ਰੇਸਰ ਮੋਟਰਸਾਈਕਲ ਵਾਲੇ ਨੇ ਬੁਝਾਇਆ ਘਰ ਦਾ ਚਿਰਾਗ, ਹਾਦਸੇ ''ਚ 8 ਸਾਲਾ ਬੱਚੇ ਦੀ ਮੌਤ

05/10/2022 9:21:03 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਰੇਸਰ ਮੋਟਰਸਾਈਕਲ ਦੀ ਲਪੇਟ ’ਚ ਆਉਣ ਕਾਰਨ ਇਕ ਤੀਸਰੀ ਜਮਾਤ ਵਿਚ ਪੜ੍ਹਦੇ ਅੱਠ ਸਾਲ ਦੇ ਬੱਚੇ ਏਕਮਵੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬੜਾ ਪਿੰਡ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ। ਭਰਤਗੜ੍ਹ ਪੁਲਸ ਚੌਂਕੀ ਦੇ ਇੰਚਾਰਜ ਐੱਸ.ਆਈ. ਅਵਤਾਰ ਸਿੰਘ ਅਤੇ ਜਾਂਚ ਅਧਿਕਾਰੀ ਏ.ਐੱਸ.ਆਈ. ਸੁਸ਼ੀਲ ਕੁਮਾਰ ਅਨੁਸਾਰ ਪੁਲਸ ਨੇ ਘਟਨਾ ਦੇ ਚਸ਼ਮਦੀਦ ਹਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ:  ਫਿਲੌਰ ਵਿਖੇ ਜੱਜ ਦੇ ਸਾਹਮਣੇ ਪਿਸਤੌਲ ਤਾਣ ਬੋਲਿਆ ਨੌਜਵਾਨ, ਸਿਰ ’ਤੇ ਕਫ਼ਨ ਬੰਨ੍ਹ ਕੇ ਆਇਆ ਹਾਂ, ਇਨਸਾਫ਼ ਦਿਓ

ਹਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਸਕੂਲ ਬੱਸ ’ਚੋਂ ਉੱਤਰੇ 4-5 ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਪਿਓ ਸੜਕ ਪਾਰ ਕਰਵਾ ਰਹੇ ਸਨ ਤਾਂ ਇਸ ਦੌਰਾਨ ਕੀਰਤਪੁਰ ਸਾਹਿਬ ਵਾਲੇ ਪਾਸਿਓਂ ਇਕ ਮੋਟਰਸਾਈਕਲ ਰੇਸਰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬਿਨਾਂ ਹਾਰਨ ਦਿੱਤੇ ਆਇਆ। ਜਿਸ ਨੇ ਸੜਕ ਪਾਰ ਕਰਦੇ ਬੱਚੇ ਏਕਮਵੀਰ (8) ਪੁੱਤਰ ਗੁਰਨਾਮ ਸਿੰਘ ਵਾਸੀ ਬੜਾ ਪਿੰਡ ਵਿਚ ਮੋਟਰਸਾਈਕਲ ਮਾਰਿਆ, ਜਿਸ ਨਾਲ ਏਕਮਵੀਰ ਦੇ ਸਿਰ ਅਤੇ ਮੂੰਹ ਉਪਰ ਕਾਫ਼ੀ ਸੱਟਾਂ ਲੱਗੀਆਂ। ਏਕਮਵੀਰ ਨੂੰ ਤੁਰੰਤ ਇਲਾਜ ਲਈ ਪਹਿਲਾਂ ਸੀ.ਐੱਚ.ਸੀ ਭਰਤਗੜ੍ਹ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਹਾਲਤ ਗੰਭੀਰ ਹੋਣ ਕਾਰਨ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਨਸ਼ਿਆਂ ਦੇ ਕਹਿਰ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਹੋਈ ਸਖ਼ਤ, ਮੁੱਖ ਮੰਤਰੀ ਨੇ ਚੁੱਕਿਆ ਵੱਡਾ ਕਦਮ

ਹਰਮੇਲ ਸਿੰਘ ਅਨੁਸਾਰ ਹਾਦਸਾ ਹੋਣ ਸਮੇਂ ਮੋਟਰਸਾਈਕਲ ਚਾਲਕ ਵੀ ਡਿੱਗ ਪਿਆ ਸੀ ਅਤੇ ਮੌਕੇ 'ਤੋਂ ਫ਼ਰਾਰ ਹੋ ਗਿਆ। ਮੋਟਰਸਾਈਕਲ ਦਾ ਨੰਬਰ ਐਮ.ਐਚ.02 ਈ ਵਾਈ 7696 ਹੈ। ਪੁਲਸ ਨੇ ਹਰਮੇਲ ਸਿੰਘ ਦੇ ਬਿਆਨਾਂ ਦੇ ਅਧਾਰ ਉਪਰ ਉਕਤ ਮੋਟਰਸਾਈਕਲ ਨੰਬਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ  ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ

ਨੋਟ :ਪੰਜਾਬ 'ਚ ਲਗਾਤਾਰ ਵਾਪਰ ਰਹੇ ਸੜਕੀ ਹਾਦਸਿਆਂ ਦਾ ਵੱਡਾ ਕਾਰਨ ਕੀ ਹੈ?


Harnek Seechewal

Content Editor

Related News