ਨਗਰ ਨਿਗਮ ਦੇ 6 ਕਰਮਚਾਰੀ ਸਸਪੈਂਡ
Wednesday, Nov 22, 2017 - 07:01 AM (IST)
ਜਲੰਧਰ, (ਖੁਰਾਣਾ)— ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਜਸਵੀਰ ਸਿੰਘ ਨੇ ਨਗਰ ਨਿਗਮ ਦੇ ਕਮਿਸ਼ਨਰ ਡਾ. ਬਸੰਤ ਗਰਗ ਨਾਲ ਚਰਚਾ ਕਰਨ ਉਪਰੰਤ ਨਗਰ ਨਿਗਮ ਦੇ 6 ਕਰਮਚਾਰੀਆਂ ਨੂੰ ਤਤਕਾਲ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ। ਸਸਪੈਂਡ ਹੋਏ ਕਰਮਚਾਰੀਆਂ ਵਿਚ ਵਾਟਰ ਸਪਲਾਈ ਸ਼ਾਖਾ ਦੇ ਟੈਕਨੀਸ਼ੀਅਨ ਸ਼ਾਮ ਸਿੰਘ ਤੇ ਯੋਗੇਸ਼ ਸ਼ਰਮਾ, ਤਹਿਬਾਜ਼ਾਰੀ ਸ਼ਾਖਾ ਦੇ ਜੂਨੀਅਰ ਸਹਾਇਕ ਅਮਿਤ ਕੁਮਾਰ, ਰਿਕਸ਼ਾ-ਟਾਂਗਾ ਸ਼ਾਖਾ ਦੇ ਜੂਨੀਅਰ ਸਹਾਇਕ ਅਨੀਤ ਕੁਮਾਰ, ਪ੍ਰਾਪਰਟੀ ਟੈਕਸ ਸ਼ਾਖਾ ਦੇ ਕਲਰਕ ਰਵਿੰਦਰ ਕੁਮਾਰ ਤੇ ਬਿਲਡਿੰਗ ਸ਼ਾਖਾ ਦੇ ਕਲਰਕ ਨਿਤਿਨ ਸ਼ਾਮਲ ਹਨ।
ਆਪਣੇ ਹੁਕਮਾਂ ਵਿਚ ਐਡੀਸ਼ਨਲ ਕਮਿਸ਼ਨਰ ਨੇ ਲਿਖਿਆ ਹੈ ਕਿ ਡਿਪਟੀ ਕਮਿਸ਼ਨਰ ਨੇ ਬੁਢਾਪਾ ਪੈਨਸ਼ਨਾਂ ਦੇ ਸਰਵੇ ਦਾ ਕੰਮ ਦੋ ਮਹੀਨਿਆਂ ਦੇ ਅੰਦਰ ਨਿਬੇੜਨ ਦੇ ਹੁਕਮ ਦਿੱਤੇ ਸਨ ਪਰ 3 ਮਹੀਨੇ ਬੀਤਣ ਤੋਂ ਬਾਅਦ ਵੀ ਇਨ੍ਹਾਂ ਕਰਮਚਾਰੀਆਂ ਨੇ ਸਰਵੇ ਦਾ ਕੰਮ ਪੂਰਾ ਨਹੀਂ ਕੀਤਾ, ਜਿਸ ਕਾਰਨ ਇਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਸਸਪੈਂਡ ਕੀਤਾ ਜਾਂਦਾ ਹੈ।
