ਚੋਣਾਂ ਦੌਰਾਨ 8,890 ਕਰੋੜ ਰੁਪਏ ਦੀ ਨਕਦੀ, ਡਰੱਗ ਅਤੇ ਹੋਰ ਸਮੱਗਰੀ ਜ਼ਬਤ

05/19/2024 9:34:15 AM

ਨਵੀਂ ਦਿੱਲੀ (ਯੂ.ਐੱਨ.ਆਈ.) - ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੀ ਚੱਲ ਰਹੀ ਚੋਣ ਪ੍ਰਕਿਰਿਆ ਨੂੰ ਪੈਸੇ ਦੇ ਲਾਲਚ ਤੋਂ ਮੁਕਤ ਰੱਖਣ ਦੀ ਕੋਸ਼ਿਸ਼ ਦੇ ਤਹਿਤ ਦੇਸ਼ ਵਿਚ ਹੁਣ ਤੱਕ ਕੁੱਲ 8,890 ਕਰੋੜ ਰੁਪਏ ਦੀ ਨਕਦੀ ਅਤੇ ਹੋਰ ਸਮੱਗਰੀ ਜ਼ਬਤ ਕੀਤੀ ਗਈ ਹੈ। ਕਮਿਸ਼ਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਸਦੀ ਚੌਕਸੀ ਕਾਰਨ ਹੁਣ ਤੱਕ 849.15 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਮਹਿੰਗੀਆਂ ਧਾਤਾਂ ਅਤੇ ਤੋਹਫ਼ੇ ਵਾਲੀਆਂ ਵਸਤਾਂ ਸਮੇਤ ਕੁੱਲ 8889.74 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।

ਕਮਿਸ਼ਨ ਨੇ ਕਿਹਾ ਹੈ ਕਿ ਇਹ ਜ਼ਬਤੀ ਛੇਤੀ ਹੀ 9,000 ਕਰੋੜ ਰੁਪਏ ਤੋਂ ਉਪਰ ਪਹੁੰਚ ਸਕਦੀ ਹੈ। ਜ਼ਬਤ ਕੀਤੀਆਂ ਗਈਆਂ ਕੁੱਲ ਵਸਤੂਆਂ ਅਤੇ ਨਕਦੀ ਦਾ 45 ਫੀਸਦੀ ਹਿੱਸਾ ਵੱਖ-ਵੱਖ ਨਸ਼ੀਲੇ ਪਦਾਰਥਾਂ (ਡਰੱਗ) ਦਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਸੂਚਨਾ ਦੇ ਆਧਾਰ ’ਤੇ ਤਾਲਮੇਲ ਵਾਲੀ ਕਾਰਵਾਈ ਅਤੇ ਲਗਾਤਾਰ ਚੌਕਸੀ ਕਾਰਨ ਇਸ ਵਾਰ ਚੋਣਾਂ ਦੌਰਾਨ ਜ਼ਬਤ ਕੀਤੀ ਗਈ ਨਕਦੀ ਅਤੇ ਹੋਰ ਸਮੱਗਰੀ ਦੀ ਕੀਮਤ ਬੇਮਿਸਾਲ ਹੈ।

ਬਿਆਨ ਦੇ ਅਨੁਸਾਰ ਸੱਤ ਪੜਾਵਾਂ ਵਿਚ ਕਰਾਈਆਂ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਹੁਣ ਤੱਕ 814.85 ਕਰੋੜ ਰੁਪਏ ਦੀ 5,39,74,193.43 ਲੀਟਰ ਸ਼ਰਾਬ, 3958.85 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ, 1260.33 ਕਰੋੜ ਰੁਪਏ ਦੀਆਂ ਕੀਮਤੀ ਧਾਤਾਂ ਅਤੇ 2006.56 ਕਰੋੜ ਰੁਪਏ ਦੀਆਂ ਮੁਫ਼ਤ ਵੰਡੀਆਂ ਜਾਣ ਵਾਲੀਆਂ ਵਸਤਾਂ ਸ਼ਾਮਿਲ ਹਨ। ਲੋਕ ਸਭਾ ਚੋਣਾਂ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਉੜੀਸਾ ਅਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਵੀ ਕਰਵਾਈਆਂ ਜਾ ਰਹੀਆਂ ਹਨ। ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਰਨਾਟਕ ਵਿਚ ਸਭ ਤੋਂ ਵੱਧ 92 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ ਅਤੇ ਸਭ ਤੋਂ ਵੱਧ 1.47 ਕਰੋੜ ਲੀਟਰ ਤੋਂ ਵੱਧ ਸ਼ਰਾਬ ਕਰਨਾਟਕ ਵਿਚ ਹੀ ਜ਼ਬਤ ਕੀਤੀ ਗਈ ਹੈ।

3 ਆਪਰੇਸ਼ਨਜ਼ ’ਚ 892 ਕਰੋੜ ਰੁਪਏ ਦੀ ਡਰੱਗਜ਼ ਫੜੀ ਗਈ

ਗੁਜਰਾਤ ਏ.ਟੀ.ਸੀ., ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਅਤੇ ਇੰਡੀਅਨ ਕੋਸਟ ਗਾਰਡ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਸਿਰਫ਼ 3 ਦਿਨਾਂ ਵਿਚ 892 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।

ਪਹਿਲੀ ਮੁਹਿੰਮ ਵਿਚ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨੀ ਫਿਸ਼ਿੰਗ ਬੋਰਡ ਅਲਰਾਜਾ ਨੂੰ ਫੜਿਆ, ਜਿਸ ਵਿਚ 14 ਪਾਕਿਸਤਾਨੀ ਸਵਾਰ ਸਨ। ਗੁਜਰਾਤ ਏ.ਟੀ.ਐਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ 78 ਬਕਸਿਆਂ ਵਿਚ ਪੈਕ 86 ਕਿਲੋ ਹੈਰੋਇਨ ਜ਼ਬਤ ਕੀਤੀ ਗਈ। ਇਸ ਦੀ ਕੀਮਤ 602 ਕਰੋੜ ਰੁਪਏ ਹੈ। ਫੜੇ ਗਏ ਨਸ਼ੀਲੇ ਪਦਾਰਥਾਂ ਅਤੇ ਸਮੱਗਲਰਾਂ ਨੂੰ ਪੋਰਬੰਦਰ ਲਿਆਂਦਾ ਗਿਆ ਹੈ ਅਤੇ ਇਸ ਮਾਮਲੇ ਵਿਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਕ ਹੋਰ ਖੁਫੀਆ ਸੂਚਨਾ ਦੇ ਆਧਾਰ ’ਤੇ ਏ.ਟੀ.ਐੱਸ ਗੁਜਰਾਤ ਅਤੇ ਐੱਨ.ਸੀ.ਬੀ ਮੈਫੀਡ੍ਰੋਨ ਨਾਮ ਦੀ ਨਸ਼ੀਲੀ ਦਵਾਈ ਬਰਾਮਦ ਕੀਤੀ ਹੈ। ਇਹ ਬਰਾਮਦਗੀ 27 ਅਪ੍ਰੈਲ ਨੂੰ ਗੁਜਰਾਤ ਦੇ ਅਮਰੇਲੀ ਅਤੇ ਗਾਂਧੀਨਗਰ ਅਤੇ ਰਾਜਸਥਾਨ ਦੇ ਸਿਰੋਹੀ ਅਤੇ ਜੋਧਪੁਰ ਵਿਚ ਛਾਪੇਮਾਰੀ ਕਰਕੇ ਕੀਤੀ ਗਈ ਸੀ। ਇਸ ਕਾਰਵਾਈ ਦੌਰਾਨ 10 ਵਿਅਕਤੀਆਂ ਨੂੰ 22 ਕਿਲੋ ਮਾਫੀਡਰੋਨ ਪਾਊਡਰ ਅਤੇ 124 ਲੀਟਰ ਮੈਫੀਡਰੋਨ ਤਰਲ ਸਮੇਤ ਕਾਬੂ ਕੀਤਾ ਗਿਆ। ਇਸ ਦੀ ਕੀਮਤ 230 ਕਰੋੜ ਰੁਪਏ ਦੱਸੀ ਜਾ ਰਹੀ ਹੈ। 29 ਅਪ੍ਰੈਲ ਨੂੰ ਇਕ ਹੋਰ ਕਾਰਵਾਈ ਵਿਚ ਗੁਜਰਾਤ ਏ.ਟੀ.ਸੀ., ਭਾਰਤੀ ਤੱਟ ਰੱਖਿਅਕ ਅਤੇ ਐਨ.ਸੀ.ਬੀ. 60.5 ਕਰੋੜ ਰੁਪਏ ਦੀ 173 ਕਿਲੋਗ੍ਰਾਮ ਹਸ਼ੀਸ਼ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਅਜੇ ਲੋਕ ਸਭਾ ਚੋਣਾਂ ਦੇ ਤਿੰਨ ਪੜਾਅ ਬਾਕੀ ਹਨ ਜਦਕਿ ਚਾਰ ਪੜਾਅ ਪੂਰੇ ਹੋ ਗਏ ਹਨ 20 ਮਈ ਨੂੰ 13 ਸੂਬਿਆਂ ਵਿਚ ਵੋਟਾਂ ਪੈਣਗੀਆਂ।

ਸੂਬਾ ਨਕਦੀ ਸ਼ਰਾਬ ਡਰੱਗਜ਼ ਕੀਮਤੀ ਧਾਤੂ ਫ੍ਰੀਬੀਸ ਕੁੱਲ

(ਕਰੋੜ ਰੁਪਏ) (ਕਰੋੜ ਰੁਪਏ) (ਕਰੋੜ ਰੁਪਏ) (ਕਰੋੜ ਰੁਪਏ) (ਕਰੋੜ ਰੁਪਏ) (ਕਰੋੜ ਰੁਪਏ)

ਗੁਜਰਾਤ 8.61 29.76 1187.80 128.56 107.00 1461.73

ਰਾਜਸਥਾਨ 42.30 48.29 216.42 70.04 756.77 1133.82

ਪੰਜਾਬ 15.45 22.62 665.67 23.75 07.04 734.54

ਮਹਾਰਾਸ਼ਟਰ 75.49 49.17 265.51 188.18 107.46 685.81

ਦਿੱਲੀ NCT 90.79 2.64 358.42 195.01 06.46 653.31

ਕਰਨਾਟਕ 92.55 175.36 29.84 94.66 162.01 554.41

ਤਾਮਿਲਨਾਡੂ 69.59 08.17 330.91 99.85 35.21 543.72

ਉੱਤਰ ਪ੍ਰਦੇਸ਼ 34.44 53.62 234.79 22.94 80.45 426.24

ਵੈਸਟ ਬੰਗਾਲ 31.27 90.42 39.65 60.81 149.53 371.69

ਮੱਧ ਪ੍ਰਦੇਸ਼ 21.42 46.74 42.71 14.12 177.45 302.44


Harinder Kaur

Content Editor

Related News