ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਕਾਰ ਹੇਠਾਂ ਕੁਚਲੀ ਗਈ 8 ਸਾਲਾ ਬੱਚੀ ਨੇ ਤੋੜਿਆ ਦਮ, ਸਦਮੇ 'ਚ ਪਰਿਵਾਰ
Friday, Nov 11, 2022 - 06:38 PM (IST)
ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਨਸ਼ੇ ’ਚ ਟੱਲੀ ਨੌਜਵਾਨਾਂ ਵੱਲੋਂ ਫੁੱਟਪਾਥ ’ਤੇ ਮਾਂ-ਧੀ ’ਤੇ ਗੱਡੀ ਚੜ੍ਹਾਉਣ ਦੌਰਾਨ ਜ਼ਖ਼ਮੀ ਹੋਈ ਧੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਧੀ ਨਵਿਆ ਨੂੰ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ।
ਉਥੇ ਹੀ ਪੁਲਸ ਨੇ ਮ੍ਰਿਤਕ ਬੇਟੀ ਦੀ ਮਾਂ ਪ੍ਰਿੰਯਕਾ ਕੁਮਾਰੀ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ 304 ਏ ਦੇ ਤਹਿਤ ਮੁਕੱਦਮਾ ਦਰਜ ਕਰਕੇ ਗੱਡੀ ਚਲਾ ਰਹੇ ਦਿੱਲੀ ਦੇ ਸ਼ਾਰਦਾ ਵਾਸੀ ਹਰਸ਼ਿਤ ਸ਼ਰਮਾ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀਆਂ ਚੁਣੌਤੀਆਂ ਦੇ ਬਾਵਜੂਦ ਸੁਖਬੀਰ ਬਾਦਲ ਦੀ ਪਕੜ ਸ਼੍ਰੋਮਣੀ ਕਮੇਟੀ ’ਤੇ ਰਹੀ ਬਰਕਰਾਰ
ਜ਼ਿਕਰਯੋਗ ਹੈ ਕਿ ਨਸ਼ੇ ’ਚ ਟੱਲੀ ਨੌਜਵਾਨਾਂ ਵੱਲੋਂ ਜਲੰਧਰ ਰੇਲਵੇ ਸਟੇਸ਼ਨ ਨੇੜੇ ਮਾਂ-ਧੀ ’ਤੇ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਜਲੰਧਰ ਰੇਲਵੇ ਸਟੇਸ਼ਨ ਦੇ ਸਾਹਮਣੇ 9 ਨਵੰਬਰ ਨੂੰ ਤੜਕੇ 4 ਵਜੇ ਦੇ ਕਰੀਬ ਚਾਰ ਨੌਜਵਾਨ ਕਾਰ ’ਚ ਸ਼ਰਾਬ ਪੀ ਕੇ ਭੰਗੜੇ ਪਾ ਰਹੇ ਸਨ। ਇਸੇ ਦੌਰਾਨ ਇਕ ਮਹਿਲਾ ਆਪਣੀ 8 ਸਾਲਾ ਬੱਚੀ ਨਾਲ ਰਿਕਸ਼ਾ ਲੈਣ ਲਈ ਖੜ੍ਹੀ ਸੀ। ਸ਼ਰਾਬ ਦੇ ਨਸ਼ੇ ’ਚ ਹੁੱਲੜਬਾਜ਼ੀ ਕਰ ਰਹੇ ਉਕਤ ਨੌਜਵਾਨਾਂ ਨੇ ਕਾਰ ਫੁੱਟਪਾਥ ’ਤੇ ਮਾਂ-ਧੀ ’ਤੇ ਚੜ੍ਹਾ ਦਿੱਤੀ। ਇਸ ਹਾਦਸੇ ’ਚ ਮਾਂ ਤਾਂ ਬੱਚ ਗਈ ਪਰ ਉਸ ਦੀ 8 ਸਾਲਾ ਬੱਚੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਉਥੇ ਚੀਕ-ਚਿਹਾੜਾ ਮਚ ਗਿਆ। ਨਾਲ ਹੀ ਖੜ੍ਹਾ ਇਕ ਵਿਅਕਤੀ ਤੁਰੰਤ ਆਪਣੀ ਕਾਰ ਵਿਚ ਮਾਂ-ਬੇਟੀ ਨੂੰ ਸਿਵਲ ਹਸਪਤਾਲ ਲੈ ਗਿਆ। ਔਰਤ ਦਾ ਨਾਂ ਪ੍ਰਿੰਯਕਾ ਅਤੇ ਬੇਟੀ ਦਾ ਨਾਂ ਨਵਿਆ ਦੱਸਿਆ ਜਾ ਰਿਹਾ ਹੈ, ਜੋ ਆਰਮੀ ਦੇ ਕੁਆਰਟਰ ਵਿਚ ਰਹਿੰਦੀਆਂ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਸ਼ੀਤਲ ਵਿਜ, ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੇ ਘਰਾਂ 'ਚ ਆਮਦਨ ਟੈਕਸ ਵਿਭਾਗ ਦੀ ਰੇਡ ਜਾਰੀ
ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਮੌਕੇ ਤੋਂ ਕਾਰ ਅਤੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਸੀ ਜਦਕਿ ਉਸ ਦੇ ਹੋਰ ਸਾਥੀ ਫ਼ਰਾਰ ਹੋ ਗਏ। ਸੂਚਨਾ ਮੁਤਾਬਕ ਬੱਚੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ ਅਤੇ ਸਿਰ ’ਤੇ ਵੀ ਡੂੰਘੀਆਂ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਬੱਚੀ ਦੀ ਹਾਲਤ ਕਾਫ਼ੀ ਗੰਭੀਰ ਸੀ ਅਤੇ ਉਹ ਬਿਆਨ ਦੇਣ ਦੇ ਯੋਗ ਨਹੀਂ ਸੀ। ਉਥੇ ਹੀ ਦੂਜੇ ਪਾਸੇ ਘਟਨਾ ਸਟੇਸ਼ਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ। ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਕਾਰ ਵਿਚ ਹੁੱਲੜਬਾਜ਼ੀ ਕਰ ਰਹੇ ਸਾਰੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ। ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਧਾਰਾ 279, 337, 338 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਕਈ ਅਹਿਮ ਮਤੇ ਪਾਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।