ਨਾਮੀ ਵਪਾਰੀ ਪਰਿਵਾਰ ਦੇ 7 ਮੈਂਬਰ ਸ਼ੱਕੀ ਹਾਲਤ 'ਚ ਲਾਪਤਾ

Wednesday, Mar 11, 2020 - 11:29 PM (IST)

ਨਾਮੀ ਵਪਾਰੀ ਪਰਿਵਾਰ ਦੇ 7 ਮੈਂਬਰ ਸ਼ੱਕੀ ਹਾਲਤ 'ਚ ਲਾਪਤਾ

ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ)– ਸਥਾਨਕ ਸ਼ਹਿਰ ਦੇ ਨਾਮੀ ਵਪਾਰੀ ਪਰਿਵਾਰ ਦੇ 7 ਮੈਂਬਰਾਂ ਦੇ ਸ਼ੱਕੀ ਹਾਲਤ 'ਚ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਦੇ 7 ਮੈਂਬਰਾਂ ਦੇ ਸ਼ੱਕੀ ਹਾਲਤ 'ਚ ਲਾਪਤਾ ਹੋਣ ਤੋਂ ਬਾਅਦ ਜ਼ਿਲਾ ਮੋਗਾ ਦੀ ਪੁਲਸ ਪਰਿਵਾਰਕ ਮੈਂਬਰਾਂ ਦੀ ਭਾਲ 'ਚ ਕਰਨ 'ਚ ਲੱਗੀ ਹੋਈ ਹੈ। ਜਾਣਕਾਰੀ ਮੁਤਾਬਕ ਜ਼ਿਲਾ ਮੋਗਾ ਦੀ ਪੁਲਸ ਐੱਸ. ਪੀ. (ਐੱਚ) ਰਤਨ ਸਿੰਘ ਬਰਾੜ, ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ, ਥਾਣਾ ਮੁਖੀ ਨਿਹਾਲ ਸਿੰਘ ਵਾਲਾ ਜਸਵੰਤ ਸਿੰਘ, ਐਡੀਸ਼ਨਲ ਥਾਣਾ ਮੁਖੀ ਬੇਅੰਤ ਸਿੰਘ ਭੱਟੀ, ਚੌਕੀ ਇੰਚਾਰਜ ਬਿਲਾਸਪੁਰ ਰਾਮ ਲੁਭਾਇਆ, ਚੌਕੀ ਇੰਚਾਰਜ ਦੀਨਾ ਪੂਰਨ ਸਿੰਘ ਦੀ ਅਗਵਾਈ ਹੇਠ ਪਰਿਵਾਰਕ ਮੈਂਬਰਾਂ ਦੀ ਭਾਲ ਕਰਨ ਤੇ ਮਾਮਲੇ ਦੀ ਜਾਂਚ ਕਰਨ 'ਚ ਜੁਟੀ ਹੋਈ ਹੈ।

ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਪਰਿਵਾਰ ਦੇ ਘਰ 'ਚ ਜਾ ਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਜਿਥੋਂ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦਾ ਨਾਮੀ ਵਪਾਰੀ ਤਰਸੇਮ ਲਾਲ ਪੁੱਤਰ ਵਲੈਤੀ ਰਾਮ (60 ਸਾਲ) ਆਪਣੇ ਪਰਿਵਾਰ ਸਮੇਤ 10 ਮਾਰਚ ਨੂੰ ਹੋਲੀ ਵਾਲੇ ਦਿਨ ਆਪਣੀ ਗੱਡੀ 'ਚ ਸਵਾਰ ਹੋ ਕੇ ਇਹ ਕਹਿ ਕੇ ਗਿਆ ਸੀ ਕਿ ਉਹ ਸਭ ਮਾਤਾ ਦੇ ਚੱਲੇ ਹਨ ਪਰ ਦੂਜੇ ਦਿਨ ਗੱਡੀ ਸ਼ੈਲਰ 'ਤੇ ਪਹੁੰਚ ਗਈ ਅਤੇ ਪਰਿਵਾਰ ਸ਼ੱਕੀ ਹਾਲਤ 'ਚ ਲਾਪਤਾ ਹੋ ਗਿਆ। ਉਕਤ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਫੋਨ ਬੰਦ ਆ ਰਹੇ ਹਨ। ਭੇਤਭਰੀ ਹਾਲਤ 'ਚ ਗੁੰਮ ਹੋਣ ਵਾਲੇ ਮੈਂਬਰਾਂ 'ਚ ਸੰਤੋਸ਼ ਰਾਣੀ ਅਤੇ ਉਸ ਦਾ ਪਤੀ ਤਰਸੇਮ ਸਿੰਘ, ਉਨ੍ਹਾਂ ਦੇ ਸਪੁੱਤਰ ਵਰੁਣ (25), ਕ੍ਰਿਸ਼ਨ ਕੁਮਾਰ (32) ਅਤੇ ਉਸ ਦੀ ਪਤਨੀ ਅਤੇ ਦੋ ਬੱਚੇ ਸ਼ਾਮਲ ਹਨ। ਇਹ ਵੀ ਪਤਾ ਲੱਗਾ ਹੈ ਕਿ ਇਸ ਪਰਿਵਾਰ ਦੇ 7 ਦੇ ਕਰੀਬ ਸ਼ੈਲਰ ਹਨ ਅਤੇ ਜਾਣ ਤੋਂ ਪਹਿਲਾਂ ਇਸ ਪਰਿਵਾਰ ਨੇ ਆਪਣੀ ਕੋਠੀ 'ਤੇ ਇਕ ਨੋਟਿਸ ਲਾਇਆ ਹੈ, ਜਿਸ 'ਚ ਚਾਰ ਵਿਅਕਤੀਆਂ ਦੇ ਨਾਂ ਲਿਖੇ ਗਏ ਹਨ ਕਿ ਸਾਡੇ ਤੋਂ ਬਾਅਦ ਸਾਡੇ ਸ਼ੈਲਰਾਂ 'ਚ ਪਿਆ ਘਾਟਾ ਇਨ੍ਹਾਂ ਤੋਂ ਵਸੂਲਿਆ ਜਾਵੇ। ਸ਼ਹਿਰ 'ਚ ਇਸ ਘਟਨਾ ਨੂੰ ਲੈ ਕੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਪਰਿਵਾਰ ਨੂੰ ਕਿਹੜਾ ਡਰਾਈਵਰ ਲੈ ਕੇ ਗਿਆ ਸੀ।


Related News