ਚੰਡੀਗੜ੍ਹ ਦੀ 61 ਏਕੜ ਜ਼ਮੀਨ ਸੀਵਰੇਜ ਨੇ ਕੀਤੀ ਬਰਬਾਦ

Thursday, Feb 22, 2018 - 07:21 AM (IST)

ਚੰਡੀਗੜ੍ਹ (ਵਿਜੇ) - ਜਿਥੇ ਇਕ ਪਾਸੇ ਜ਼ਮੀਨ ਨਾ ਹੋਣ ਕਾਰਨ ਚੰਡੀਗੜ੍ਹ ਦੇ ਕਈ ਮੈਗਾ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਾਈਲਾਂ 'ਚ ਬੰਦ ਹੋ ਕੇ ਰਹਿ ਗਏ, ਉਥੇ ਹੀ ਦੂਜੇ ਪਾਸੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 61 ਏਕੜ ਜ਼ਮੀਨ ਹੌਲੀ-ਹੌਲੀ ਦਲਦਲ ਦਾ ਰੂਪ ਧਾਰਦੀ ਜਾ ਰਹੀ ਹੈ। ਇਹ ਜ਼ਮੀਨ ਹੈ ਯੂ. ਟੀ. ਦੇ ਫਾਰੈਸਟ ਡਿਪਾਰਟਮੈਂਟ ਦੀ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਡਿਪਾਰਟਮੈਂਟ ਦੀ ਇਸ ਜ਼ਮੀਨ 'ਤੇ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦਾ ਪਾਣੀ ਇਕੱਠਾ ਹੋ ਰਿਹਾ ਹੈ ਪਰ ਨਾ ਤਾਂ ਅੱਜ ਤਕ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਜ਼ਮੀਨ ਦੀ ਹਾਲਤ ਸੁਧਾਰਨ ਪ੍ਰਤੀ ਕੋਈ ਕੋਸ਼ਿਸ਼ ਕੀਤੀ ਤੇ ਨਾ ਹੀ ਉਨ੍ਹਾਂ ਸੋਮਿਆਂ ਨੂੰ ਬੰਦ ਕੀਤਾ ਜਾ ਸਕਿਆ, ਜਿਸ ਕਾਰਨ ਸ਼ਹਿਰ ਦੀ ਇਸ ਬੇਸ਼ਕੀਮਤੀ ਜ਼ਮੀਨ ਦੀ ਦੁਰਦਸ਼ਾ ਹੋ ਰਹੀ ਹੈ। ਆਲਮ ਇਹ ਹੈ ਕਿ ਇਹ ਸਾਰੀ ਜ਼ਮੀਨ ਫਾਰੈਸਟ ਡਿਪਾਰਟਮੈਂਟ ਲਈ ਪ੍ਰੇਸ਼ਾਨੀ ਬਣਦੀ ਜਾ ਰਹੀ ਹੈ ਕਿਉਂਕਿ ਲੱਖ ਹੰਭਲਿਆਂ ਦੇ ਬਾਵਜੂਦ ਬੇਸ਼ਕੀਮਤੀ ਗਰੀਨਰੀ ਨੂੰ ਬਚਾਉਣ 'ਚ ਵਿਭਾਗ ਪੂਰੀ ਤਰ੍ਹਾਂ ਅਸਫਲ ਸਾਬਿਤ ਹੋ ਰਿਹਾ ਹੈ, ਜਿਸਦਾ ਖਮਿਆਜ਼ਾ ਸ਼ਹਿਰ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਹੁਣ ਇਹ ਏਰੀਆ ਸ਼ਰਾਰਤੀ ਅਨਸਰਾਂ ਦਾ ਵੀ ਅੱਡਾ ਬਣਦਾ ਜਾ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਠੀਕ ਕਰਨ ਲਈ ਕੋਸ਼ਿਸ਼ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਜਦੋਂ ਤਕ ਸੀਵਰੇਜ ਦੇ ਪਾਣੀ ਦਾ ਰੁਖ਼ ਮੋੜਿਆ ਨਹੀਂ ਜਾਂਦਾ, ਉਦੋਂ ਤਕ ਕੋਈ ਹੱਲ ਨਹੀਂ ਹੋ ਸਕਦਾ।  
ਪੀ. ਜੀ. ਆਈ. ਨਹੀਂ ਰੋਕ ਰਿਹਾ ਸੀਵਰੇਜ ਦਾ ਪਾਣੀ
ਧਨਾਸ ਲੇਕ ਨੇੜੇ ਫਾਰੈਸਟ ਡਿਪਾਰਟਮੈਂਟ ਦੀ 10 ਏਕੜ ਜ਼ਮੀਨ ਹੈ। ਇਸ 'ਚ ਪਿਛਲੇ ਕਈ ਸਾਲਾਂ ਤੋਂ ਪੀ. ਜੀ. ਆਈ. ਤੋਂ ਸੀਵਰੇਜ ਦਾ ਪਾਣੀ ਸੁੱਟਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਫਾਰੈਸਟ ਡਿਪਾਰਟਮੈਂਟ ਵਲੋਂ ਚੁੱਕਿਆ ਵੀ ਜਾ ਚੁੱਕਾ ਹੈ। ਕੁਝ ਦਿਨ ਪਹਿਲਾਂ ਹੀ ਵਿਭਾਗ ਵਲੋਂ ਪੀ. ਜੀ. ਆਈ. ਨੂੰ ਪੱਤਰ ਲਿਖ ਕੇ ਇਸ ਨਾਲੇ ਨੂੰ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਇਸ 'ਤੇ ਪੀ. ਜੀ. ਆਈ. ਤੋਂ ਜੋ ਜਵਾਬ ਆਇਆ, ਉਹ ਹੈਰਾਨ ਕਰਨ ਵਾਲਾ ਸੀ। ਪੀ. ਜੀ. ਆਈ. ਵਲੋਂ ਕਿਹਾ ਗਿਆ ਕਿ ਜਿਹੜੇ ਨਾਲੇ ਦੀ ਵਿਭਾਗ ਗੱਲ ਕਰ ਰਿਹਾ ਹੈ, ਉਹ ਪੀ. ਜੀ. ਆਈ. ਦਾ ਹੈ ਹੀ ਨਹੀਂ। ਅਜਿਹੇ 'ਚ ਹੁਣ ਵਿਭਾਗ ਨੇ ਪੀ. ਜੀ. ਆਈ. ਨੂੰ 30 ਦਿਨਾਂ ਦਾ ਸਮਾਂ ਹੋਰ ਦਿੱਤਾ ਹੈ, ਜਿਸ ਤੋਂ ਬਾਅਦ ਇਸ ਨਾਲੇ ਦਾ ਮੁਹਾਣਾ ਹੀ ਬੰਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਨਾਲ ਕਿ ਸੀਵਰੇਜ ਦਾ ਪਾਣੀ ਜੰਗਲ ਵਿਚ ਇਕੱਠਾ ਨਾ ਹੋ ਸਕੇ।
ਰਾਕ ਗਾਰਡਨ ਦੇ ਪਿੱਛੇ 40 ਏਕੜ ਜ਼ਮੀਨ ਬਣੀ ਦਲਦਲ  
ਰਾਕ ਗਾਰਡਨ ਦੇ ਪਿਛਲੇ ਪਾਸੇ ਦੀ ਹਾਲਤ ਤਾਂ ਹੋਰ ਵੀ ਖਰਾਬ ਹੈ। ਇਥੇ ਵੀ ਕਈ ਸਾਲਾਂ ਤੋਂ ਪੰਜਾਬ ਤੋਂ ਆਉਣ ਵਾਲਾ ਸੀਵਰੇਜ ਦਾ ਪਾਣੀ ਇਕੱਠਾ ਹੋ ਰਿਹਾ ਹੈ। ਆਲਮ ਇਹ ਹੈ ਕਿ ਇਥੇ ਜ਼ਮੀਨ ਦਲਦਲ ਬਣ ਚੁੱਕੀ ਹੈ। ਇਸ ਪਾਣੀ ਦੀ ਅੱਗੇ ਨਿਕਾਸੀ ਨਹੀਂ ਹੋ ਰਹੀ ਹੈ, ਜਿਸ ਕਾਰਨ ਕਿਸੇ ਸਮੇਂ ਵੱਡੇ ਰੁੱਖ ਤੇ ਗਰੀਨਰੀ ਨਾਲ ਭਰਪੂਰ ਇਹ ਏਰੀਆ ਹੁਣ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ। ਅਧਿਕਾਰੀਆਂ ਅਨੁਸਾਰ ਜ਼ਿਆਦਾ ਸਮੇਂ ਤਕ ਪਾਣੀ ਦੇ ਇਕ ਹੀ ਜਗ੍ਹਾ 'ਤੇ ਠਹਿਰਨ ਕਾਰਨ ਇਹ ਹੋਇਆ ਹੈ। ਜੰਗਲਾਤ ਵਿਭਾਗ ਦੀ ਇਹ ਜ਼ਮੀਨ 40 ਏਕੜ ਦੱਸੀ ਜਾ ਰਹੀ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਪੰਜਾਬ ਦੇ ਸਬੰਧਤ ਵਿਭਾਗਾਂ ਨੂੰ ਕਈ ਵਾਰ ਪੱਤਰ ਲਿਖ ਕੇ ਇਸ ਪਾਣੀ ਨੂੰ ਰੋਕਣ ਲਈ ਕਿਹਾ ਜਾ ਚੁੱਕਾ ਹੈ ਪਰ ਅੱਜ ਤਕ ਪੰਜਾਬ ਵਲੋਂ ਨਾ ਤਾਂ ਸੰਤੁਸ਼ਟੀ ਵਾਲਾ ਜਵਾਬ ਆਇਆ ਤੇ ਨਾ ਹੀ ਸੀਵਰੇਜ ਦਾ ਪਾਣੀ ਰੁਕ ਸਕਿਆ।
ਬਾਪੂਧਾਮ ਕੋਲ 11 ਏਕੜ ਜ਼ਮੀਨ ਹੋ ਰਹੀ ਬਰਬਾਦ  
ਬਾਪੂਧਾਮ ਕੋਲ ਵੀ ਜੰਗਲਾਤ ਵਿਭਾਗ ਦੀ ਲਗਭਗ 11 ਏਕੜ ਜ਼ਮੀਨ ਸੀਵਰੇਜ ਕਾਰਨ ਬਰਬਾਦੀ ਦੇ ਕੰਢੇ 'ਤੇ ਪਹੁੰਚ ਚੁੱਕੀ ਹੈ। ਕੁਝ ਸਮਾਂ ਪਹਿਲਾਂ ਇਸ ਜ਼ਮੀਨ ਦੀ ਵਰਤੋਂ ਲੋਕ ਪਖਾਨੇ ਲਈ ਕਰ ਰਹੇ ਸਨ। ਇਹੀ ਨਹੀਂ, ਸੀਵਰੇਜ ਦੇ ਪਾਣੀ ਕਾਰਨ ਵੀ ਇਹ ਜ਼ਮੀਨ ਖਰਾਬ ਹੋ ਰਹੀ ਹੈ। ਹਾਲਾਂਕਿ ਹੁਣ ਜੰਗਲਾਤ ਵਿਭਾਗ ਨੇ ਇਸ ਜ਼ਮੀਨ ਨੂੰ ਕਵਰ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਅਧਿਕਾਰੀਆਂ ਅਨੁਸਾਰ ਇਸ ਏਰੀਏ ਨੂੰ ਪਹਿਲਾਂ ਵਾਲੀ ਹਾਲਤ 'ਚ ਲਿਆਉਣ ਲਈ ਕਾਫੀ ਸਮਾਂ ਲੱਗੇਗਾ ਪਰ ਸ਼ੁਰੂਆਤ ਕਰ ਦਿੱਤੀ ਗਈ ਹੈ।  


Related News