7ਵੀਂ ਜਮਾਤ ਦੇ ਬੱਚਿਆਂ ਨੂੰ ਅਗਵਾ ਕਰਨ ਦਾ ਮਾਮਲਾ ਨਿਕਲਿਆ ਡਰਾਮਾ
Saturday, May 21, 2022 - 12:17 PM (IST)
ਦੀਨਾਨਗਰ (ਕਪੂਰ) - 7ਵੀਂ ਜਮਾਤ ’ਚ ਪੜ੍ਹਦੇ ਦੋ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੇ ਅਗਵਾ ਹੋਣ ਦਾ ਡਰਾਮਾ ਰਚ ਕੇ ਪੁਲਸ ਵੀ ਭੰਬਲਭੂਸੇ ’ਚ ਪੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਇਕ ਪ੍ਰਾਈਵੇਟ ਸਕੂਲ ’ਚ ਪੜ੍ਹਦੇ 7ਵੀਂ ਜਮਾਤ ਦੇ 2 ਵਿਦਿਆਰਥੀਆਂ ਨੇ ਆਪਣੇ ਘਰ ਜਾ ਕੇ ਅਗਵਾ ਹੋਣ ਦੀ ਗੱਲ ਦੱਸੀ ਤਾਂ ਚਿੰਤਤ ਬੱਚਿਆਂ ਦੇ ਮਾਤਾ-ਪਿਤਾ ਤੁਰੰਤ ਸਥਾਨਕ ਥਾਣੇ ’ਚ ਪੁੱਜੇ ਅਤੇ ਉਨ੍ਹਾਂ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।
ਇਸ ਦੌਰਾਨ ਦੋਵਾਂ ਬੱਚਿਆਂ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਸਕੂਲ ਤੋਂ ਛੁੱਟੀ ਹੋਣ ਮਗਰੋਂ ਸਾਈਕਲ ’ਤੇ ਆਪਣੇ ਪਿੰਡ ਵੱਲ ਜਾ ਰਹੇ ਸਨ ਤਾਂ ਜਦੋਂ ਉਹ ਤਾਰਾਗੜ੍ਹ ਮੋਡ ਦੀਨਾਨਗਰ ਨੇੜੇ ਪੁੱਜੇ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਵਿਚੋਂ ਇਕ ਨੂੰ ਅਗਵਾ ਕਰ ਲਿਆ। ਜਦੋਂ ਦੂਜੇ ਉਸਦੇ ਸਾਥੀ ਲੜਕੇ ਨੇ ਸਾਈਕਲ ’ਤੇ ਉਸਦਾ ਪਿੱਛਾ ਕੀਤਾ ਤਾਂ ਮੋਟਰਸਾਈਕਲ ’ਤੇ ਆਏ ਅਗਵਾਕਾਰਾਂ ਨੇ ਲੜਕੇ ਨੂੰ ਦਯਾਨੰਦ ਮੱਠ ਕੋਲ ਵਗਦੀ ਨਦੀ ਕੋਲ ਛੱਡ ਦਿੱਤਾ ਅਤੇ ਫ਼ਰਾਰ ਹੋ ਗਏ।
ਦੂਜੇ ਪਾਸੇ ਥਾਣਾ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਜਦੋਂ ਉਕਤ ਬੱਚਿਆਂ ਦੇ ਮਾਤਾ-ਪਿਤਾ ਨੇ ਥਾਣੇ ਆ ਕੇ ਬੱਚਿਆਂ ਨਾਲ ਅਗਵਾ ਦੀ ਘਟਨਾ ਦੀ ਸੂਚਨਾ ਦਿੱਤੀ ਤਾਂ ਪੁਲਸ ਉਸੇ ਸਮੇਂ ਹਰਕਤ ’ਚ ਆ ਗਈ। ਇਸ ਮਾਮਲੇ ਦੀ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਮਾਮਲਾ ਝੂਠ ਨਿਕਲਿਆ। ਬੱਚਿਆਂ ਵੱਲੋਂ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ।