ਪੁਲਸ ਨੇ ਨਹੀਂ ਹੋਣ ਦਿੱਤੀ 6 ਜੱਥੇਬੰਦੀਆਂ ਦੀ ਬੈਠਕ, ਕਿਸਾਨਾਂ 'ਚ ਭਾਰੀ ਰੋਸ
Wednesday, Jul 15, 2020 - 04:59 PM (IST)
ਫਤਿਹਗੜ੍ਹ ਸਾਹਿਬ (ਜਗਦੇਵ) : ਕੇਂਦਰ ਵੱਲੋਂ ਜਾਰੀ ਕੀਤੇ 3 ਆਰਡੀਨੈਂਸਾਂ ਖ਼ਿਲਾਫ਼ 6 ਕਿਸਾਨ ਜੱਥੇਬੰਦੀਆਂ ਵੱਲੋਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਬੈਠਕ ਕੀਤੀ ਜਾਣੀ ਸੀ ਪਰ ਜ਼ਿਲ੍ਹੇ 'ਚ ਕੋਰੋਨਾ ਮਹਾਮਾਰੀ ਕਰਕੇ ਲੱਗੀ ਦਫਾ-144 ਕਾਰਨ ਇਹ ਬੈਠਕ ਪੁਲਸ ਨੇ ਨਹੀਂ ਹੋਣ ਦਿੱਤੀ, ਜਿਸ ਕਰਕੇ ਜੱਥੇਬੰਦੀਆਂ 'ਚ ਸਰਕਾਰ ਖ਼ਿਲਾਫ਼ ਰੋਸ ਪਾਇਆ ਗਿਆ। ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਪੁਲਸ ਵੱਲੋਂ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ।
ਉਧਰ ਇਸ ਮਾਮਲੇ 'ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੂਬੇ 'ਚ ਅਮਰਜੈਂਸੀ ਵਰਗੇ ਹਾਲਾਤ ਪੈਦਾ ਕਰਕੇ ਰੱਖ ਦਿੱਤੇ ਹਨ। ਇਸ ਬਾਰੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 10 ਅਗਸਤ ਨੂੰ ਜ਼ਿਲ੍ਹਾ ਪੱਧਰ 'ਤੇ ਅੰਦੋਲਨ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਉਹ ਪਿੰਡਾਂ 'ਚ ਜਾ ਕੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਉਹ ਜੇਲ੍ਹਾਂ 'ਚ ਜਾਣ ਲਈ ਤਿਆਰ ਹਨ ਕਿਉਂਕਿ ਇਹ ਆਰਡੀਨੈਂਸ ਕਿਸਾਨ ਮਾਰੂ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕਾਂਗਰਸ ਸਰਕਾਰ ਕੇਂਦਰ ਵੱਲੋਂ ਜਾਰੀ ਕੀਤੇ ਆਰਡੀਨੈਂਸਾਂ ਖ਼ਿਲਾਫ਼ ਬੋਲ ਰਹੀ ਹੈ ਪਰ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ ਬੈਠਕ 'ਤੇ ਰੋਕ ਲਗਾ ਕੇ ਸਰਕਾਰ ਦਾ ਦੋਹਰਾ ਚਿਹਰਾ ਜਨਤਾ ਸਾਹਮਣੇ ਆ ਗਿਆ ਹੈ।