7 ਸਾਲ ਦੇ ਪੁੱਤ ਦੀ ਹੱਤਿਆ ਕਰ ਕੇ ਪੌੜੀਆਂ ਤੋਂ ਹੇਠਾਂ ਸੁੱਟਿਆ, ਲਾਸ਼ ਲੈ ਕੇ ਪੁੱਜਾ ਹਸਪਤਾਲ
Monday, Dec 04, 2017 - 08:26 AM (IST)
ਲੁਧਿਆਣਾ, (ਰਾਮ, ਜਗਮੀਤ)- ਇਕ ਮਤਰੇਏ ਬਾਪ ਵੱਲੋਂ ਆਪਣੇ ਇਸ਼ਕ ਦੇ ਰਾਹ 'ਚ ਕਥਿਤ ਰੋੜਾ ਬਣੇ 7 ਸਾਲ ਦੇ ਪੁੱਤ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜਮਾਲਪੁਰ ਦੀ ਪੁਲਸ ਨੇ ਹੱਤਿਆਰੇ ਪਿਤਾ ਦੇ ਖਿਲਾਫ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਹੈ। ਮ੍ਰਿਤਕ ਦੀ ਪਛਾਣ ਅਭਿਜੋਤ ਪੁੱਤਰ ਬੋਧਰਾਜ ਵਜੋਂ ਹੋਈ ਹੈ।
ਸੂਤਰਾਂ ਅਨੁਸਾਰ ਮੁਲਜ਼ਮ ਨੇ ਸ਼ਨੀਵਾਰ ਦੇਰ ਰਾਤ 1.30 ਵਜੇ ਤੋਂ ਬਾਅਦ ਅਭਿਜੋਤ ਦਾ ਗਲਾ ਘੁੱਟ ਦਿੱਤਾ ਅਤੇ ਉਸ ਨੂੰ ਪੌੜੀਆਂ ਤੋਂ ਹੇਠਾਂ ਸੁੱਟ ਦਿੱਤਾ। ਬਾਅਦ 'ਚ ਸਵੇਰੇ ਗਲੀ 'ਚ ਰੌਲਾ ਪਾ ਦਿੱਤਾ ਕਿ ਉਸਦਾ ਪੁੱਤ ਪੌੜੀਆਂ ਤੋਂ ਹੇਠਾਂ ਡਿੱਗ ਗਿਆ ਹੈ। ਉਹ ਸਵੇਰੇ 6 ਵਜੇ ਦੇ ਕਰੀਬ ਉਸਨੂੰ ਆਟੋਂ 'ਚ ਪ੍ਰਾਈਵੇਟ ਹਸਤਪਾਲ ਲੈ ਗਿਆ। ਜਿਥੇ ਡਾਕਟਰਾਂ ਨੇ ਮੌਕੇ 'ਤੇ ਹੀ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਮੌਕੇ 'ਤੋਂ ਫਰਾਰ ਹੋ ਗਿਆ।
ਚੌਕੀ ਮੂੰਡੀਆਂ ਕਲਾਂ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਪੁਲਸ ਨੂੰ ਚੰਡੀਗੜ੍ਹ ਰੋਡ 'ਤੇ ਸਥਿਤ ਪ੍ਰਾਈਵੇਟ ਹਸਪਤਾਲ 'ਚ ਇਕ ਬੱਚੇ ਦੀ ਪੌੜੀਆਂ ਤੋਂ ਡਿੱਗਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਪਰ ਮੌਕੇ 'ਤੇ ਮ੍ਰਿਤਕ ਬੱਚੇ ਦਾ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ, ਜਿਸ 'ਤੇ ਪੁਲਸ ਨੇ ਮ੍ਰਿਤਕ ਦੇ ਮਤਰੇਏ ਪਿਤਾ ਮਨਜੀਤ ਸਿੰਘ ਨੂੰ ਫੋਨ 'ਤੇ ਸੰਪਰਕ ਕੀਤਾ। ਉਸ ਨੇ ਕਿਹਾ ਕਿ ਉਹ ਬੱਚੇ ਦੀ ਮਾਂ ਮਨਦੀਪ ਕੌਰ ਨੂੰ ਗੁਰਦਾਸਪੁਰ ਤੋਂ ਲੈ ਕੇ ਹਸਪਤਾਲ ਪਹੁੰਚ ਰਿਹਾ ਹੈ ਪਰ ਕਈ ਘੰਟੇ ਦੋਵਾਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦ ਉਹ ਮੌਕੇ 'ਤੇ ਨਾ ਪਹੁੰਚੇ ਤਾਂ ਉਨ੍ਹਾਂ ਨਾਲ ਫਿਰ ਤੋਂ ਸੰਪਰਕ ਕੀਤਾ ਗਿਆ, ਜਿਨ੍ਹਾਂ ਪੁਲਸ ਨੂੰ ਸਹੀ ਜਾਣਕਾਰੀ ਦੇਣਾ ਜ਼ਰੂਰੀ ਨਹੀਂ ਸਮਝਿਆ, ਜਿਸ ਕਾਰਨ ਪੁਲਸ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਦੇ ਹੋਏ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਕੁਝ ਸਮਾਂ ਪਹਿਲਾਂ ਵੀ ਬੱਚੇ ਨੂੰ ਕੀਤਾ ਸੀ ਜ਼ਖਮੀ
ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਬੱਚੇ ਦੀ ਇਕ ਵੱਡੀ ਭੈਣ, ਜੋ ਆਪਣੇ ਨਾਨਕੇ ਰਹਿੰਦੀ ਸੀ ਅਤੇ ਇਕ ਵੱਡਾ ਭਰਾ ਪਹਿਲਾਂ ਚੰਡੀਗੜ੍ਹ ਪੜ੍ਹਾਈ ਕਰ ਰਿਹਾ ਸੀ, ਜਦਕਿ ਉਕਤ ਬੱਚਾ ਹੀ ਆਪਣੀ ਮਾਂ ਨਾਲ ਰਹਿ ਰਿਹਾ ਸੀ, ਜੋ ਕਿ ਉਸ ਦੀ ਮਾਂ ਦੇ ਦੂਜੇ ਪਤੀ ਦੇ ਰਾਹ 'ਚ ਰੋੜਾ ਬਣ ਰਿਹਾ ਸੀ। ਮੁਲਜ਼ਮ ਨੇ 3 ਸਾਲ ਪਹਿਲਾਂ ਵੀ ਅਭਿਜੋਤ ਨੂੰ ਕਥਿਤ ਜ਼ਖ਼ਮੀ ਕਰਦੇ ਹੋਏ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਸਨ ਅਤੇ ਬਹਾਨਾ ਬਣਾ ਦਿੱਤਾ ਸੀ ਕਿ ਉਹ ਸਾਈਕਲ ਤੋਂ ਡਿੱਗ ਗਿਆ ਹੈ।
ਮਾਂ ਨੇ ਕੀਤੀ ਸੀ ਪੁੱਤ ਨਾਲ ਗੱਲਬਾਤ : ਮਤਰੇਆ ਬਾਪ
ਬੱਚੇ ਦੇ ਮਤਰੇਏ ਬਾਪ ਮਨਜੀਤ ਸਿੰਘ ਨੇ ਪੁਲਸ ਨੂੰ ਫੋਨ 'ਤੇ ਦੱਸਿਆ ਕਿ ਅਭਿਜੋਤ ਦੀ ਮਾਂ ਨੇ ਸ਼ਨੀਵਾਰ ਰਾਤ ਕਰੀਬ 10 ਵਜੇ ਬੱਚੇ ਨਾਲ ਗੱਲਬਾਤ ਕੀਤੀ ਸੀ, ਜਿਸ ਨੇ ਉਸ ਨੂੰ ਫੋਨ 'ਤੇ ਦੱਸਿਆ ਕਿ ਉਹ ਠੀਕ ਹੈ ਅਤੇ ਉਸ ਦੇ ਪੇਪਰਾਂ 'ਚੋਂ ਇੰਨੇ ਨੰਬਰ ਆਏ ਹਨ। ਮ੍ਰਿਤਕ ਬੱਚਾ ਮੂੰਡੀਆਂ ਖੁਰਦ ਦੇ ਟਿੱਬਾ ਕਾਲੋਨੀ 'ਚ ਸਥਿਤ ਪਰਫੈਕਟ ਸਕੂਲ 'ਚ ਪੜ੍ਹਦਾ ਸੀ। ਚੌਕੀ ਮੂੰਡੀਆਂ ਕਲਾਂ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਮ੍ਰਿਤਕ ਦੇ ਮਤਰੇਏ ਪਿਤਾ ਮਨਜੀਤ ਸਿੰਘ ਖਿਲਾਫ ਕਾਰਵਾਈ ਕਰਦੇ ਹੋਏ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ।
