ਮਹਿਲਾਵਾਂ ਲਈ ਬਣਾਏ 7 ‘ਪਿੰਕ ਪੋਲਿੰਗ ਸਟੇਸ਼ਨ’ ਬਣ ਰਹੇ ਹਨ ਖਿੱਚ ਦਾ ਕੇਂਦਰ
Sunday, Feb 20, 2022 - 07:46 AM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਵਿਧਾਨ ਸਭਾ ਚੋਣਾਂ ’ਚ ਔਰਤਾਂ ਦੀ ਭਾਗੀਦਾਰੀ ਨੂੰ ਉਤਸਾਹਿਤ ਕਰਨ ਲਈ, ਸੰਗਰੂਰ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ’ਚ ਜਨਾਨੀਆਂ ਨੂੰ ਸਮਰਪਿਤ ਸੱਤ ‘ਪਿੰਕ ਪੋਲਿੰਗ ਸਟੇਸ਼ਨ’ ਸਥਾਪਤ ਕੀਤੇ ਹਨ ਜੋ ਕਿ ਖਿੱਚ ਦਾ ਕੇਂਦਰ ਬਣ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਨੇ ਦੱਸਿਆ ਕਿ ਇਨ੍ਹਾਂ ਸੱਤ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ ਅੱਜ ਮਿਤੀ 20 ਫਰਵਰੀ ਨੂੰ ਹੋਣ ਵਾਲੀਆਂ ਵੋਟਾਂ ਦੌਰਾਨ ਸਿਰਫ਼ ਜਨਾਨੀਆਂ ਦੀਆਂ ਟੀਮਾਂ ਵੱਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪੋਲਿੰਗ ਬੂਥਾਂ ’ਚ ਪੋਲਿੰਗ ਸਟਾਫ਼, ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਮੁੱਚਾ ਸਟਾਫ਼ ਔਰਤਾਂ ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਸਟੇਸ਼ਨਾਂ ਨੂੰ ਗੁਲਾਬੀ ਡਿਜ਼ਾਈਨ ਨਾਲ ਵੱਖਰਾ ਕੀਤਾ ਗਿਆ ਹੈ, ਜਿਸ ’ਚ ਗੁਲਾਬੀ ਪਰਦੇ, ਗੁਲਾਬੀ ਟੈਂਟ, ਗੁਲਾਬੀ ਗੁਬਾਰੇ ਅਤੇ ਟੇਬਲ ਕਵਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਔਰਤਾਂ ਦੇ ਸਸ਼ਕਤੀਕਰਨ ਲਈ ਇੱਕ ਸਾਰਥਕ ਪੁਲਾਂਘ ਹੈ ਕਿਉਂਕਿ ਕਈ ਵਾਰ ਮਹਿਲਾ ਕਰਮਚਾਰੀ ਚੋਣ ਡਿਊਟੀਆਂ ਕਰਨ ਤੋਂ ਝਿਜਕਦੀਆਂ ਹਨ ਜਦੋਂ ਕਿ ਔਰਤਾਂ ਆਪਣੀ ਮਿਹਨਤ ਅਤੇ ਸਮਰਪਣ ਦੁਆਰਾ ਸਮਾਜ ਦੇ ਹਰ ਖੇਤਰ ’ਚ ਮੱਲਾਂ ਮਾਰ ਰਹੀਆਂ ਹਨ।
ਇਹ ਵੀ ਪੜ੍ਹੋ : ਅੱਜ ਪੈਣਗੀਆਂ ਪੰਜਾਬ ਵਿਧਾਨ ਸਭਾ ਚੋਣਾਂ, 1304 ਉਮੀਦਵਾਰ ਚੋਣ ਮੈਦਾਨ ’ਚ
ਉਨ੍ਹਾਂ ਦੱਸਿਆ ਕਿ 99 ਲਹਿਰਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ,100 ਦਿੜਬਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ, 101 ਸੁਨਾਮ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਚੱਠੇ ਅਤੇ ਸਰਕਾਰੀ ਹਾਈ ਸਕੂਲ ਕੁਲਾਰ ਖੁਰਦ, 107 ਧੂਰੀ ਵਿਖੇ ਮਿਊਂਸੀਪਲ ਕਮੇਟੀ ਅਤੇ 108 ਸੰਗਰੂਰ ਵਿਖੇ ਅਕਾਲ ਡਿਗਰੀ ਕਾਲਜ ਫਾਰ ਵੁਮੈਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸਥਾਪਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਜਲੰਧਰ ਪੱਛਮੀ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ