ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

Friday, Apr 08, 2022 - 09:48 AM (IST)

ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਮੋਹਾਲੀ (ਪਰਦੀਪ) : ਦਿੱਲੀ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਵਲੋਂ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਮਿੱਡੂਖੇੜਾ (33) ਦੀ ਹੱਤਿਆ ਨਾਲ ਸਬੰਧਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ 7 ਦਿਨਾਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਹੱਤਿਆ ਤੋਂ ਇਕ ਦਿਨ ਪਹਿਲਾਂ ਹੱਤਿਆਰੇ ਜਲਵਾਯੂ ਵਿਹਾਰ ਸੰਨੀ ਐਨਕਲੇਵ ਖਰੜ ਵਿਚ ਰੁਕੇ ਸਨ ਅਤੇ ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਸਥਾਨਕ ਪ੍ਰੋਡਕਸ਼ਨ ਹਾਊਸ ਦੇ ਮੈਨੇਜਰ ਵਲੋਂ ਕੀਤਾ ਗਿਆ ਸੀ। ਪੁਲਸ ਮੁਤਾਬਕ ਅਜਿਹਾ ਲੱਗਦਾ ਹੈ ਕਿ ਇਹ ਕੰਟਰੈਕਟ ਕਿਲਿੰਗ ਦਾ ਮਾਮਲਾ ਹੈ। 7 ਅਗਸਤ 2021 ਨੂੰ ਮਿੱਡੂਖੇੜਾ ਸਵੇਰੇ 10.30 ਵਜੇ ਸੈਕਟਰ-71 ਸਥਿਤ ਇਕ ਪ੍ਰਾਪਰਟੀ ਡੀਲਰ ਦੇ ਦਫਤਰ, ਜੋ ਕਿ ਉਸਦੀ ਰਿਹਾਇਸ਼ ਦੇ ਨੇੜੇ ਸੀ, ਦਾ ਦੌਰਾ ਕਰਨ ਤੋਂ ਬਾਅਦ ਆਪਣੀ ਐਕਸ. ਯੂ. ਵੀ. ਗੱਡੀ ਵਿਚ ਬੈਠਣ ਲੱਗਾ ਸੀ ਕਿ ਨਕਾਬਪੋਸ਼ ਵਿਅਕਤੀਆਂ ਨੇ ਉਸਦਾ ਪਿੱਛਾ ਕੀਤਾ ਅਤੇ ਉਸ ’ਤੇ ਕਈ ਗੋਲੀਆਂ ਚਲਾਈਆਂ ਅਤੇ ਉਸਦੀ ਮੌਤ ਹੋ ਗਈ। ਮੌਕੇ ’ਤੇ ਮੁਲਜ਼ਮਾਂ ਦੀ ਪਛਾਣ ਅਨਿਲ ਕੁਮਾਰ ਉਰਫ਼ ਲੱਠ , ਸੱਜਣ ਸਿੰਘ ਉਰਫ ਭੋਲੂ ਅਤੇ ਅਜੇ ਕੁਮਾਰ ਉਰਫ ਸੰਨੀ ਵਜੋਂ ਹੋਈ।

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?

3 ਘੰਟੇ ਪਾਰਕ ’ਚ ਬੈਠ ਕੇ ਉਡੀਕਦੇ ਰਹੇ ਮਿੱਡੂਖੇੜਾ ਨੂੰ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹੱਤਿਆ ਤੋਂ ਇਕ ਦਿਨ ਪਹਿਲਾਂ ਤਿੰਨੋਂ ਮੁਲਜ਼ਮ ਸੰਨੀ ਐਨਕਲੇਵ ਵਿਚ ਜਲਵਾਯੂ ਵਿਹਾਰ ਦੇ ਇਕ ਫਲੈਟ ਵਿਚ ਰੁਕੇ ਸਨ। 7 ਅਗਸਤ ਨੂੰ ਤਿੰਨੋਂ ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ ਸਥਾਨਕ ਵਿਅਕਤੀ ਨੂੰ ਮਿਲੇ, ਜੋ ਉਨ੍ਹਾਂ ਨੂੰ ਸੈਕਟਰ-71 ਸਥਿਤ ਮਿੱਡੂਖੇੜਾ ਦੀ ਰਿਹਾਇਸ਼ ਨੇੜੇ ਮੋਹਾਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਚਿੱਟੇ ਰੰਗ ਦੀ ਹੁੰਡਈ ਆਈ-20 ਕਾਰ ਵਿਚ ਪਾਰਕ ਵਿਚ ਲੈ ਗਿਆ ਅਤੇ ਇਲਾਕੇ ਵਿਚ ਰੇਕੀ ਕੀਤੀ ਅਤੇ ਵਾਰਦਾਤ ਕਰਨ ਦਾ ਫੈਸਲਾ ਕੀਤਾ ਹੈ। ਹੱਤਿਆਰੇ ਸਾਢੇ ਤਿੰਨ ਘੰਟੇ ਪਾਰਕ ਵਿਚ ਬੈਠੇ ਕੇ ਅਕਾਲੀ ਆਗੂ ਦੇ ਘਰੋਂ ਬਾਹਰ ਆਉਣ ਦਾ ਇੰਤਜ਼ਾਰ ਕਰਦੇ ਰਹੇ। ਜਦੋਂ ਮਿੱਡੂਖੇੜਾ ਘਰੋਂ ਬਾਹਰ ਨਾ ਨਿਕਲਿਆ ਤਾਂ ਹੱਤਿਆਰਿਆਂ ਵਿਚੋਂ ਇਕ ਨੌਜਵਾਨ ਜੂਸ ਪੀਣ ਲਈ ਨੇੜਲੇ ਬਾਜ਼ਾਰ ਵਿਚ ਗਿਆ ਅਤੇ ਉਸ ਨੇ ਮਿੱਡੂਖੇੜਾ ਦੀ ਐੱਸ. ਯੂ. ਵੀ. ਗੱਡੀ ਦੇਖ ਲਈ ਅਤੇ ਉਸੇ ਸਮੇਂ ਆਪਣੇ ਸਾਥੀ ਨੂੰ ਉਸੇ ਬਾਜ਼ਾਰ ਵਿਚ ਬੁਲਾ ਲਿਆ। ਅਧਿਕਾਰੀ ਨੇ ਕਿਹਾ ਕਿ ਮਿੱਢੂਖੇੜਾ ਜਦੋਂ ਪ੍ਰਾਪਰਟੀ ਡੀਲਰ ਦੇ ਦਫਤਰ ਵਿਚੋਂ ਬਾਹਰ ਆਇਆ ਤਾਂ ਹੱਤਿਆਰਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਝ ਮੀਟਰ ਤਕ ਉਸਦਾ ਪਿੱਛਾ ਕੀਤਾ ਕਿ ਇਹ ਮਰ ਗਿਆ ਹੈ, ਕਿਤੇ ਜਿਊਂਦਾ ਤਾਂ ਨਹੀਂ।

ਇਹ ਵੀ ਪੜ੍ਹੋ : ਬਠਿੰਡਾ-ਕੋਟਕਪੂਰਾ ਨੈਸ਼ਨਲ ਹਾਈਵੇ ਜਾਮ ਦੀ ਹੋਈ ਸਮਾਪਤੀ, ਮੋਰਚੇ ਵੱਲੋਂ ਸਰਕਾਰ ਨੂੰ 2 ਦਿਨ ਦਾ ਅਲਟੀਮੇਟਮ

ਕੰਟਰੈਕਟ ਕਿਲਿੰਗ ਥਿਊਰੀ ’ਤੇ ਕੰਮ ਕਰ ਰਹੀ ਦਿੱਲੀ ਪੁਲਸ

ਸੂਤਰਾਂ ਅਨੁਸਾਰ ਦਿੱਲੀ ਪੁਲਸ ਦੀ ਟੀਮ ਪਹਿਲਾਂ ਹੀ ਜਲਵਾਯੂ ਵਿਹਾਰ ਵਿਚ ਫਲੈਟ ਦੀ ਪਛਾਣ ਕਰਨ ਲਈ ਪਹੁੰਚ ਚੁੱਕੀ ਸੀ, ਜਿੱਥੇ ਉਸ ਨੇ ਉਨ੍ਹਾਂ ਵਿਅਕਤੀਆਂ ਦਾ ਪਤਾ ਲਾਇਆ, ਜੋ ਸ਼ਹਿਰ ਵਿਚ ਇਸ ਘਿਨੌਣੇ ਜ਼ੁਰਮ ਨੂੰ ਅੰਜਾਮ ਦੇਣ ਲਈ ਰਿਹਾਇਸ਼ ਅਤੇ ਸਥਾਨਕ ਸਾਮਾਨ ਮੁਹੱਈਆ ਕਰਵਾਉਣ ਲਈ ਸਹਾਇਕ ਸਨ। ਕੰਟਰੈਕਟ ਕਿਲਿੰਗ ਥਿਊਰੀ ’ਤੇ ਦਿੱਲੀ ਪੁਲਸ ਜਾਂਚ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਸਥਾਨਕ ਪੁਲਸ ਨਾਲ ਵੀ ਵੇਰਵੇ ਸਾਂਝੇ ਕੀਤੇ ਹਨ, ਜੋ ਇਸਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਸਥਾਨਕ ਪੁਲਸ ਨੇ ਇਸ ਘਿਨੌਣੇ ਕਤਲ ਦੀ ਡੂੰਘੀ ਸਾਜ਼ਿਸ਼ ਦਾ ਪਤਾ ਲਾਉਣ ਲਈ ਪ੍ਰੋਡਕਸ਼ਨ ਹਾਊਸ ਦੇ ਮੈਨੇਜਰ ਤੋਂ ਵੀ ਪੁੱਛਗਿੱਛ ਕੀਤੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ! ਪਹਿਲਾਂ ਭਾਬੀ ਨੇ ਨਨਾਣ ਨਾਲ ਕਰਵਾਇਆ ਜਬਰ ਜ਼ਿਨਾਹ, ਫਿਰ ਬੇਹੋਸ਼ੀ ਦੀ ਹਾਲਤ ’ਚ ਵੇਚਿਆ

ਲੰਘੀ 30 ਮਾਰਚ ਨੂੰ ਦਿੱਲੀ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਤਿੰਨੇ ਸ਼ਾਰਪਸ਼ੂਟਰ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ 12 ਖ਼ਤਰਨਾਕ ਗੈਂਗਸਟਰਾਂ ਵਿਚੋਂ ਹਨ, ਜਿਨ੍ਹਾਂ ਨੂੰ ਦਿੱਲੀ ਪੁਲਸ ਨੇ ਦੇਸ਼ ਦੇ 7 ਸੂਬਿਆਂ ਵਿਚ ਇਕ ਮਹੀਨਾ ਚੱਲੇ ਆਪ੍ਰੇਸ਼ਨ ਤੋਂ ਬਾਅਦ ਫੜਿਆ ਸੀ। ਪੁਲਸ ਅਨੁਸਾਰ ਸੱਜਣ ਅਤੇ ਅਨਿਲ 30 ਤੋਂ ਵੱਧ ਕਤਲ ਅਤੇ ਫਿਰੌਤੀ ਦੇ ਮਾਮਲਿਆਂ ਵਿਚ ਸ਼ਾਮਲ ਹੋਣ ਕਾਰਨ ਦਿੱਲੀ ਅਤੇ ਹਰਿਆਣਾ ਖੇਤਰ ਵਿਚ ਸਭ ਤੋਂ ਵੱਧ ਲੋੜੀਂਦੇ ਗੈਂਗਸਟਰਾਂ ਵਿਚੋਂ ਇਕ ਹਨ। ਇਹ ਪੰਜਾਬੀ ਅਦਾਕਾਰ-ਕਮ-ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਨਾਲ ਵੀ ਜੁੜੇ ਦੱਸੇ ਜਾ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News