ਜਲੰਧਰ : 10 ਪਿਸਤੌਲਾਂ ਤੇ 76 ਕਾਰਤੂਸਾਂ ਸਣੇ 6 ਗ੍ਰਿਫਤਾਰ

Monday, Jan 14, 2019 - 04:48 PM (IST)

ਜਲੰਧਰ : 10 ਪਿਸਤੌਲਾਂ ਤੇ 76 ਕਾਰਤੂਸਾਂ ਸਣੇ 6 ਗ੍ਰਿਫਤਾਰ

ਜਲੰਧਰ (ਕਮਲੇਸ਼)— ਜਲੰਧਰ ਦਿਹਾਤੀ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਾਕਾਬੰਦੀ ਦੌਰਾਨ ਪੁਲਸ ਨੇ 6 ਨੌਜਵਾਨਾਂ ਨੂੰ ਅਸਲਾ, ਹੈਰੋਇਨ, ਐੱਕਸ. ਯੂ. ਵੀ ਗੱਡੀ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ। ਇਨ੍ਹਾਂ ਦੇ ਕੋਲੋਂ ਪੁਲਸ ਵੱਲੋਂ ਕਰੀਬ ਵੱਡੀ ਮਾਤਰਾ 'ਚ 10 ਪਿਸਤੌਲਾਂ 76 ਰੋਂਦ ਜ਼ਿੰਦਾ ਅਤੇ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਰਮਜੀਤ ਸਿੰਘ ਪੀ. ਪੀ. ਐੱਸ. ਉੱਪ ਪੁਲਸ ਕਪਤਾਨ, ਸਪੈਸ਼ਲ ਬਰਾਂਚ ਅਤੇ ਇੰਸਪੈਕਟਰ ਸ਼ਿਵ ਕੁਮਾਰ, ਇੰਚਾਰਜ ਸੀ. ਆਈ. ਏ. ਸਟਾਫ-2 ਸਮੇਤ ਪੁਲਸ ਪਾਰਟੀ ਨਾਲ ਚੈਕਿੰਗ ਦੌਰਾਨ ਆਦਮਪੁਰ ਤੋਂ ਅਲਾਵਲਪੁਰ ਵੱਲ ਜਾ ਰਹੇ ਸਨ ਕਿ ਪੁੱਲ ਸੁਆ ਨਹਿਰ ਪਿੰਡ ਮਹਿਮਪੁਰ ਨੇੜੇ ਪੁੱਜਣ 'ਤੇ ਇਕ ਗੱਡੀ ਮੋਹਿੰਦਰਾ ਐੱਕਸ. ਯੂ. ਵੀ. ਪੀ. ਬੀ.08 ਡੀ. ਐੱਫ.3600 'ਚ 5 ਲੋਕ ਆਉਂਦੇ ਦਿਖਾਈ ਦਿੱਤੇ। ਨਾਕੇ ਦੌਰਾਨ ਇਨ੍ਹਾਂ ਨੂੰ ਰੋਕਿਆ ਤਾਂ ਜਾਂਚ ਕਰਨ 'ਤੇ ਇਨ੍ਹਾਂ ਦੇ ਕੋਲੋਂ ਵੱਡੀ ਮਾਤਰਾ 'ਚ ਪਿਸਤੌਲਾਂ, ਹੈਰੋਇਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਕਾਰ 'ਚ ਕਰੀਬ 5 ਲੋਕ ਸਵਾਰ ਸਨ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਬਾਈਕ ਚਾਲਕ ਕੋਲੋਂ ਵੀ ਪਿਸਤੌਲ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। 
 

ਇਹ ਹੋਈ ਨੌਜਵਾਨਾਂ ਦੀ ਪਛਾਣ
1) ਫੜੇ ਗਏ ਨੌਜਵਾਨਾਂ ਦੀ ਪਛਾਣ ਜਸਕਰਨ ਸਿੰਘ ਉਰਫ ਕਾਰੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਦੇ ਤੌਰ 'ਤੇ ਹੋਈ ਹੈ। ਇਸ ਦੇ ਖਿਲਾਫ ਹੁਸ਼ਿਆਰਪੁਰ ਥਾਣੇ 'ਚ ਪਹਿਲਾਂ ਵੀ ਮਾਮਲਾ ਦਰਜ ਹੈ।
2) ਤੇਜਪਾਲ ਸਿੰਘ ਉਰਫ ਤੇਜਾ ਪੁੱਤਰ ਹਰਜੀਤ ਸਿੰਘ ਵਾਸੀ ਫਗਾਵਾੜਾ ਦੇ ਕਬਜ਼ੇ 'ਚੋਂ 230 ਗ੍ਰਾਮ ਹੈਰੋਇਨ, 2 ਪਿਸਤੌਲਾਂ 7.65, 08 ਰੋਂਦ ਬਰਾਮਦ ਕੀਤੇ ਗਏ ਹਨ। ਇਸ ਦੇ ਖਿਲਾਫ ਵੀ ਪਹਿਲਾਂ 3 ਮਾਮਲੇ ਦਰਜ ਹਨ। 
3) ਤੀਜੇ ਨੌਜਵਾਨ ਦੀ ਪਛਾਣ ਸੋਮਨਾਥ ਉਰਫ ਸੋਮਾ ਪੁੱਤਰ ਸੋਹਣ ਲਾਲਾ ਵਾਸੀ ਗੋਰਾਇਆ ਹਾਲ ਵਾਸੀ ਫਿਲੌਰ ਦੇ ਤੌਰ 'ਤੇ ਹੋਈ ਹੈ। ਇਸ ਦੇ ਖਿਲਾਫ ਪਹਿਲਾਂ 6 ਮੁਕੱਦਮੇ ਦਰਜ ਹਨ। ਇਸ ਦੇ ਕਬਜ਼ੇ 'ਚੋਂ ਇਕ ਪਿਸਤੌਲ 315 ਬੋਰ ਅਤੇ 10 ਰੋਂਦ ਬਰਾਮਦ ਕੀਤੇ ਗਏ ਹਨ। 
4) ਚੌਥੇ ਨੌਜਵਾਨ ਦੀ ਪਛਾਣ ਸੁਨਿੰਦਰ ਪਾਲ ਉਰਫ ਸ਼ਿੰਦਾ ਉਰਫ ਰਾਕ ਪੁੱਤਰ ਪਾਲ ਰਾਮ ਵਾਸੀ ਮੇਲਕੀਆਣਾ ਥਾਣਾ ਫਿਲੌਰ ਦੇ ਤੌਰ 'ਤੇ ਹੋਈ ਹੈ। ਸੁਨਿੰਦਰ ਖਿਲਾਫ ਇਸ ਤੋ ਪਹਿਲਾਂ 1 ਮੁਕੱਦਮਾ ਦਰਜ ਹੈ। ਇਸ ਦੇ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। 
5) ਗ੍ਰਿਫਤਾਰ ਵਿਜੇ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਪੱਤੀ ਮਲਸੀਆਂ (ਸ਼ਾਹਕੋਟ) ਦੇ ਕਬਜ਼ੇ 'ਚੋਂ ਦੋ ਪਿਸਤੌਲਾਂ 315, ਇਕ ਪਿਸਤੌਲ 12 ਬੋਰ ਅਤੇ 32 ਰੋਂਦ ਬਰਾਮਦ ਕੀਤੇ ਗਏ ਹਨ। ਇਸ ਦੇ ਖਿਲਾਫ ਪਹਿਲਾਂ ਇਕ ਮੁਕੱਦਮਾ ਦਰਜ ਕੀਤਾ ਜਾ ਚੁੱਕਿਆ ਹੈ। 
6) ਛੇਵੇਂ ਦੋਸ਼ੀ ਦੀ ਪਛਾਣ ਰਣਜੀਤ ਸਿੰਘ ਉਰਫ ਰਣੀਆ ਪੁੱਤਰ ਜਗੀਰ ਸਿੰਘ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ ਦੇ ਤੌਰ 'ਤੇ ਹੋਈ ਹੈ। ਐੱਸ.  ਐੱਸ. ਪੀ. ਮਾਹਲ ਨੇ ਦੱਸਿਆ ਕਿ ਲਾਂਬੜਾ ਥਾਣੇ ਦੇ ਐੱਸ. ਐੱਚ. ਓ. ਨੇ ਗਸ਼ਤ ਦੌਰਾਨ ਚਿੱਟੀ ਮੋੜ ਦੇ ਨੇੜੇ ਇਕ ਨੌਜਵਾਰ ਨੂੰ ਨਾਜਾਇਜ਼ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ।  ਰਣਜੀਤ ਥਾਣਾ ਲਾਂਬੜਾ 'ਚ ਦਰਜ ਇਕ ਕੇਸ 'ਚ ਭਗੌੜਾ ਚੱਲ ਰਿਹਾ ਸੀ। ਥਾਣਾ ਲਾਂਬੜਾ ਪੁਲਸ ਨੇ ਮੁਲਜ਼ਮ ਦੇ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਉਕਤ ਸਾਰੇ ਨੌਜਵਾਨਾਂ ਵਿਰੁੱਧ ਐੱਨ. ਡੀ. ਪੀ. ਸੀ. ਐਕਟ ਅਤੇ ਅਸਲਾ ਐਕਟ ਦੇ ਅਧੀਨ ਮਾਮਲੇ ਦਰਜ ਕਰ ਲਏ ਹਨ। ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 

PunjabKesari

ਪੁਲਸ ਨੂੰ ਸ਼ੁਰੂਆਤੀ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ 18 ਸਾਲ ਦਾ ਜਸਕਰਨ ਉਰਫ ਕਾਰੀ ਇਸ ਗੈਂਗ ਨੂੰ ਲੀਡ ਕਰ ਰਿਹਾ ਸੀ ਅਤੇ ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਪੰਜਾਬ ਦਾ ਦੂਜਾ ਸੁੱਖਾ ਕਾਹਲਵਾਂ ਬਣਨਾ ਚਾਹੁੰਦਾ ਸੀ ਅਤੇ ਲੋਕਾਂ 'ਚ ਆਪਣੀ ਦਹਿਸ਼ਤ ਪੈਦਾ ਕਰਨੀ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੀ ਗੈਂਗ ਖੜ੍ਹੀ ਕੀਤੀ ਸੀ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਉਸ ਨੇ ਨਾਜਾਇਜ਼ ਹਥਿਆਰ ਵੀ ਖਰੀਦ ਲਏ ਸਨ। ਪਤਾ ਲੱਗਾ ਹੈ ਕਿ ਮੁਲਜ਼ਮ ਜਸਕਰਨ ਨੇ 16 ਸਾਲ ਦੀ ਉਮਰ 'ਚ ਹੀ ਪਹਿਲੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ 'ਚ ਉਸ ਨੇ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
 

ਛੋਟੀ ਉਮਰ 'ਚ ਹੀ ਜਸਕਰਨ 'ਤੇ ਦਰਜ ਹਨ 17 ਮਾਮਲੇ, ਬੰਗਾ 'ਚ ਲੁੱਟ ਦੇ ਇਰਾਦੇ ਨਾਲ ਕੀਤੀ ਸੀ ਹੱਤਿਆ
ਐੱਸ.  ਐੱਸ. ਪੀ. ਮਾਹਲ ਨੇ ਦੱਸਿਆ ਕਿ ਜਸਕਰਨ 'ਤੇ 18 ਸਾਲ ਦੀ ਉਮਰ 'ਚ ਹੀ ਹੱਤਿਆ ਸਮੇਤ 17 ਮਾਮਲੇ ਦਰਜ ਹਨ, ਮੁਲਜ਼ਮ ਨੇ ਬੰਗਾ 'ਚ ਇਕੱਲੇ ਹੀ ਲੁੱਟ ਦੇ ਇਰਾਦੇ ਨਾਲ ਇਕ ਵਿਅਕਤੀ ਦੀ  ਹੱਤਿਆ ਕਰ ਦਿੱਤੀ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਹ ਜੁਵੇਨਾਈਲ ਜੇਲ ਹੁਸ਼ਿਆਰਪੁਰ ਦੀ ਗਰਿੱਲ ਨੂੰ ਕੱਟ ਕੇ ਦੋ ਹੋਰ ਨੌਜਵਾਨਾਂ ਸਮੇਤ ਫਰਾਰ ਹੋ ਗਿਆ ਸੀ। ਇਸ ਮਾਮਲੇ 'ਚ ਥਾਣਾ ਸਦਰ ਹੁਸ਼ਿਆਰਪੁਰ 'ਚ ਜਸਕਰਨ ਅਤੇ ਦੋ ਹੋਰਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਸਕਰਨ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਨਾਨਕੇ ਘਰ ਰਹਿੰਦਾ ਸੀ।

ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਵਾਂਗ ਹੀ ਮਹਿੰਗੀਆਂ ਗੱਡੀਆਂ ਦੀ ਲੁੱਟ ਦਾ ਸ਼ੌਕੀਨ ਹੈ ਜਸਕਰਨ
ਜਸਕਰਨ  ਹਰ ਮਾਮਲੇ 'ਚ ਸੁੱਖਾ ਕਾਹਲਵਾਂ ਨੂੰ ਫਾਲੋ ਕਰ ਰਿਹਾ ਸੀ ਅਤੇ ਉਸ ਦੇ ਨਕਸ਼ੇ-ਕਦਮਾਂ 'ਤੇ  ਚੱਲਦੇ ਹੋਏ ਮਹਿੰਗੀਆਂ ਗੱਡੀਆਂ ਦਾ ਸ਼ੌਕੀਨ ਬਣ ਗਿਆ ਸੀ। ਮੁਲਜ਼ਮ ਜਿਸ ਐਕਸ. ਯੂ. ਵੀ.  ਕਾਰ ਨਾਲ ਕਾਬੂ ਕੀਤਾ ਗਿਆ ਹੈ, ਉਹ ਵੀ ਲੁੱਟ ਦੀ ਹੈ।

ਮੁਲਜ਼ਮ ਤੇਜਪਾਲ ਇਕ ਕਿਲੋ ਹੈਰੋਇਨ ਦੇ ਕੇਸ 'ਚ ਵੀ ਹੈ ਨਾਮਜ਼ਦ
ਪੁਲਸ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਤੇਜਪਾਲ ਦੇ ਖਿਲਾਫ 3 ਮਾਮਲੇ ਦਰਜ ਹਨ ਅਤੇ ਇਕ ਮਾਮਲੇ 'ਚ ਉਸ ਨੂੰ ਅਦਾਲਤ ਵੱਲੋਂ ਪੀ. ਓ. ਐਲਾਨਿਆ ਗਿਆ ਸੀ। ਉਕਤ ਮਾਮਲੇ 'ਚ ਲੁਧਿਆਣਾ ਪੁਲਸ ਨੇ ਇਕ ਕਿਲੋ ਹੈਰੋਇਨ ਅਤੇ 12 ਲੱਖ ਡਰੱਗ ਮਨੀ ਬਰਾਮਦ ਕੀਤੀ ਸੀ। ਇਸ ਕੇਸ 'ਚ ਤੇਜਪਾਲ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਿਹਾ ਸੀ, ਜਦ ਕਿ ਉਸ ਦੇ ਸਾਥੀ ਬਲਬੀਰ ਨੂੰ ਪੁਲਸ ਨੇ  ਗ੍ਰਿਫਤਾਰ ਕਰ ਲਿਆ। ਲੁਧਿਆਣਾ ਦੇ ਟਿੱਬਾ ਥਾਣੇ 'ਚ ਦੋਵਾਂ ਮੁਲਜ਼ਮਾਂ ਖਿਲਾਫ ਐੱਨ. ਡੀ.  ਪੀ. ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੋਰ ਮੁਲਜ਼ਮ ਸੋਮਨਾਥ 'ਤੇ 6 ਮਾਮਲੇ,  ਸ਼ੁਨਿੰਦਰ ਅਤੇ ਵਿਜੇ 'ਤੇ ਇਕ ਮਾਮਲਾ ਦਰਜ ਹੈ।

ਹੈਰੋਇਨ ਸਮੱਗਲਿੰਗ ਅਤੇ ਲੜਾਈ-ਝਗੜੇ ਕਰਦਾ ਸੀ ਗੈਂਗ, ਨਵਾਂਸ਼ਹਿਰ ਅਤੇ ਸ਼ਾਹਪੁਰ 'ਚ ਸੀ ਸਰਗਰਮ
ਪੁਲਸ ਨੇ ਦੱਸਿਆ ਕਿ ਗੈਂਗ ਹੈਰੋਇਨ ਸਮੱਗਲਿੰਗ ਅਤੇ ਲੜਾਈ-ਝਗੜੇ ਦਾ ਕੰਮ ਕਰਦਾ ਸੀ। ਮੌਜੂਦਾ  ਸਮੇਂ 'ਚ ਗੈਂਗ ਨਵਾਂਸ਼ਹਿਰ ਅਤੇ ਸ਼ਾਹਪੁਰ ਦੇ ਇਲਾਕਿਆਂ ਵਿਚ ਸਰਗਰਮ ਸੀ। ਗੈਂਗ ਦਾ ਮਕਸਦ  ਪੂਰੇ ਪੰਜਾਬ ਵਿਚ ਆਪਣੀ ਦਹਿਸ਼ਤ ਫੈਲਾਉਣਾ ਸੀ। ਗੈਂਗ ਨੇ ਲੋਕਾਂ ਨੂੰ ਡਰਾਉਣ ਲਈ ਨਾਜਾਇਜ਼  ਹਥਿਆਰ ਵੀ ਖਰੀਦ ਲਏ ਸਨ। ਪੁਲਸ ਦਾ ਕਹਿਣਾ ਹੈ ਕਿ ਅਗਲੀ ਪੁੱਛਗਿੱਛ ਵਿਚ ਪਤਾ ਕੀਤਾ  ਜਾਵੇਗਾ ਕਿ ਗੈਂਗ ਕਿੱਥੋਂ ਹੈਰੋਇਨ ਖਰੀਦ ਰਿਹਾ ਸੀ ਅਤੇ ਨਾਜਾਇਜ਼ ਹਥਿਆਰਾਂ ਦੀ ਖਰੀਦ  ਕਿੱਥੋਂ ਕੀਤੀ ਗਈ ਅਤੇ ਗੈਂਗ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ।

 


author

shivani attri

Content Editor

Related News