80 ਫੀਸਦੀ ਲੋਕ ਕੋਰੋਨਾ ਦੇ ਡਰ ਤੋਂ ਮੁਕਤ, ਨਹੀਂ ਪਾ ਰਹੇ ਮਾਸਕ
Wednesday, Oct 21, 2020 - 02:50 AM (IST)
ਬਾਬਾ ਬਕਾਲਾ ਸਾਹਿਬ,(ਰਾਕੇਸ਼) - ਜ਼ਿਲੇ ਵਿਚ ਕੋਵਿਡ-19 ਦਾ ਕਹਿਰ ਭਾਵੇਂ ਘਟਦਾ ਨਜ਼ਰ ਆ ਰਿਹਾ ਹੈ ਪਰ ਫਿਰ ਵੀ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਲੋਕ ਕੋਰੋਨਾ ਦੇ ਡਰ ਤੋਂ ਮੁਕਤ ਹੋਏ ਨਜ਼ਰ ਆਉਣ ਲੱਗ ਪਏ ਹਨ। ਇਕ ਸਰਵੇਖਣ ਅਨੁਸਾਰ ਦੇਖਿਆ ਗਿਆ ਹੈ ਕਿ ਕੇਵਲ 20 ਫੀਸਦੀ ਹੀ ਲੋਕ ਅਜਿਹੇ ਹਨ, ਜੋ ਅਜੇ ਵੀ ਕੋਰੋਨਾ ਦਾ ਭੈਅ ਰੱਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਦੀ ਵਰਤੋਂ ਕਰ ਰਹੇ ਹਨ, ਜਦਕਿ 80 ਫੀਸਦੀ ਅਜਿਹੇ ਮਰਦ-ਔਰਤਾਂ ਦੇਖੀਆਂ ਗਈਆਂ ਹਨ, ਜੋ ਮਾਸਕ ਦੀ ਵਰਤੋਂ ਨਹੀਂ ਕਰ ਰਹੇ ਹਨ ਅਤੇ ਉਹ ਨਿਡਰ ਹੋ ਕੇ ਆਪਣੇ ਕੰਮ-ਧੰਦਿਆਂ ਵਿਚ ਮਸ਼ਰੂਫ ਹਨ। ਇਸ ਤੋਂ ਇਲਾਵਾ ਅਜਿਹੇ ਲੋਕਾਂ ਵੱਲੋਂ ਜਨਤਕ ਥਾਵਾਂ ’ਤੇ ਵੀ ਬਿਨਾਂ ਮਾਸਕ ਹੀ ਜਾਇਆ ਜਾਂਦਾ ਹੈ।
ਇਹ ਵੀ ਦੇਖਣ ’ਚ ਆਇਆ ਹੈ ਕਿ ਸਰਕਾਰੀ ਅਦਾਰਿਆਂ ’ਚ ਤਾਇਨਾਤ ਕਰਮਚਾਰੀਆਂ ਵੱਲੋਂ ਅਜੇ ਵੀ ਮਾਸਕ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਆਮ ਲੋਕਾਂ ਤੋਂ ਦੂਰੀਆਂ ਵੀ ਬਰਕਰਾਰ ਨਜ਼ਰ ਆ ਰਹੀਆਂ ਹਨ। ਹੁਣ ਜਦਕਿ ਪੰਜਾਬ ਸਰਕਾਰ ਅਤੇ ਸਿਹਤ ਅਧਿਕਾਰੀਆਂ ਅਨੁਸਾਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਘੱਟਦੀ ਜਾ ਰਹੀ ਹੈ ਅਤੇ ਮੌਤ ਦਰ ਵਿਚ ਕਾਫੀ ਗਿਰਾਵਟ ਆ ਚੁੱਕੀ ਹੈ ਪਰ ਦੂਸਰੇ ਪਾਸੇ ਕੁਝ ਵਿਗਿਆਨੀਆਂ ਵੱਲੋਂ ਇਹ ਸੰਕੇਤ ਦਿੱਤੇ ਜਾ ਚੁੱਕੇ ਹਨ ਕਿ ਸਰਦੀ ਦੌਰਾਨ ਇਹ ਕਹਿਰ ਮੁੜ ਪੈਰ ਪਸਾਰ ਸਕਦਾ ਹੈ।