85 ਕਰੋੜ ਦਾ ਗਬਨ : ਮੁਲਜ਼ਮ ਅਧਿਕਾਰੀ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ ਦੀ ਜਾਂਚ ਸ਼ੁਰੂ

Thursday, Aug 25, 2022 - 11:15 PM (IST)

ਜਲੰਧਰ (ਨਰਿੰਦਰ ਮੋਹਨ) : ਟਰਾਂਸਪੋਰਟੇਸ਼ਨ ਟੈਂਡਰ ਘਪਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਸਰਕਾਰ ਨੇ ਉਸ ਅਧਿਕਾਰੀ ਦੇ ਖ਼ਿਲਾਫ਼ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨੇ ਇਸ ਘਪਲੇ ਦੇ ਮਾਸਟਰ ਮਾਈਂਡ ਅਤੇ ਫੂਡ ਸਪਲਾਈ ਵਿਭਾਗ ਦੇ ਮੁਅੱਤਲ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਕਲੀਨ ਚਿੱਟ ਦਿੱਤੀ ਸੀ। ਸਿੰਗਲਾ ਖ਼ਿਲਾਫ਼ 85 ਕਰੋੜ ਰੁਪਏ ਤੋਂ ਵੱਧ ਦੇ ਗਬਨ ਦੀਆਂ ਚਾਰਜਸ਼ੀਟਾਂ ਦਾਖਲ ਹੋ ਚੁੱਕੀਆਂ ਸਨ ਅਤੇ ਉਨ੍ਹਾਂ ਨੂੰ ਸਵੈਇੱਛਤ ਸੇਵਾਮੁਕਤੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਚਾਰਜਸ਼ੀਟਾਂ ਦੇ ਬਾਵਜੂਦ ਉਨ੍ਹਾਂ ਨੂੰ ਤਰੱਕੀ ਦੇਣ ਲਈ ਮਾਲਦਾਰ ਤਿੰਨ-ਤਿੰਨ ਸੀਟਾਂ ਦਿੱਤੀਆਂ ਗਈਆਂ। ਮੌਕਾ ਮਿਲਦੇ ਹੀ ਰਾਕੇਸ਼ ਸਿੰਗਲਾ ਕਲੀਨ ਚਿੱਟ ਲੈ ਕੇ ਵਿਦੇਸ਼ ਦੌੜ ਗਿਆ। ਫੂਡ ਸਪਲਾਈ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਮਾਮਲੇ ’ਚ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਨਵੇਂ ਮਾਮਲੇ ’ਚ ਸਾਬਕਾ ਮੰਤਰੀ ਆਸ਼ੂ ਸਮੇਤ ਕੁਝ ਕਾਂਗਰਸੀ ਨੇਤਾਵਾਂ ’ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਖੁੱਲ੍ਹ ਕੇ ਬੋਲੇ MP ਰਵਨੀਤ ਬਿੱਟੂ, ‘ਆਪ’ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ

ਫੂਡ ਸਪਲਾਈ ਵਿਭਾਗ ਦੇ ਮੁਅੱਤਲ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਰਈਆ ’ਚ ਕਣਕ ਦੀ ਵੰਡ ’ਚ ਬੇਨਿਯਮੀਆਂ ਨਾਲ 10 ਕਰੋੜ ਦੇ ਨੁਕਸਾਨ ਦੇ ਦੋਸ਼ ’ਚ 11 ਅਗਸਤ 2017 ਨੂੰ ਚਾਰਜਸ਼ੀਟ ਦਾਇਰ ਹੋਈ ਸੀ। ਉਸ ਤੋਂ ਬਾਅਦ ਨਵਾਂਸ਼ਹਿਰ ਦੇ ਬੰਗਾ ’ਚ 25 ਕਰੋੜ ਰੁਪਏ ਦਾ ਅਨਾਜ ਘਪਲਾ, ਤਰਨਤਾਰਨ ’ਚ 50 ਕਰੋੜ ਰੁਪਏ ਦੀ ਕਣਕ ਦਾ ਨੁਕਸਾਨ, 22 ਸਤੰਬਰ 2017 ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਦੀ ਪੱਕੀ ਨਾਗਰਿਕਤਾ ਲੈਣ ਦੀ ਚਾਰਜਸ਼ੀਟ, ਜਲੰਧਰ ’ਚ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਹਿੰਦਿਆਂ ਵਿਭਾਗ ਦੀ ਆਮਦਨ ਕਰ ਰਿਟਰਨ ਨਾ ਭਰਨ ਕਾਰਨ ਹੋਏ ਨੁਕਸਾਨ ਦੀ ਚਾਰਜਸ਼ੀਟ ਅਤੇ 61 ਲੱਖ ਦੀ ਕਣਕ ਬਿਨਾਂ ਰਿਲੀਜ਼ ਆਰਡਰਾਂ ਤੋਂ ਵੰਡਣ ਦੇ 6 ਮਾਮਲੇ ਚੱਲ ਰਹੇ ਸਨ। ਵਿਵਾਦਤ ਅਧਿਕਾਰੀ ਰਾਕੇਸ਼ ਸਿੰਗਲਾ ਨੇ ਪ੍ਰੀ-ਮੈਚਿਓਰ ਰਿਟਾਇਰਮੈਂਟ ਲਈ ਅਪਲਾਈ ਕੀਤਾ ਅਤੇ ਨਿਯਮਾਂ ਅਨੁਸਾਰ 3 ਮਹੀਨਿਆਂ ਦੀ ਬੇਸਿਕ ਤਨਖ਼ਾਹ ਰਾਸ਼ੀ 2,85,399 ਰੁਪਏ ਵੀ ਜਮ੍ਹਾ ਕਰਵਾ ਦਿੱਤੀ ਗਈ ਪਰ ਖੁਰਾਕ ਸਪਲਾਈ ਵਿਭਾਗ ਦੇ ਸਕੱਤਰ ਕੇ. ਏ. ਪੀ. ਸਿਨ੍ਹਾ ਨੇ ਚਾਰਜਸ਼ੀਟ ਦੇ ਆਧਾਰ ’ਤੇ ਰਾਕੇਸ਼ ਸਿੰਗਲਾ ਦੀ ਅਰਜ਼ੀ ਰੱਦ ਕਰ ਦਿੱਤੀ। ਇਸ ਦੇ ਬਾਵਜੂਦ ਰਾਕੇਸ਼ ਸਿੰਗਲਾ ਸਰਕਾਰੀ ਨੌਕਰੀ ਦੀ ਪ੍ਰਵਾਹ ਕੀਤੇ ਬਿਨਾਂ ਕੈਨੇਡਾ ਚਲੇ ਗਏ।

ਇਹ ਵੀ ਪੜ੍ਹੋ : ਅਕਾਲੀ ਦਲ ਨੇ 'ਆਪ' ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਡੇਅਰੀ ਕਿਸਾਨਾਂ ਨਾਲ ਕਰ ਰਹੀ ਹੈ ਧੋਖਾ

ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਜਦੋਂ ਭਾਰਤ ਭੂਸ਼ਣ ਆਸ਼ੂ ਫੂਡ ਸਪਲਾਈ ਵਿਭਾਗ ਦੇ ਮੰਤਰੀ ਬਣੇ ਤਾਂ ਰਾਕੇਸ਼ ਸਿੰਗਲਾ ਨੂੰ ਵਾਪਸ ਬੁਲਾ ਲਿਆ ਗਿਆ ਅਤੇ ਉਨ੍ਹਾਂ ਦੀ ਇਕ ਸਾਲ ਦੀ ਗੈਰ-ਹਾਜ਼ਰੀ ਨੂੰ ਕਮਾਈ ਛੁੱਟੀ ’ਚ ਬਦਲ ਕੇ ਸਿੰਗਲਾ ਦੀ ਨੌਕਰੀ ਨੂੰ ਸੁਰੱਖਿਅਤ ਕੀਤਾ ਗਿਆ ਤੇ ਫਿਰ ਉਨ੍ਹਾਂ ਨੂੰ ਲੇਬਰ ਅਤੇ ਟਰਾਂਸਪੋਰਟੇਸ਼ਨ ਵਰਗਾ ਅਹਿਮ ਚਾਰਜ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਸਿੰਗਲਾ ਨੂੰ ਵਿਭਾਗ ਦੀ ਕੇਂਦਰੀ ਵਿਜੀਲੈਂਸ ਕਮੇਟੀ ਦਾ ਮੁਖੀ ਅਤੇ ਲੱਕੜ ਦੇ ਕਰੇਟਾਂ ਦਾ ਚਾਰਜ ਵੀ ਦਿੱਤਾ ਗਿਆ। ਇਸੇ ਦੌਰਾਨ ਸਿੰਗਲਾ ’ਤੇ ਪਲਿੰਥ ਦੇਣ ’ਚ ਭਾਈ-ਭਤੀਜਾਵਾਦ ਆਦਿ ਦੇ ਦੋਸ਼ ਵੀ ਲੱਗੇ ਅਤੇ ਗਬਨ ਦੇ ਵੀ ਦੋਸ਼ ਲੱਗੇ। ਇਸ ਮਾਮਲੇ ’ਚ 16 ਅਗਸਤ 2022 ਨੂੰ ਲੁਧਿਆਣਾ ’ਚ ਕੇਸ ਵੀ ਦਰਜ ਹੋਇਆ।

ਇਹ ਵੀ ਪੜ੍ਹੋ : ਪੰਜਾਬ ਤੋਂ ਬਾਅਦ ਹੁਣ ਹਿਮਾਚਲ ਤੇ ਗੁਜਰਾਤ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੀ ਹੈ 'ਆਪ' : ਪ੍ਰਤਾਪ ਬਾਜਵਾ

ਦਿਲਚਸਪ ਗੱਲ ਇਹ ਵੀ ਹੈ ਕਿ ਸਿੰਗਲਾ ’ਤੇ 6 ਮਾਮਲਿਆਂ ’ਚ ਗਬਨ, ਸਰਕਾਰੀ ਨੁਕਸਾਨ ਦੇ ਦੋਸ਼ ਅਤੇ ਚਾਰਜਸ਼ੀਟ ਸੀ, ਉਸ ਨੂੰ 10 ਜੂਨ 2020 ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ, ਜਿਸ ਦਾ ਭੇਤ ਵੀ ਹੁਣ ਸਾਹਮਣੇ ਆਇਆ ਹੈ। ਇਸ ਸਬੰਧ ’ਚ ਜਦੋਂ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਅਜੇ ਬਹੁਤ ਕੁਝ ਨਿਕਲ ਰਿਹਾ ਹੈ ਅਤੇ ਕੁਝ ਅਧਿਕਾਰੀ ਵੀ ਨਿਸ਼ਾਨੇ ’ਤੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਹੋਰ ਮਾਫੀਆ ਦੇ ਨਾਲ-ਨਾਲ ਫੂਡ ਮਾਫੀਆ ਨੇ ਵੀ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News