ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 7 ਮਰੀਜ਼ਾਂ ਦੀ ਮੌਤ, 105 ਪਾਜ਼ੇਟਿਵ

11/17/2020 10:37:14 PM

ਲੁਧਿਆਣਾ, (ਸਹਿਗਲ)- ਸ਼ਹਿਰ ਦੇ ਹਸਪਤਾਲਾਂ ’ਚ ਅੱਜ ਕੋਰੋਨਾ ਵਾਇਰਸ ਕਾਰਣ 7 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 105 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਮੁਤਾਬਕ ਇਨ੍ਹਾਂ 7 ਮੀਰਜ਼ਾਂ ’ਚ ਤਿੰਨ ਜ਼ਿਲ੍ਹੇ ਦੇ ਰਹਿਣ ਵਾਲੇ, ਜਦੋਂਕਿ ਬਾਕੀ ਮਰੀਜ਼ਾਂ ’ਚ ਇਕ-ਇਕ ਮਰੀਜ਼ ਬਰਨਾਲਾ, ਬਠਿੰਡਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਉਨ੍ਹਾਂ ਕਿਹਾ ਕਿ ਇਕ ਤਾਂ 105 ਮਰੀਜ਼ਾਂ ’ਚ 92 ਮਰੀਜ਼ ਜ਼ਿਲੇ ਨਾਲ ਸਬੰਧਤ ਸਨ। 13 ਮਰੀਜ਼ ਦੂਜੇ ਜ਼ਿਲ੍ਹਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ’ਚ ਭਰਤੀ ਹੋਏ ਸਨ। ਜ਼ਿਲੇ ਦੇ ਜਿਨ੍ਹਾਂ 3 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ’ਚ ਕਿਚਲੂ ਨਗਰ ਦੀ ਰਹਿਣ ਵਾਲੀ 73 ਸਾਲਾ ਔਰਤ ਐੱਸ. ਪੀ. ਐੱਸ. ਹਸਪਤਾਲ ’ਚ ਭਰਤੀ ਸੀ, ਤੋਂ ਇਲਾਵਾ ਖੰਨਾ ਦਾ ਰਹਿਣ ਵਾਲਾ 64 ਸਾਲਾ ਵਿਅਕਤੀ ਰਜਿੰਦਰਾ ਹਸਪਤਾਲ ਪਟਿਆਲਾ ’ਚ ਭਰਤੀ ਸੀ, ਜਦੋਂਕਿ ਸ਼ਹਿਰੀ ਇਲਾਕੇ ਦਾ 26 ਸਾਲਾ ਪੁਰਸ਼ ਮਰੀਜ਼ ਮੋਗਾ, ਮੈਡੀਸਿਟੀ ਹਸਪਤਾਲ ’ਚ ਭਰਤੀ ਸੀ। ਸ਼ਹਿਰ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 21580 ਹੋ ਗਈ ਹੈ। ਇਨ੍ਹਾਂ ’ਚ 871 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 3002 ਪਾਜ਼ੇਟਿਵ ਮਰੀਜ਼ ਦੂਜੇ ਸ਼ਹਿਰਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ’ਚੋਂ 352 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਜ਼ਿਲੇ ’ਚ 19932 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 777 ਐਕਟਿਵ ਮਰੀਜ਼ ਰਹਿ ਗਏ ਹਨ।

ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਕਰੇਗਾ ਲੋਕਾਂ ਨੂੰ ਜਾਗਰੂਕ

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਪ੍ਰੋਗਰਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਡੀ. ਸੀ. ਅਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲੇ ’ਚ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮ ਕੀਤੇ ਜਾਣਗੇ ਤਾਂਕਿ ਲੋਕ ਕੋਰੋਨਾ ਵਾਇਰਸ ਤੋਂ ਬਚਣ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਕਰ ਸਕਣ। ਘਰੋਂ ਬਾਹਰ ਨਿਕਲਣ ’ਤੇ ਮਾਸਕ ਜ਼ਰੂਰ ਲਾਉਣ।

ਨਿਯਮਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਵਧ ਜਾਣਗੇ ਮਰੀਜ਼

ਸਿਵਲ ਸਰਜਨ ਨੇ ਕਿਹਾ ਕਿ ਲੋਕ ਇਸ ਗੱਲ ਪ੍ਰਤੀ ਜਾਗਰੂਕ ਹੋਣ ਕਿ ਜੇਕਰ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ। ਘਰੋਂ ਬਾਹਰ ਨਿਕਲਣ ’ਤੇ ਮਾਸਕ ਨਹੀਂ ਲਾਉਣਗੇ, ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖਣਗੇ ਤਾਂ ਉਹ ਖੁਦ ਬੀਮਾਰੀ ਵਧਾਉਣ ਦਾ ਕਾਰਣ ਬਣਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਕੋਰੋਨਾ ਵਾਇਰਸ ਦੇ ਕੇਸ ਘੱਟ ਹੋਏ ਹਨ ਪਰ ਇਨਫੈਕਸ਼ਨ ਦੇ ਫਿਰ ਵਧਣ ਦੇ ਆਸਾਰ ਹਨ। ਸਿਹਤ ਵਿਭਾਗ ਦੇ ਨੋਟਿਸ ’ਚ ਇਹ ਕੇਸ ਕਈ ਵਾਰ ਆ ਚੁੱਕਾ ਹੈ ਕਿ ਲੋਕਾਂ ਨੇ ਮਾਸਕ ਲਾਉਣਾ ਘੱਟ ਕਰ ਦਿੱਤਾ ਹੈ। ਉਹ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕਰ ਰਹੇ, ਜਿਸ ਕਾਰਣ ਕੋਰੋਨਾ ਦੇ ਕੇਸ ਫਿਰ ਵਧ ਸਕਦੇ ਹਨ।

1280 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਗ ਨੇ ਅੱਜ 1280 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ ਪਹਿਲਾਂ ਤੋਂ ਭੇਜੇ ਸੈਂਪਲ ਵੈਸੇ 1234 ਦੀ ਰਿਪੋਰਟ ਅਜੇ ਪੈਂਡਿੰਗ ਹੈ।

120 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 120 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ ਹੈ। ਮੌਜੂਦਾ ’ਚ 1423 ਮਰੀਜ਼ ਹੋਮ ਕੁਆਰੰਟਾਈਨ ’ਚ ਰਹਿ ਰਹੇ ਹਨ, ਜਦੋਂਕਿ 590 ਮਰੀਜ਼ ਹੋਮ ਆਈਸੋਲੇਸ਼ਨ ’ਚ ਭੇਜੇ ਗਏ ਹਨ।


Bharat Thapa

Content Editor

Related News