ਵੱਡਾ ਖ਼ੁਲਾਸਾ : ਮੁਕਤਸਰ ਵਿਖੇ 76 ਅਸਲਾਂ ਲਾਇਸੈਂਸ ਨੂੰ ਫਰਜ਼ੀ ਡੋਪ ਟੈਸਟ ਦੇ ਆਧਾਰ 'ਤੇ ਕੀਤਾ ਰੀਨਿਊ

06/08/2022 2:54:49 PM

ਮੁਕਤਸਰ: ਮੁਕਤਸਰ ਵਿਚ ਪਿਛਲੇ ਸਾਲ ਜੂਨ ਤੋਂ ਦਸੰਬਰ ਤੱਕ 76 ਵਿਅਕਤੀਆਂ ਵੱਲੋਂ ਆਪਣੇ ਅਸਲਾ ਲਾਇਸੈਂਸਾਂ ਨੂੰ “ਜਾਅਲੀ” ਡੋਪ ਟੈਸਟ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਰੀਨਿਊ ਕਰਵਾਉਣ ਦੀ ਜਾਣਕਾਰੀ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੀਤੀ ਜਾ ਰਹੀ ਜਾਂਚ ਦੌਰਾਨ ਇਕ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਰਟੀਫਿਕੇਟਾਂ ਦਾ ਕੋਈ ਰਿਕਾਰਡ ਸਿਵਲ ਹਸਪਤਾਲ ਵਿਚ ਨਹੀਂ ਮਿਲਿਆ।
ਇਸ 'ਤੇ ਸਖ਼ਤ ਕਾਰਵਾਈ ਕਰਦਿਆਂ  ਹਸਪਤਾਲ ਦੇ ਦੋ ਮੁਲਾਜ਼ਮਾਂ ਅਤੇ ਇਕ ਪ੍ਰਾਈਵੇਟ ਟਾਈਪਿਸਟ ਸਮੇਤ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿਚ ਲੈਬ ਟੈਕਨੀਸ਼ੀਅਨ ਮਨਦੀਪ ਕੁਮਾਰ, ਟੀ.ਬੀ. ਇਲਾਜ ਸੁਪਰਵਾਈਜ਼ਰ ਬਲਕਰਨ ਸਿੰਘ ਅਤੇ ਪ੍ਰਾਈਵੇਟ ਟਾਈਪਿਸਟ ਵਕੀਲ ਸਿੰਘ ਸ਼ਾਮਲ ਹਨ। ਮਨਦੀਪ ਅਤੇ ਬਲਕਰਨ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸੰਗਰੂਰ ਤੋਂ ਲੋਕ ਸਭਾ ਵਿਚ ਪਹੁੰਚਣ ਲਈ ਦੋ ਸਾਬਕਾ ਵਿਧਾਇਕ ਮੈਦਾਨ ਵਿਚ

ਲਾਇਸੈਂਸ ਦੇ ਨਵੀਨੀਕਰਨ ਲਈ ਇਕ ਪ੍ਰਕਿਰਿਆ ਹੁੰਦੀ ਹੈ ਜਿਸ ਵਿਚ ਅਸਲਾ ਲਾਇਸੈਂਸ ਧਾਰਕਾਂ ਵੱਲੋਂ ਕਈ ਤਰੀਕਿਆਂ ਦੇ ਸੈਂਪਲ ਦੇਣਾ ਲਾਜ਼ਮੀ ਹੁੰਦਾ ਹੈ। ਇਸ ਸੰਬੰਧੀ ਜਦੋਂ ਏ.ਡੀ.ਸੀ. (ਜਨਰਲ) ਨੇ ਅਸਲਾ ਲਾਇਸੈਂਸ ਧਾਰਕ ਨੂੰ ਨਵੀਨੀਕਰਨ ਸਮੇਂ ਪੁੱਛਿਆ ਕਿ ਉਨ੍ਹਾਂ ਨੇ ਡੋਪ ਟੈਸਟ ਲਈ ਸੈਂਪਲ ਦਿੱਤੇ ਸਨ ਤਾਂ ਮੁਲਜ਼ਮ ਨੇ ਇਸ ਦਾ ਜਵਾਬ ਨਾ ਵਿਚ ਦਿੱਤਾ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਹਸਪਤਾਲ ਵਿਚ ਸੈਂਪਲ ਨਾ ਦੇਣ ਦੇ ਬਾਵਜੂਦ ਉਸ ਨੂੰ ਡੋਪ ਟੈਸਟ ਰਿਪੋਰਟ ਮਿਲ ਗਈ ਸੀ। ਇਸ ਮਾਮਲੇ ਤੋਂ ਬਾਅਦ ਏ.ਡੀ.ਸੀ. ਨੇ 1 ਜੂਨ ਤੋਂ 30 ਨਵੰਬਰ, 2021 ਦਰਮਿਆਨ ਜਾਰੀ 589 ਡੋਪ ਟੈਸਟ ਰਿਪੋਰਟਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ 76 ਜਾਅਲੀ ਹਨ।

ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣਾਂ ’ਚ ਕਾਂਗਰਸ ਕਰੇਗੀ ਸ਼ਾਨਦਾਰ ਜਿੱਤ ਦਰਜ : ਦਲਵੀਰ ਸਿੰਘ ਗੋਲਡੀ

ਏ.ਡੀ.ਸੀ. (ਜਨਰਲ) ਰਾਜਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਜਾਂਚ ਕੀਤੀ ਗਈ , ਜਿਸ ਤੋਂ ਇਹ ਪਤਾ ਲੱਗਾ ਕਿ ਹਸਪਤਾਲ ਵਿਚ ਕਰੀਬ 80 ਡੋਪ ਟੈਸਟ ਦੀਆਂ ਰਿਪੋਰਟਾਂ ਦਾ ਕੋਈ ਰਿਕਾਰਡ ਨਹੀਂ ਹੈ। ਜਾਂਚ ਦੌਰਾਨ ਅਸਲਾ ਲਾਇਸੈਂਸ ਧਾਰਕਾਂ ਨੇ ਦਾਅਵਾ ਕੀਤਾ ਕਿ ਉਹ ਕਿਸੇ ਗਲਤ ਕੰਮ ਵਿਚ ਸ਼ਾਮਲ ਨਹੀਂ ਸਨ ਅਤੇ ਉਨ੍ਹਾਂ ਨੇ ਸੈਂਪਲ ਵੀ ਦਿੱਤੇ ਸਨ। ਉਨ੍ਹਾਂ ਨੂੰ ਹੁਣ ਮੁੜ ਡੋਪ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਸੂਤਰਾਂ ਨੇ ਦਾਅਵਾ ਕੀਤਾ ਕਿ ਫਰਜ਼ੀ ਡੋਪ ਟੈਸਟ ਦੀ ਰਿਪੋਰਟ ਤਿਆਰ ਕਰਨ ਲਈ 10,000 ਤੋਂ 20,000 ਰੁਪਏ ਵਸੂਲੇ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਰਿਪੋਰਟਾਂ 'ਤੇ ਜਾਰੀ ਕਰਨ ਵਾਲੇ ਅਥਾਰਟੀ ਦੇ ਦਸਤਖਤ ਵੀ ਮੇਲ ਨਹੀਂ ਖਾਂਦੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ । 


Anuradha

Content Editor

Related News