ਖੇਤੀ ਕਾਨੂੰਨਾਂ ਬਾਰੇ ਸ਼੍ਰੋਅਦ ਦੀ ਪਹਿਲਕਦਮੀ ’ਤੇ 7 ਪਾਰਟੀਆਂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ

Wednesday, Jul 28, 2021 - 02:55 PM (IST)

ਖੇਤੀ ਕਾਨੂੰਨਾਂ ਬਾਰੇ ਸ਼੍ਰੋਅਦ ਦੀ ਪਹਿਲਕਦਮੀ ’ਤੇ 7 ਪਾਰਟੀਆਂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ

ਜਲੰਧਰ (ਲਾਭ ਸਿੰਘ ਸਿੱਧੂ) : ਸ਼੍ਰੋਮਣੀ ਅਕਾਲੀ ਦਲ ਨੇ ਇਕ ਪਹਿਲਕਦਮੀ ਦੀ ਅਗਵਾਈ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਤੌਰ ’ਤੇ ਦਖਲ ਦੇ ਕੇ ਕੇਂਦਰ ਸਰਕਾਰ ਨੂੰ 3 ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ’ਤੇ ਚਰਚਾ ਕਰਨ ਵਾਸਤੇ ਰਾਜ਼ੀ ਕਰਨ। ਅਕਾਲੀ ਦਲ ਨੇ 6 ਹੋਰ ਪਾਰਟੀਆਂ ਨਾਲ ਮਿਲ ਕੇ ਰਾਸ਼ਟਰਪਤੀ ਨੂੰ ਇਕ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿੱਤਾ ਜਾਵੇ, ਤਾਂ ਜੋ ਉਹ ਉਨ੍ਹਾਂ ਨੂੰ ਐੱਨ. ਡੀ. ਏ. ਸਰਕਾਰ ਵੱਲੋਂ 3 ਖੇਤੀ ਕਾਨੂੰਨਾਂ ’ਤੇ ਚਰਚਾ ’ਤੇ ਜਬਰੀ ਰੋਕ ਲਾਉਣ ਦੇ ਅੜਬ ਰਵੱਈਏ ਬਾਰੇ ਜਾਣਕਾਰੀ ਦੇ ਸਕਣ। ਇਸ ਚਿੱਠੀ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਵੱਲੋਂ ਦਸਤਖ਼ਤ ਕੀਤੇ ਹਨ, ਜਦਕਿ ਬਹੁਜਨ ਸਮਾਜ ਪਾਰਟੀ, ਨੈਸ਼ਨਲਿਸਟ ਕਾਂਗਰਸ ਪਾਰਟੀ ਯਾਨੀ ਐੱਨ. ਸੀ. ਪੀ., ਸੀ. ਪੀ. ਆਈ. ਐੱਮ., ਸੀ. ਪੀ. ਆਈ., ਆਰ. ਐੱਲ. ਪੀ. ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਂਗਰਸ ਦੇ ਪ੍ਰਤੀਨਿਧੀਆਂ ਦੇ ਦਸਤਖ਼ਤ ਹਨ। ਇਸ ਵਿਚ ਮੰਗ ਕੀਤੀ ਕਿ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਦੀ ਲੋੜ ’ਤੇ ਵੀ ਚਰਚਾ ਕਰਵਾਈ ਜਾਵੇ। ਵੇਰਵੇ ਸਾਂਝੇ ਕਰਦਿਆਂ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਰਾਸ਼ਟਰਪਤੀ ਨੂੰ ਦੱਸਿਆ ਹੈ ਕਿ ਵਿਰੋਧੀ ਪਾਰਟੀਆਂ ਨੇ ਖੇਤੀਬਾੜੀ ਬਾਰੇ 3 ਕਾਲੇ ਕਾਨੂੰਨਾਂ ’ਤੇ ਚਰਚਾ ਲਈ ਵਾਰ-ਵਾਰ ਕੰਮ ਰੋਕੂ ਮਤੇ ਪੇਸ਼ ਕੀਤੇ ਹਨ ਪਰ ਸਰਕਾਰ ਨੇ ਇਸ ਸਭ ਤੋਂ ਸੰਵੇਦਨਸ਼ੀਲ ਮੁੱਦੇ ’ਤੇ ਚਰਚਾ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਦੇ ਵਿਰੁੱਧ ਲੜਾਈ ’ਚ ਪੰਜਾਬ ਦੀ ਸਿਆਸੀ ਪਿਚ ’ਤੇ ਰਾਹੁਲ-ਪ੍ਰਿਯੰਕਾ ਖੁੱਲ੍ਹਕੇ ਕਰ ਰਹੇ ਨੇ ਬੈਟਿੰਗ

ਚਿੱਠੀ ਵਿਚ ਦੱਸਿਆ ਗਿਆ ਕਿ ਦਿੱਲੀ ਦੀਆਂ ਹੱਦਾਂ ’ਤੇ ਪਹਿਲਾਂ ਹੀ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 550 ਤੋਂ ਜ਼ਿਆਦਾ ਕਿਸਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ। ਤਿੰਨ ਖੇਤੀ ਕਾਨੂੰਨਾਂ ਕਾਰਨ ਕਰੋੜਾਂ ਲੋਕਾਂ ਦੀ ਜ਼ਿੰਦਗੀ ਦਾਅ ’ਤੇ ਲੱਗ ਗਈ ਹੈ ਕਿਉਂਕਿ ਇਨ੍ਹਾਂ ਕਾਨੂੰਨਾਂ ਦਾ ਮਕਸਦ ਖੇਤੀਬਾੜੀ ਖੇਤਰ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨਾ ਹੈ ਪਰ ਐੱਨ. ਡੀ. ਏ. ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਚਿੱਠੀ ਵਿਚ ਕਿਹਾ ਗਿਆ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਕੇਂਦਰ ਸਰਕਾਰ ਨੂੰ ਹਦਾਇਤ ਕਰੋ ਕਿ ਉਹ 3 ਖੇਤੀ ਕਾਨੂੰਨ ਖਾਰਿਜ ਕਰੇ ਅਤੇ ਇਸ ਮਗਰੋਂ ਹੀ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਲੋੜੀਂਦੇ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਕਿਸਾਨਾਂ ਨਾਲ ਚਰਚਾ ਕਰੇ।

ਇਹ ਵੀ ਪੜ੍ਹੋ : ਫਲਾਪ ਹੋਈ ਕੋਵਿਡ-19 ਟੀਕਾਕਰਨ ਮੁਹਿੰਮ, ਸਰਕਾਰਾਂ ਨੇ ਰੱਬ ਆਸਰੇ ਛੱਡੀ ਪੰਜਾਬ ਦੀ ਜਨਤਾ : ਅਰੋੜਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News