''ਆਪ'' ਦੇ ਸ਼ੇਰਗਿੱਲ ਸਮੇਤ ਪੰਜਾਬ ਦੇ 70 ਤੋਂ ਵੱਧ ਉਮੀਦਵਾਰਾਂ ਦੇ ਕਾਗਜ਼ ਰੱਦ

Tuesday, Apr 30, 2019 - 11:48 PM (IST)

ਚੰਡੀਗੜ੍ਹ,(ਭੁੱਲਰ) : ਪੰਜਾਬ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕੁਲ 385 ਉਮੀਦਵਾਰਾਂ ਵਲੋਂ ਭਰੇ ਗਏ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ ਅੱਜ 70 ਤੋਂ ਵੱਧ ਉਮੀਦਵਾਰਾਂ ਦੇ ਕਾਗਜ਼ ਤਕਨੀਕੀ ਕਾਰਨਾਂ ਕਰਕੇ ਰੱਦ ਹੋ ਗਏ ਹਨ। ਇਨ੍ਹਾਂ 'ਚ ਜ਼ਿਆਦਾਤਰ ਆਜ਼ਾਦ ਤੇ ਛੋਟੀਆਂ ਪਾਰਟੀਆਂ ਦੇ ਉਮੀਦਵਾਰ ਹੀ ਹਨ।
ਇਸ ਤੋਂ ਇਲਾਵਾ ਇਨ੍ਹਾਂ 'ਚ ਕਵਰਿੰਗ ਉਮੀਦਵਾਰ ਵੀ ਸ਼ਾਮਲ ਹਨ। ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਜ਼ਿਕਰਯੋਗ ਹੈ, ਜਿਨ੍ਹਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣੀ ਨੂੰਹ ਤੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਨਾਲ ਕਵਰਿੰਗ ਉਮੀਦਵਾਰ ਦੇ ਰੂਪ 'ਚ ਨਾਮਜ਼ਦਗੀ ਪੱਤਰ ਭਰਿਆ ਸੀ। ਸਿਰਫ ਮੁੱਖ ਪਾਰਟੀਆਂ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦਾ ਨਾਮਜ਼ਦਗੀ ਪੱਤਰ ਰੱਦ ਹੋਇਆ ਹੈ। ਸ਼ੇਰਗਿੱਲ ਇਸ ਦੇ ਖਿਲਾਫ ਤੁਰੰਤ ਹਾਈਕੋਰਟ ਗਏ ਹਨ, ਬੇਸ਼ੱਕ ਉਨ੍ਹਾਂ ਨੂੰ ਸਟੇਅ ਤਾਂ ਨਹੀਂ ਮਿਲੀ ਪਰ 2 ਮਈ ਨੂੰ ਸੁਣਵਾਈ ਦੀ ਅਗਲੀ ਤਰੀਕ ਤੈਅ ਹੋਈ ਹੈ, ਜਿਸ 'ਚ ਉਨ੍ਹਾਂ ਦਾ ਪੱਖ ਸੁਣਨ ਤੋਂ ਬਾਅਦ ਰੱਦ ਨਾਮਜ਼ਦਗੀ ਪੱਤਰਾਂ 'ਤੇ ਫੈਸਲਾ ਹੋਵੇਗਾ ਕਿਉਂਕਿ 2 ਮਈ ਤੱਕ ਹੀ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ ਮਿੱਥਿਆ ਹੈ। ਸ਼ੇਰਗਿੱਲ ਖਿਲਾਫ ਇਹ ਕਾਰਵਾਈ ਤਾਂ ਹੋਈ ਕਿਉਂਕਿ ਉਨ੍ਹਾਂ 2017 'ਚ ਪੰਜਾਬ ਵਿਧਾਨ ਸਭਾ ਦੀ ਮੋਹਾਲੀ ਸੀਟ ਤੋਂ ਚੋਣ ਲੜੀ ਸੀ ਤੇ ਉਸ ਦੇ ਬਾਅਦ ਚੋਣ ਕਮਿਸ਼ਨ ਨੂੰ ਨਿਯਮਾਂ ਅਨੁਸਾਰ ਸਮੇਂ 'ਤੇ ਇਲੈਕਸ਼ਨ ਦੌਰਾਨ ਹੋਏ ਖਰਚ ਦਾ ਬਿਓਰਾ ਨਹੀਂ ਦਿੱਤਾ ਸੀ।

ਅੱਜ ਨਾਮਜ਼ਦਗੀਆਂ ਦੀ ਜਾਂਚ 'ਚ 'ਆਪ' ਦੇ ਬਾਗੀ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਦੇ ਨਾਮਜ਼ਦਗੀ ਪੱਤਰ ਬਠਿੰਡਾ ਅਤੇ ਫਰੀਦਕੋਟ ਹਲਕੇ ਤੋਂ ਪ੍ਰਵਾਨ ਹੋਏ ਹਨ। ਇਸ ਨਾਮਜ਼ਦਗੀ ਨੂੰ ਲੈ ਕੇ ਕਾਫ਼ੀ ਚਰਚਾ ਚੱਲ ਰਹੀ ਸੀ ਤੇ ਚੋਣ ਕਮਿਸ਼ਨ ਨੇ ਵੀ ਸ਼ਿਕਾਇਤ ਕਰਕੇ ਨਾਮਜ਼ਦਗੀ ਪੱਤਰ ਦਲ ਬਦਲੀ ਐਕਟ ਤਹਿਤ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਕਿਉਂਕਿ ਇਹ 'ਆਪ' ਦੇ ਵਿਧਾਇਕ ਹਨ ਪਰ ਇਨ੍ਹਾਂ ਨੇ ਨਾਮਜ਼ਦਗੀ ਪੱਤਰ ਨਵੀਂ ਗਠਿਤ ਪਾਰਟੀ ਪੰਜਾਬ ਏਕਤਾ ਪਾਰਟੀ ਵਲੋਂ ਭਰਿਆ ਹੈ। ਪੰਜਾਬ ਦੇ ਲੁਧਿਆਣਾ ਲੋਕਸਭਾ ਖੇਤਰ ਨੂੰ ਛੱਡ ਕੇ ਰਾਜ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅਧਿਕਾਰਿਤ ਤੌਰ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਭਰੇ ਗਏ ਕਈ ਨਾਮਜ਼ਦਗੀ ਪੱਤਰਾਂ 'ਚੋਂ 7 ਰੱਦ ਹੋਏ ਹਨ, ਇਸੇ ਤਰ੍ਹਾਂ ਅੰਮ੍ਰਿਤਸਰ ਤੋਂ 37 'ਚੋਂ 7, ਖਡੂਰ ਸਾਹਿਬ 'ਚ 32 'ਚੋਂ 10, ਜਲੰਧਰ 'ਚ 27 'ਚੋਂ 7, ਹੁਸ਼ਿਆਰਪੁਰ 'ਚ 15 'ਚੋਂ 7, ਫਤਿਹਗੜ੍ਹ ਸਾਹਿਬ 'ਚ 32 'ਚੋਂ 9, ਫਰੀਦਕੋਟ 'ਚ 28 'ਚੋਂ 4, ਫਿਰੋਜ਼ਪੁਰ 'ਚ 27 'ਚੋਂ 5, ਬਠਿੰਡਾ 'ਚ 36 'ਚੋਂ 6, ਸੰਗਰੂਰ 'ਚ 32 'ਚੋਂ 4 ਅਤੇ ਪਟਿਆਲਾ ਲੋਕਸਭਾ ਹਲਕੇ 'ਚ ਭਰੇ ਗਏ 33 'ਚੋਂ 3 ਜਾਂਚ ਦੌਰਾਨ ਰੱਦ ਹੋਏ।

 


Related News