644 ਰਿਟਾਇਰਡ ਸਰਕਾਰੀ ਚੌਂਕੀਦਾਰਾਂ ਦੀ ਬੰਦ ਪੈਨਸ਼ਨ ਆਖਰ ਹੋਈ ਬਹਾਲ

Wednesday, Mar 27, 2019 - 10:31 AM (IST)

644 ਰਿਟਾਇਰਡ ਸਰਕਾਰੀ ਚੌਂਕੀਦਾਰਾਂ ਦੀ ਬੰਦ ਪੈਨਸ਼ਨ ਆਖਰ ਹੋਈ ਬਹਾਲ

ਚੰਡੀਗੜ੍ਹ (ਭੁੱਲਰ) : ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਨਾਲ ਸਬੰਧਤ 644 ਸਰਕਾਰੀ ਚੌਕੀਦਾਰਾਂ ਦੀ ਬੰਦ ਪੈਨਸ਼ਨ ਆਖਰ 32 ਸਾਲ ਦੇ ਸਮੇਂ ਬਾਅਦ ਬਹਾਲ ਹੋਈ ਹੈ। ਇੰਨੇ ਹੀ ਸਮੇਂ ਤੋਂ ਆਰਜ਼ੀ ਤੇ ਐਡਹਾਕ ਤੌਰ 'ਤੇ ਕੰਮ ਕਰ ਰਹੇ ਦਰਜਾ ਚਾਰ ਕਾਮਿਆਂ ਦੀਆਂ ਸੇਵਾਵਾਂ ਵੀ ਸਰਕਾਰ ਵਲੋਂ ਰੈਗੂਲਰ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਪੱਤਰ ਸਰਕਾਰ ਵਲੋਂ ਪਿਛਲੇ ਦਿਨੀਂ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਥੇ ਸਾਂਝਾ ਮੁਲਾਜ਼ਮ ਮੰਚ ਅਤੇ ਵਿਭਾਗ ਦੇ ਦਰਜਾ ਚਾਰ ਕਾਮਿਆਂ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਦਿੱਤੀ।
ਜ਼ਿਕਰਯੋਗ ਹੈ ਕਿ ਚੌਕੀਦਾਰ ਪੈਨਸ਼ਨ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਸਨ ਅਤੇ ਉਨ੍ਹਾਂ ਪਿਛਲੇ ਸਮੇਂ ਵਿਚ ਰੋਸ ਵਜੋਂ ਆਪਣੇ ਖੂਨ ਦੇ ਪਿਆਲੇ ਭਰ ਕੇ ਵੀ ਸਰਕਾਰ ਦੇ ਉਚ ਅਧਿਕਾਰੀਆਂ ਨੂੰ ਸੌਂਪੇ ਸਨ। ਮੰਤਰੀ ਨੇ ਰੈਗੂਲਰ ਹੋਏ ਕਾਮਿਆਂ ਨੂੰ ਉਨ੍ਹਾਂ ਦੇ ਘਰੇਲੂ ਜ਼ਿਲ੍ਹਿਆਂ 'ਚ ਵਿੱਤ ਵਿਭਾਗ ਦੀ ਪ੍ਰਵਾਨਗੀ ਹਾਸਲ ਕਰਨ ਤੋਂ ਬਾਅਦ ਨਿਯੁਕਤ ਕਰਨ ਦਾ ਵੀ ਭਰੋਸਾ ਦਿੱਤਾ ਹੈ। ਮੰਤਰੀ ਨੂੰ ਮਿਲਣ ਵਾਲੇ ਮੁਲਾਜ਼ਮ ਆਗੂਆਂ 'ਚ ਸਾਂਝੇ ਮੁਲਾਜ਼ਮ ਮੰਚ ਦੇ ਆਗੂ ਸੁਖਚੈਨ ਸਿੰਘ ਖਹਿਰਾ ਤੋਂ ਇਲਾਵਾ ਭੁਪਿੰਦਰ ਸਿੰਘ ਜੱਸੀ, ਸ਼ੇਰ ਸਿੰਘ ਹਰੀਗੜ੍ਹ, ਭਜਨ ਸਿੰਘ ਸੰਗਰੂਰ, ਕੁਲਦੀਪ ਸਿੰਘ ਕੌਲ, ਬ੍ਰਿਸ਼ੂਭਾਨ, ਰਾਮ ਜੀ ਦਾਸ, ਧੰਨਾ ਸਿੰਘ, ਕਰਨੈਲ ਦਾਸ ਆਦਿ ਸ਼ਾਮਲ ਸਨ। ਯੂਨੀਅਨ ਆਗੂਆਂ ਨੇ ਖੁਰਾਕ ਦੇ ਸਪਲਾਈ ਵਿਭਾਗ ਦੇ ਮੰਤਰੀ ਵਲੋਂ ਮੰਗਾਂ ਦੀ ਪੂਰਤੀ 'ਚ ਨਿਭਾਏ ਯੋਗਦਾਨ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ।


author

Babita

Content Editor

Related News