ਸਰਕਾਰੀ ਬੱਸਾਂ ਦੇ 3600 ਟਾਈਮ ਮਿਸ ਹੋਣ ਨਾਲ 8.80 ਕਰੋੜ ਦਾ ਟਰਾਂਜੈਕਸ਼ਨ ਲਾਸ
Monday, Nov 14, 2022 - 01:35 PM (IST)
ਜਲੰਧਰ (ਪੁਨੀਤ)- ਇਕੱਠੇ ਹੋਏ 15 ਤਬਾਦਲਿਆਂ ਅਤੇ ਬਟਾਲਾ ਦੇ ਕੰਡਕਟਰ ਨੂੰ ਸਸਪੈਂਡ ਕਰਨ ਖ਼ਿਲਾਫ਼ ਸ਼ੁਰੂ ਹੋਈ ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਦੀ ਹੜਤਾਲ ਐਤਵਾਰ ਨੂੰ ਵੀ ਜਾਰੀ ਰਹੀ, ਜਿਸ ਨਾਲ ਯਾਤਰੀਆਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਪਣੇ ਰੂਟ ਦੀਆਂ ਬੱਸਾਂ ਲਈ ਕਾਊਂਟਰਾਂ ’ਤੇ ਲੰਮੀ ਉਡੀਕ ਕਰ ਰਹੇ ਯਾਤਰੀ ਸਰਕਾਰ ਦੀਆਂ ਨੀਤੀਆਂ ਨੂੰ ਨਿੰਦਦੇ ਰਹੇ। ਉਥੇ ਹੀ, ਯੂਨੀਅਨ ਦੇ ਧਰਨਾ-ਪ੍ਰਦਰਸ਼ਨ ਵਿਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਸ਼ੁੱਕਰਵਾਰ ਤੋਂ ਸ਼ੁਰੂ ਹੋਈ ਹੜਤਾਲ ਕਾਰਨ ਹੁਣ ਤੱਕ ਪੰਜਾਬ ਵਿਚ ਸਰਕਾਰੀ ਬੱਸਾਂ ਦੇ 3600 ਤੋਂ ਜ਼ਿਆਦਾ ਕਾਊਂਟਰ ਟਾਈਮ ਮਿਸ ਹੋ ਚੁੱਕੇ ਹਨ ਅਤੇ ਵਿਭਾਗ ਨੂੰ ਇਸ ਨਾਲ 8.80 ਕਰੋੜ ਦਾ ਟਰਾਂਜੈਕਸ਼ਨ ਲਾਸ ਉਠਾਉਣਾ ਪਿਆ। ਪੀ. ਆਰ. ਟੀ. ਸੀ. ਯੂਨੀਅਨ ਵੱਲੋਂ ਐਤਵਾਰ ਹੜਤਾਲ ਨੂੰ ਸਮਰਥਨ ਦੇਣ ਤੋਂ ਬਾਅਦ ਠੇਕੇ ’ਤੇ ਕੰਮ ਕਰ ਰਹੇ 6600 ਤੋਂ ਜ਼ਿਆਦਾ ਕਰਮਚਾਰੀ ਪੂਰਨ ਤੌਰ ’ਤੇ ਹੜਤਾਲ ’ਤੇ ਰਹੇ, ਜਿਸ ਨਾਲ ਪਨਬੱਸ ਦੀਆਂ 1900 ਅਤੇ ਪੀ. ਆਰ. ਟੀ. ਸੀ. ਦੀਆਂ 1200 ਤੋਂ ਜ਼ਿਆਦਾ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਮੰਗਾਂ ਪੂਰੀਆਂ ਨਾ ਹੋਣ ਕਾਰਨ ਯੂਨੀਅਨ ਦੀ ਹੜਤਾਲ ਸੋਮਵਾਰ ਨੂੰ ਵੀ ਜਾਰੀ ਰਹੇਗੀ। ਪ੍ਰਸ਼ਾਸਨ ਵੱਲੋਂ ਸੋਮਵਾਰ ਨੂੰ ਯੂਨੀਅਨ ਦੀ ਮੀਟਿੰਗ ਰਖਵਾਈ ਗਈ ਹੈ। ਚੰਡੀਗੜ੍ਹ ਵਿਚ ਹੋਣ ਵਾਲੀ ਇਸ ਮੀਟਿੰਗ ਦਾ ਸਮਾਂ ਦੁਪਹਿਰ 12 ਵਜੇ ਦੇ ਕਰੀਬ ਰਹੇਗਾ ਅਤੇ ਇਸ ਉਪਰੰਤ ਜੇਕਰ ਸਹਿਮਤੀ ਬਣ ਜਾਂਦੀ ਹੈ ਤਾਂ ਹੜਤਾਲ ਵਾਪਸ ਹੋਣ ਦੀ ਸੰਭਾਵਨਾ ਬਣ ਸਕਦੀ ਹੈ।
ਇਹ ਵੀ ਪੜ੍ਹੋ : ਰੂਪਨਗਰ ਵਿਖੇ ਵਾਪਰੀ ਵੱਡੀ ਘਟਨਾ, ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ 13 ਸਾਲਾ ਮੁੰਡੇ ਦੀ ਮੌਤ
ਹੜਤਾਲ ਕਾਰਨ 99 ਫ਼ੀਸਦੀ ਸਰਕਾਰੀ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ, ਜਦਕਿ ਪੱਕੇ ਕਰਮਚਾਰੀਆਂ ਵੱਲੋਂ ਆਪਣੇ-ਆਪਣੇ ਡਿਪੂਆਂ ਦੀਆਂ ਇੱਕਾ-ਦੁੱਕਾ ਬੱਸਾਂ ਚਲਾਈਆਂ ਗਈਆਂ। ਪ੍ਰਾਈਵੇਟ ਬੱਸਾਂ ਦੀ ਆਵਾਜਾਈ ਨਾਲ ਯਾਤਰੀਆਂ ਦੀ ਮੰਗ ਪੂਰੀ ਨਹੀਂ ਹੋ ਪਾ ਰਹੀ ਅਤੇ ਬੱਸਾਂ ਵਿਚ ਭਾਰੀ ਭੀੜ ਦੇਖਣ ਨੂੰ ਮਿਲੀ। ਸਵਾਰੀਆਂ ਖੜ੍ਹੀਆਂ ਹੋ ਕੇ ਸਫਰ ਕਰਨ ਨੂੰ ਮਜਬੂਰ ਸਨ। ਉਥੇ ਹੀ, ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਵਿਚ ਭਾਰੀ ਭੀੜ ਕਾਰਨ ਕਈ ਲੋਕਾਂ ਨੂੰ ਆਪਣੀ ਯਾਤਰਾ ਵੀ ਮੁਲਤਵੀ ਕਰਨੀ ਪਈ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਅੰਤਰਰਾਜੀ ਆਵਾਜਾਈ ਠੱਪ ਹੋਣ ਕਾਰਨ ਪੇਸ਼ ਆ ਰਹੀ ਹੈ। ਇਸ ਪੂਰੇ ਘਟਨਾਕ੍ਰਮ ਕਾਰਨ ਪ੍ਰਾਈਵੇਟ ਬੱਸਾਂ ਦੀ ਚਾਂਦੀ ਹੋ ਰਹੀ ਹੈ। ਉਥੇ ਹੀ, ਦਿੱਲੀ, ਹਰਿਦੁਆਰ, ਜੈਪੁਰ, ਰਾਜਸਥਾਨ, ਹਲਦਵਾਨੀ ਸਣੇ ਕਈ ਰੂਟਾਂ ਦੀ ਸਥਿਤੀ ਬੇਹੱਦ ਗੰਭੀਰ ਬਣੀ ਰਹੀ। ਪੰਜਾਬ ਵਿਚ ਦੂਰ ਦੇ ਰੂਟਾਂ ਵਾਲੀਆਂ ਬੱਸਾਂ ਉਪਲੱਬਧ ਨਹੀਂ ਹੋ ਸਕੀਆਂ। ਦੂਜੇ ਸੂਬਿਆਂ ਨੂੰ ਲਈ ਜਾਣ ਵਾਲੇ ਯਾਤਰੀ ਬੱਸ ਅੱਡੇ ਤੋਂ ਨਮੋਸ਼ ਹੋ ਕੇ ਵਾਪਸ ਪਰਤਦੇ ਦਿਖਾਈ ਦਿੱਤੇ।
ਪੀ. ਏ. ਪੀ. ਜਾਮ ਕਰਨ ਲਈ ਨਿਕਲੇ ਯੂਨੀਅਨ ਆਗੂਆਂ ਨੂੰ ਪ੍ਰਸ਼ਾਸਨ ਨੇ ਰੋਕਿਆ
ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਦੇ ਸੂਬਾਈ ਬੁਲਾਰੇ ਦਲਜੀਤ ਸਿੰਘ ਜੱਲੇਵਾਲ ਅਤੇ ਡਿਪੂ ਪ੍ਰਧਾਨ ਸਤਪਾਲ ਸਿੰਘ ਸੱਤਾ ਦੀ ਅਗਵਾਈ ਵਿਚ ਇਕੱਠੇ ਹੋਏ ਸੈਂਕੜੇ ਕਰਮਚਾਰੀਆਂ ਨੇ ਪੀ. ਏ. ਪੀ. ਨੂੰ ਜਾਮ ਕਰਨ ਦਾ ਫੈਸਲਾ ਲਿਆ। ਇਸ ਬਾਰੇ ਡਿਪੂ ਦੇ ਜੀ. ਐੱਮ. ਅਤੇ ਪ੍ਰਸ਼ਾਸਨ ਨੂੰ ਭਿਣਕ ਲੱਗ ਗਈ ਅਤੇ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਅਤੇ ਜਾਮ ਕਰਨ ਜਾਣ ਤੋਂ ਰੋਕਿਆ। ਡਿਪੂ ਦੇ ਜੀ. ਐੱਮ. ਮਨਿੰਦਰਪਾਲ ਸਿੰਘ ਦੇ ਦਫ਼ਤਰ ਵਿਚ ਯੂਨੀਅਨ ਦੇ ਵਫਦ ਨਾਲ ਹੋਈ ਮੀਟਿੰਗ ਵਿਚ ਲੰਮੇ ਸਮੇਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਸਹਿਮਤੀ ਬਣ ਸਕੀ। ਅਧਿਕਾਰੀਆਂ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਦਾ ਪੇਪਰ ਹੋਣਾ ਸੀ ਅਤੇ ਇਸ ਸਥਿਤੀ ਵਿਚ ਜਾਮ ਲੱਗਣ ਨਾਲ ਗੰਭੀਰ ਸਥਿਤੀ ਪੈਦਾ ਹੋ ਸਕਦੀ ਸੀ। ਯੂਨੀਅਨ ਆਗੂ ਇਸ ਗੱਲ ਨੂੰ ਸਮਝੇ ਅਤੇ ਉਨ੍ਹਾਂ ਜਾਮ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ’ਚ ਦੰਗਿਆਂ ਦੀ ਸਾਜ਼ਿਸ਼ ਰਚ ਰਹੀ ਹੈ ਪਾਕਿਸਤਾਨੀ ISI, ਕਈ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ
ਜਲੰਧਰ-1 ਅਤੇ 2 ਤੋਂ ਚੱਲੀਆਂ ਸਿਰਫ਼ 3-3 ਬੱਸਾਂ
ਪੰਜਾਬ ਰੋਡਵੇਜ਼ ਜਲੰਧਰ-1 ਵਿਚ 5 ਅਤੇ ਜਲੰਧਰ-2 ਡਿਪੂ ਵਿਚ 4 ਪੱਕੇ ਡਰਾਈਵਰ ਮੌਜੂਦ ਹਨ ਪਰ ਇਨ੍ਹਾਂ ਵਿਚੋਂ 3 ਕਰਮਚਾਰੀ ਛੁੱਟੀ ’ਤੇ ਚੱਲ ਰਹੇ ਹਨ। ਦੋਵਾਂ ਡਿਪੂਆਂ ਵਿਚ 3-3 ਡਰਾਈਵਰ ਉਪਲੱਬਧ ਹੋਣ ਕਾਰਨ ਸਿਰਫ਼ 6 ਬੱਸਾਂ ਦੀ ਆਵਾਜਾਈ ਹੀ ਚੱਲ ਸਕੀ। ਇਹ ਡਰਾਈਵਰ ਰੋਡਵੇਜ਼ ਦੀਆਂ ਬੱਸਾਂ ਚਲਾਉਂਦੇ ਹਨ ਅਤੇ ਉਕਤ ਬੱਸਾਂ ਦੀ ਹਾਲਤ ਪਤਲੀ ਹੋਣ ਕਾਰਨ ਇਨ੍ਹਾਂ ਨੂੰ ਲੰਮੇ ਰੂਟਾਂ ’ਤੇ ਨਹੀਂ ਭੇਜਿਆ ਜਾ ਸਕਦਾ, ਜਿਸ ਕਾਰਨ ਇਨ੍ਹਾਂ ਬੱਸਾਂ ਨੂੰ ਪੰਜਾਬ ਦੇ ਅੰਦਰ ਹੀ ਚਲਾਇਆ ਗਿਆ। 3200 ਤੋਂ ਜ਼ਿਆਦਾ ਸਰਕਾਰੀ ਬੱਸਾਂ ਹੋਣ ਦੇ ਬਾਵਜੂਦ ਪੱਕੇ ਸਟਾਫ਼ ਦੀ ਸ਼ਾਰਟੇਜ ਕਾਰਨ ਵਿਭਾਗ 100 ਬੱਸਾਂ ਚਲਾਉਣ ਵਿਚ ਵੀ ਸਮਰੱਥ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਦਾ ਹੱਬ ਬਣਿਆ ਜਲੰਧਰ, ਕਈ ਕਾਰੋਬਾਰੀ ਰਾਡਾਰ ’ਤੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।