8.49 ਕਰੋੜ ਲੁੱਟ ਦਾ ਮਾਮਲਾ : 16 ਮੁਲਜ਼ਮਾਂ ਤੋਂ 6.96 ਕਰੋੜ ਦੀ ਰਿਕਵਰੀ, ਡੇਢ ਕਰੋੜ ਦਾ ਰਹੱਸ ਅਜੇ ਵੀ ਬਰਕਰਾਰ!

Wednesday, Jun 21, 2023 - 12:56 AM (IST)

8.49 ਕਰੋੜ ਲੁੱਟ ਦਾ ਮਾਮਲਾ : 16 ਮੁਲਜ਼ਮਾਂ ਤੋਂ 6.96 ਕਰੋੜ ਦੀ ਰਿਕਵਰੀ, ਡੇਢ ਕਰੋੜ ਦਾ ਰਹੱਸ ਅਜੇ ਵੀ ਬਰਕਰਾਰ!

ਲੁਧਿਆਣਾ (ਰਾਜ)-ਸੀ. ਐੱਮ. ਐੱਸ. ਏਜੰਸੀ ’ਚ ਹੋਈ 8.49 ਕਰੋੜ ਦੀ ਲੁੱਟ ਦੇ ਮਾਮਲੇ ’ਚ ਪੁਲਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੁੱਟ ਦੇ ਪੈਸੇ ਚੋਰੀ ਕਰਨ ਵਾਲੇ 4 ਮੁਲਜ਼ਮ ਹੋਰ ਵੀ ਫੜੇ ਗਏ ਹਨ। ਕੁੱਲ 16 ਮੁਲਜ਼ਮਾਂ ਤੋਂ ਪੁਲਸ ਨੇ 6.96 ਕਰੋੜ 700 ਰੁਪਏ ਦੀ ਰਿਕਵਰੀ ਕੀਤੀ ਹੈ, ਜੋ ਆਪਣੇ ਆਪ ’ਚ ਇਕ ਵੱਡੀ ਰਿਕਵਰੀ ਹੈ ਪਰ 1.53 ਕਰੋੜ ਦਾ ਰਹੱਸ ਅਜੇ ਵੀ ਬਰਕਰਾਰ ਹੈ।

ਇਹ ਵੀ ਪੜ੍ਹੋ : SGPC ਨੇ ਪੰਜਾਬ ਸਰਕਾਰ ਦੇ ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਕੀਤਾ ਮੁੱਢੋਂ ਰੱਦ, 26 ਨੂੰ ਬੁਲਾਇਆ ਵਿਸ਼ੇਸ਼ ਇਜਲਾਸ

ਬਾਕੀ ਬਚੀ ਰਕਮ ਕਿੱਥੇ ਗਈ?

ਸੀ. ਐੱਮ. ਐੱਸ. ਏਜੰਸੀ ’ਚ ਲੁੱਟ ਦੀ ਵਾਰਦਾਤ ਸਮੇਂ ਸਭ ਤੋਂ ਪਹਿਲਾਂ ਏਜੰਸੀ ਅਧਿਕਾਰੀਆਂ ਨੇ ਤਕਰੀਬਨ 11 ਕਰੋੜ ਦੱਸੇ ਪਰ ਬਾਅਦ ’ਚ ਉਨ੍ਹਾਂ ਨੇ 6 ਕਰੋੜ ਦੀ ਰਾਸ਼ੀ ਕਹੀ। ਫਿਰ 8.49 ਕਰੋੜ ਫਾਈਨਲ ਕੀਤਾ ਸੀ। ਬੰਦੀ ਬਣਾਏ ਗਏ ਵਰਕਰਾਂ ਨੇ 10 ਦੇ ਕਰੀਬ ਲੁਟੇਰਿਆਂ ਬਾਰੇ ਦੱਸਿਆ ਸੀ, ਜਿਸ ਵਿਚ 1 ਔਰਤ ਵੀ ਸ਼ਾਮਲ ਸੀ ਪਰ ਪੁਲਸ ਵਲੋਂ ਵਾਰਦਾਤ ’ਚ ਸ਼ਾਮਲ ਕੁੱਲ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ’ਚ 1 ਔਰਤ ਵੀ ਸ਼ਾਮਲ ਹੈ, ਜੋ ਇਸ ਵਾਰਦਾਤ ਦੀ ਮਾਸਟਰਮਾਈਂਡ ਦੱਸੀ ਜਾ ਰਹੀ ਸੀ।

ਇਸ ਦੇ ਨਾਲ ਪੁਲਸ ਨੇ 4 ਅਜਿਹੇ ਮੁਲਜ਼ਮ ਵੀ ਫੜੇ ਹਨ, ਜਿਨ੍ਹਾਂ ਨੇ ਲੁੱਟ ਦੇ ਪੈਸਿਆਂ ’ਚੋਂ 70 ਲੱਖ ਰੁਪਏ ਚੋਰੀ ਕੀਤੇ ਸਨ। ਅਜਿਹਾ ਕਰ ਕੇ ਪੁਲਸ ਨੇ ਸਾਰੇ ਮੁਲਜ਼ਮਾਂ ਤੋਂ 6.96 ਕਰੋੜ ਬਰਾਮਦ ਕਰ ਲਏ। ਬਾਕੀ ਰਿਕਵਰੀ ਅਜੇ ਬਾਕੀ ਹੈ। ਮੁਲਜ਼ਮਾਂ ਨੇ 1.53 ਕਰੋੜ ਦੀ ਰਕਮ ਦੀ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਹੈ। ਹਰ ਮੁਲਜ਼ਮ ਇਕ ਦੂਜੇ ’ਤੇ ਪਾ ਰਹੇ ਹਨ ਕਿ ਪੈਸੇ ਉਸ ਦੇ ਕੋਲ ਹਨ। ਪੁਲਸ 9 ਮੁਲਜ਼ਮਾਂ ਨੂੰ ਬੁੱਧਵਾਰ ਨੂੰ ਮੁੜ ਅਦਾਲਤ ’ਚ ਪੇਸ਼ ਕਰੇਗੀ। ਰਿਮਾਂਡ ਹੋਰ ਵਧਾਇਆ ਜਾ ਸਕਦਾ ਹੈ ਤਾਂ ਕਿ ਬਾਕੀ ਦੇ ਡੇਢ ਕਰੋੜ ਬਾਰੇ ਪਤਾ ਲਗਾਇਆ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ : ਲੱਖਾਂ ਰੁਪਏ ਲੈ ਕੇ ਨਸ਼ਾ ਤਸਕਰ ਛੱਡਣ ਵਾਲੇ ਸਬ-ਇੰਸਪੈਕਟਰ ਤੇ ASI ਵਿਰੁੱਧ ਕੇਸ ਦਰਜ

ਅਸਲ ਅਮਾਊਂਟ ਕਿੰਨੀ ਸੀ, ਜਾਂਚ ਲਈ 6 ਅਧਿਕਾਰੀਆਂ ਦੀ ਬਣਾਈ ਸੀ ਟੀਮ

ਸ਼ੁਰੂਆਤ ’ਚ ਏਜੰਸੀ ਅਧਿਕਾਰੀਆਂ ਨੇ ਅਮਾਊਂਟ ਦੇ ਮਾਮਲੇ ’ਚ ਆਪਣੇ ਬਿਆਨ ਵਾਰ-ਵਾਰ ਬਦਲੇ ਸਨ। ਇਸ ਤੋਂ ਬਾਅਦ ਅੱਜ ਸਾਰੇ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਵੀ 1.53 ਕਰੋੜ ਦਾ ਪਤਾ ਨਹੀਂ ਲੱਗ ਸਕਿਆ। ਇਸ ਲਈ ਪੁਲਸ ਵਲੋਂ ਪਹਿਲਾਂ ਹੀ 6 ਅਧਿਕਾਰੀਆਂ ਦੀ ਅਗਵਾਈ ’ਚ ਇਕ ਟੀਮ ਬਣਾਈ ਗਈ ਸੀ, ਜੋ ਕੰਪਨੀ ਤੋਂ ਅਸਲ ਪੈਸਿਆਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ।

ਮਨਜਿੰਦਰ ਨੇ ਪੁੱਛਗਿੱਛ ’ਚ ਕਿਹਾ ਸੀ ਏਜੰਸੀ ’ਚ 1 ਕਰੋੜ ਦਾ ਚੱਲ ਰਿਹਾ ਵਿਵਾਦ

ਸੀ. ਪੀ. ਸਿੱਧੂ ਨੇ ਪਹਿਲੀ ਪ੍ਰੈੱਸ ਕਾਨਫਰੰਸ ’ਚ ਇਹ ਕਿਹਾ ਸੀ ਕਿ ਮੁੱਖ ਮੁਲਜ਼ਮ ਮਨਜਿੰਦਰ ਸਿੰਘ ਨੇ ਸ਼ੁਰੂਆਤੀ ਪੁੱਛਗਿੱਛ ’ਚ ਦੱਸਿਆ ਸੀ ਕਿ 1 ਕਰੋੜ ਰੁਪਏ ਏਜੰਸੀ ਦੇ ਅਧਿਕਾਰੀਆਂ ਦਾ ਬੈਂਕ ਦੇ ਨਾਲ ਵਿਵਾਦ ਹੈ, ਜੋ ਅਧਿਕਾਰੀ ਵਿਵਾਦ ਦੇ ਪੈਸੇ ’ਚ ਜੋੜਨ ਦਾ ਯਤਨ ਕਰ ਰਹੇ ਹਨ। ਜਦੋਂਕਿ ਸੂਤਰ ਦੱਸ ਰਹੇ ਹਨ ਕਿ ਕੰਪਨੀ ਅਧਿਕਾਰੀਆਂ ਨੇ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਨੂੰ ਉਕਤ ਡਿਟੇਲ ਨਹੀਂ ਦਿੱਤੀ, ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਦਾਲ ’ਚ ਜ਼ਰੂਰ ਕੁਝ ਕਾਲਾ ਹੈ। ਪੁਲਸ ਅਧਿਕਾਰੀ ਲਗਾਤਾਰ ਕੰਪਨੀ ਮੁਲਾਜ਼ਮਾਂ ਦੇ ਸੰਪਰਕ ’ਚ ਹਨ ਅਤੇ ਪੂਰੀ ਜਾਣਕਾਰੀ ਹਾਸਲ ਕਰਨ ’ਚ ਜੁਟੇ ਹਨ ਕਿ ਕੈਸ਼ ਕਿੱਥੋਂ-ਕਿੱਥੋਂ ਆਇਆ ਸੀ ਅਤੇ ਜਿਸ ਦਿਨ ਕੈਸ਼ ਲੁੱਟਿਆ ਗਿਆ, ਬਾਅਦ ’ਚ ਕੈਸ਼ ਕਿੰਨਾ ਰਹਿ ਗਿਆ ਸੀ।


author

Manoj

Content Editor

Related News