍ਹਾਂ ਵਿਚ ਇਕ ਤਾਂ 72 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਜਿੱਥੋਂ ਤੱਕ ਸਰਕਾਰੀ ਆਈਸੋਲੇਸ਼ਨ ਸੈਂਟਰਾਂ ਦਾ ਸਵਾਲ ਹੈ, ਉਥੇ ਸਿਰਫ 3 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂਕਿ ਨਿੱਜੀ ਆਈਸੋਲੇਸ਼ਨ ਸੈਂਟਰਾਂ ਵਿਚ 172 ਮਰੀਜ਼ ਜ਼ੇਰੇ ਇਲਾਜ ਹਨ। ਜ਼ਿਲੇ ਵਿਚ 2 ਮਰੀਜ਼ਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ ਲੱਗਾ ਹੈ। ਇਨ੍ਹਾਂ ਵਿਚੋਂ 15 ਮਰੀਜ਼ ਜ਼ਿਲੇ ਦੇ ਰਹਿਣ ਵਾਲੇ, ਜਦੋਂਕਿ 11 ਮਰੀਜ਼ ਦੂਜੇ ਜ਼ਿਲਿਆਂ ਜਾਂ ਰਾਜਾਂ ਨਾਲ ਸਬੰਧਤ ਹਨ।
5009 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਨੇ ਅੱਜ 5009 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1751 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਚੱਲ ਰਹੀ ਹੈ।
203 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 203 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ, ਜਦੋਂਕਿ 3546 ਮਰੀਜ਼ ਫਾਰਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਸਿਵਲ ਸਰਜਨ ਨੇ ਕਿਹਾ ਕਿ ਵਿਭਾਗ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੋਣ ਦੇਣਾ ਚਾਹੁੰਦਾ। ਉਹ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ।
ਲੱਛਣ ਸਾਹਮਣੇ ਆਉਂਦੇ ਹੀ ਕਰਵਾਓ ਜਾਂਚ
ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਉਂਦੇ ਜਾਂ ਸ਼ੱਕ ਹੋਣ ’ਤੇ ਤੁੰਰਤ ਆਪਣੀ ਜਾਂਚ ਕਰਵਾਉਣ ਕਿਉਂਕਿ ਜਾਂਚ ਵਿਚ ਦੇਰ ਹੋਣ ਨਾਲ ਮਰੀਜ਼ ਦੀ ਹਾਲਤ ਗੰਭੀਰ ਹੋ ਸਕਦੀ ਹੈ।
ਘਰਾਂ ’ਚ ਰਹਿਣ ਵਾਲੇ ਮਰੀਜ਼ ਤੇਜ਼ੀ ਨਾਲ ਠੀਕ ਹੋਏ
ਸ਼ਹਿਰ ਦੇ ਕਈ ਮਾਹਿਰਾਂ ਨੇ ਆਪਣੀ ਰਾਏ ਪੇਸ਼ ਕਰਦਿਆਂ ਕਿਹਾ ਕਿ ਕੋਰੋਨਾ ਦੇ ਉਹ ਮਰੀਜ਼, ਜਿਨ੍ਹਾਂ ਵਿਚ ਗੰਭੀਰ ਲੱਛਣ ਨਹੀਂ ਹਨ, ਹਸਪਤਾਲਾਂ ਦੀ ਬਜਾਏ ਘਰਾਂ ਵਿਚ ਜਲਦੀ ਠੀਕ ਹੋਏ। ਉਨ੍ਹਾਂ ਕਿਹਾ ਕਿ ਇਹੀ ਇਕ ਕਾਰਨ ਸੀ ਕਿ ਸਰਕਾਰ ਨੇ ਨਿਯਮਾਂ ਵਿਚ ਢਿੱਲ ਦਿੰਦੇ ਹੋਏ ਅਸਿੰਪਟੋਮੈਟਿਕ ਮਰੀਜ਼ਾਂ ਨੂੰ ਘਰਾਂ ਵਿਚ ਰਹਿਣ ਵਿਚ ਢਿੱਲ ਦੇ ਦਿੱਤੀ। ਕਈ ਠੀਕ ਹੋ ਚੁੱਕੇ ਮਰੀਜ਼ਾਂ ਨੇ ਦੱਸਿਆ ਕਿ ਜਦੋਂ ਤੱਕ ਉਹ ਹਸਪਤਾਲ ਵਿਚ ਰਹੇ, ਡਰਦੇ ਰਹੇ। ਡਾਕਟਰ ਵੀ ਉਨ੍ਹਾਂ ਤੋਂ ਦੂਰੋਂ ਹੀ ਹਾਲ-ਚਾਲ ਪੁੱਛਦੇ ਰਹੇ। ਬਹੁਤ ਵਾਰ ਤਾਂ ਜੂਨੀਅਰ ਡਾਕਟਰ ਹੀ ਉਨ੍ਹਾਂ ਨੂੰ ਦੇਖਣ ਲਈ ਆਉਂਦੇ ਸਨ ਪਰ ਜਦੋਂ ਘਰ ਪੁੱਜੇ ਜਾਂ ਉਨ੍ਹਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਉਹ ਆਪਣੇ ਪਰਿਵਾਰ ਵਿਚ ਜਲਦੀ ਸਿਹਤਮੰਦ ਮਹਿਸੂਸ ਕਰਨ ਲੱਗੇ।
ਪੰਜਾਬ ’ਚ ਵੀ ਘਟਿਆ ਮਰੀਜ਼ਾਂ ਦਾ ਗ੍ਰਾਫ
ਪੰਜਾਬ ਵਿਚ ਵੀ ਮਰੀਜ਼ਾਂ ਦਾ ਗ੍ਰਾਫ ਪਹਿਲਾਂ ਤੋਂ ਕਾਫੀ ਥੱਲੇ ਆ ਗਿਆ ਹੈ ਅਤੇ ਸੂਬੇ ਵਿਚ ਅੱਜ 1317 ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚੋਂ 45 ਦੀ ਮੌਤ ਹੋ ਗਈ। ਪੰਜਾਬ ਵਿਚ 11,5151 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 3451 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰਾਜ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਅੱਜ 2271 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਡਿਸਚਾਰਜ ਕੀਤਾ ਗਿਆ ਹੈ। ਹੁਣ ਤੱਕ 95,937 ਮਰੀਜ਼ ਠੀਕ ਹੋ ਚੁੱਕੇ ਹਨ। ਵੱਖ-ਵੱਖ ਜ਼ਿਲਿਆਂ ਵਿਚ ਅੱਜ 332 ਮਰੀਜ਼ਾਂ ਨੂੰ ਆਕਸੀਜ਼ਨ ਸਪੋਰਟ ਕਰ ਕੇ ਰੱਖਿਆ ਗਿਆ, ਜਦੋਂਕਿ 63 ਮਰੀਜ਼ਾਂ ਨੂੰ ਹਾਲਤ ਗੰਭੀਰ ਹੋਣ ’ਤੇ ਵੈਂਟੀਲੇਟਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ 30,932 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਸੂਬੇ ਵਿਚ ਇਸ ਸਮੇਂ 15,763 ਐਕਟਿਵ ਮਰੀਜ਼ ਰਹਿ ਗਏ ਹਨ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ :
ਇਲਾਕਾ ਉਮਰ/ਲਿੰਗ ਹਸਪਤਾਲ
ਸੀ. ਐੱਮ. ਸੀ. ਦੇ ਕੋਲ 85 ਸਾਲਾ ਮਹਿਲਾ ਸੀ. ਐੱਮ. ਸੀ.
ਮਾਡਲ ਟਾਊਨ 93 ਸਾਲਾ ਪੁਰਸ਼ ਕ੍ਰਿਸ਼ਨਾ ਹਸਪਤਾਲ
ਲੱਕੜ ਬਾਜ਼ਾਰ 54 ਸਾਲਾ ਪੁਰਸ਼ ਸਿਵਲ ਹਸਪਤਾਲ