ਗੈਂਗਸਟਰ ਸੁੱਖਾ ਕਾਹਲੋਂ ਕੇਸ ਦੇ ਗਵਾਹ ਨੂੰ ਕਰਨਾ ਸੀ ਕਤਲ, ਵਾਰਦਾਤ ਤੋਂ ਪਹਿਲਾਂ ਹੀ ਹਥਿਆਰਾਂ ਸਣੇ ਫੜੇ ਗਏ 7 ਬਦਮਾਸ਼
Monday, Sep 12, 2022 - 01:05 PM (IST)
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਅਮਰੀਕਾ ਬੈਠੇ ਮਾਸਟਰ ਦੀਆਂ ਹਿਦਾਇਤਾਂ ’ਤੇ ਸੁੱਖਾ ਕਾਹਲੋਂ ਕੇਸ ਦੇ ਗਵਾਹ ਗੋਪੀ ਨਿੱਝਰ ਦਾ ਕਤਲ ਅਤੇ ਜਲੰਧਰ ਦੇ ਪ੍ਰਸਿੱਧ ਟ੍ਰੈਵਲ ਏਜੰਟ ਤੋਂ ਜਬਰੀ ਵਸੂਲੀ ਦੀ ਯੋਜਨਾ ਬਣਾ ਰਹੇ 7 ਮੁਲਜ਼ਮਾਂ ਨੂੰ 2 ਪਿਸਤੌਲਾਂ, 4 ਮੈਗਜ਼ੀਨ, 15 ਜ਼ਿੰਦਾ ਕਾਰਤੂਸਾਂ, ਇਕ ਸਕੂਟੀ ਅਤੇ ਮੋਟਰਸਾਈਕਲ ਸਮੇਤ ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਭਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਅਪਰਾਧਕ ਕਿਸਮ ਦੇ ਲੋਕ ਕਿਸੇ ਵਿਅਕਤੀ ਦਾ ਕਤਲ ਕਰਨ ਦੇ ਇਰਾਦੇ ਨਾਲ ਹਥਿਆਰ ਲੈ ਕੇ ਨਵਾਂਸ਼ਹਿਰ ਖੇਤਰ ’ਚ ਘੁੰਮ ਰਹੇ ਹਨ। ਉਕਤ ਸੂਚਨਾ ਦੇ ਆਧਾਰ ’ਤੇ ਐੱਸ. ਪੀ. ਜਾਂਚ ਡਾ. ਮੁਕੇਸ਼ ਸ਼ਰਮਾ, ਡੀ. ਐੱਸ. ਪੀ. ਹਰਸ਼ਪ੍ਰੀਤ ਸਿੰਘ ਅਤੇ ਸੀ. ਆਈ. ਏ. ਇੰਚਾਰਜ ਅਵਤਾਰ ਦੀ ਅਗਵਾਈ ਹੇਠ ਪੁਲਸ ਨੇ ਬਾਈਪਾਸ ਪੁਲ ਗੜ੍ਹਸ਼ੰਕਰ ਰੋਡ ’ਤੇ ਨਾਕਾ ਲਗਾਇਆ ਸੀ ਕਿ ਬੀਤੀ ਰਾਤ ਇਕ ਮੋਟਰਸਾਈਕਲ ਅਤੇ ਇਕ ਸਕੂਟੀ ’ਤੇ ਆ ਰਹੇ ਕਰੀਬ 7 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 2 ਪਿਸਤੌਲ, 4 ਮੈਗਜ਼ੀਨ, 15 ਜ਼ਿੰਦਾ ਕਾਰਤੂਸ, 1 ਸਕੂਟੀ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਚਰਚ 'ਚ 4 ਸਾਲਾ ਬੱਚੀ ਦੀ ਮੌਤ ਹੋਣ 'ਤੇ ਹੰਗਾਮਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਰੋਹਿਤ ਕੁਮਾਰ ਉਰਫ਼ ਸੰਮਾ ਪੁੱਤਰ ਸੁਖਦੇਵ ਸਿੰਘ ਵਾਸੀ ਕਿਸ਼ਨਪੁਰਾ ਥਾਣਾ ਸਦਰ ਨਵਾਂਸ਼ਹਿਰ, ਓਮ ਬਹਾਦੁਰ ਉਰਫ਼ ਸਾਹਿਲ ਪੁੱਤਰ ਹੋਮ ਬਹਾਦੁਰ ਵਾਸੀ ਸਲੋਹ, ਰਾਜਿੰਦਰ ਸਿੰਘ ਉਰਫ਼ ਨੰਦੀ ਵਾਸੀ ਗੇਂਦਰ ਜ਼ਿਲਾ ਫਿਰੋਜ਼ਪੁਰ, ਗੁਰਪ੍ਰੀਤ ਗੋਲੀ ਵਾਸੀ ਮੁੰਦਕੀ ਜ਼ਿਲ੍ਹਾ ਫਿਰੋਜ਼ਪੁਰ, ਰੁਪੇਸ਼ ਕੁਮਾਰ ਵਾਸੀ ਸ਼ੇਰੇਵਾਲ ਜ਼ਿਲ੍ਹਾ ਫਾਜ਼ਿਲਕਾ, ਰਣਯੋਧ ਸਿੰਘ ਉਰਫ਼ ਯੋਧਾ ਵਾਸੀ ਮੁੰਦਕੀ ਅਤੇ ਸ਼ਸ਼ੀ ਕੁਮਾਰ ਵਾਸੀ ਪੱਲਾਮੇਘਾ ਜ਼ਿਲਾ ਫਿਰੋਜ਼ਪੁਰ ਦੇ ਤੌਰ ’ਤੇ ਕੀਤੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਲੋਕਾਂ ਨੂੰ ਅਮਰੀਕਾ ਵਿਖੇ ਬੈਠੇ ਮਾਸਟਰ ਮਾਇੰਡ ਅੰਮ੍ਰਿਤਪਾਲ ਸਿੰਘ ਨੇ ਸੁੱਖਾ ਕਾਹਲੋਂ ਕੇਸ ਦੇ ਗਵਾਹ ਗੋਪੀ ਨਿੱਜਰ ਅਤੇ ਜਲੰਧਰ ਦੇ ਇਕ ਪ੍ਰਸਿੱਧ ਟ੍ਰੈਵਲ ਏਜੰਟ ਤੋਂ ਜਬਰੀਂ ਵਸੂਲੀ ਕਰਨ ਲਈ ਹਾਇਰ ਕੀਤਾ ਗਿਆ ਸੀ।
ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਲਿਆ 3 ਦਿਨ ਦੇ ਪੁਲਸ ਰਿਮਾਂਡ ’ਤੇ
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ 3 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ’ਚੋਂ ਰਾਜਿੰਦਰ ਸਿੰਘ ’ਤੇ 2 ਅਪਰਾਧਕ ਮਮਲੇ, ਗੁਰਪ੍ਰੀਤ ਸਿੰਘ ਉਰਫ਼ ਗੋਪੀ ’ਤੇ ਆਰਮ ਐਕਟ ਤਹਿਤ, ਸ਼ਸ਼ੀ ਕੁਮਾਰ ਪੁੱਤਰ ਸੁਲਤਾਨ ’ਤੇ 2 ਅਪਰਾਧਕ ਮਾਮਲੇ, ਰਣਯੋਧ ਸਿੰਘ ਉਰਫ਼ ਯੋਧਾ ’ਤੇ 1 ਅਪਰਾਧਕ ਮਾਮਲਾ ਦਰਜ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਵਿਦੇਸ਼ ’ਚ ਰਹਿਣ ਵਾਲੇ ਸਾਜ਼ਸ਼ਕਰਤਾ ਵੱਲੋਂ ਗ੍ਰਿਫ਼ਤਾਰ ਰਹਿਤ ਦੀ ਮਾਰਫ਼ਤ ਉਕਤ ਲੋਕਾਂ ਨੂੰ ਹਾਇਰ ਕੀਤਾ ਗਿਆ ਸੀ ਅਤੇ ਕੰਮ ਪੁਰਾ ਹੋਣ ’ਤੇ ਮਿੱਥੀ ਰਕਮ ਦਿੱਤੀ ਜਾਣੀ ਸੀ।
ਇਹ ਵੀ ਪੜ੍ਹੋ: LPU 'ਚ ਪੜ੍ਹਦੀ ਵਿਦਿਆਰਥਣ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਦੋ ਹਿੱਸਿਆਂ 'ਚ ਵੰਡਿਆ ਗਿਆ ਸਰੀਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ