ਨਾਜਾਇਜ਼ ਸ਼ਰਾਬ ਸਣੇ 6 ਗ੍ਰਿਫਤਾਰ ; ਇਕ ਫਰਾਰ

10/02/2017 7:09:49 AM

ਫਿਰੋਜ਼ਪੁਰ, (ਕੁਮਾਰ)— ਪਿੰਡ ਜੂਈਆਂ ਵਾਲਾ, ਨਿਹਾਲਾ ਕਿਲਚਾ ਅਤੇ ਬਰਟ ਰੋਡ ਫਿਰੋਜ਼ਪੁਰ 'ਤੇ ਪੁਲਸ ਨੇ ਚਾਲੂ ਸ਼ਰਾਬ ਦੀ ਭੱਠੀ, ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕਰਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਦਕਿ ਇਕ ਵਿਅਕਤੀ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ ਹੈ, ਜਿਸਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਚ. ਸੀ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਬੀਤੀ ਦੁਪਹਿਰ ਪਿੰਡ ਨਿਹਾਲਾ ਕਿਲਚਾ ਵਿਚ 85 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਸੁਰਜੀਤ ਸਿੰਘ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ। 
ਦੂਸਰੇ ਪਾਸੇ ਐੱਚ. ਸੀ. ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੇ ਚਾਲੂ ਸ਼ਰਾਬ ਦੀ ਭੱਠੀ, 20 ਕਿਲੋ ਲਾਹਣ ਅਤੇ ਡੇਢ ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਪਾਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਦਰ ਫਿਰੋਜ਼ਪੁਰ ਦੇ ਐੱਚ. ਸੀ. ਅਯੂਬ ਮਸੀਹ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੇ ਓਮ ਪ੍ਰਕਾਸ਼ ਉਰਫ ਪੱਪੂ ਨੂੰ ਸਵਾ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਿਸਨੂੰ ਪੁਲਸ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਬਰਾਮਦਗੀਆਂ ਨੂੰ ਲੈ ਕੇ ਥਾਣਾ ਮਮਦੋਟ, ਸਦਰ ਫਿਰੋਜ਼ਪੁਰ ਅਤੇ ਸਦਰ ਜ਼ੀਰਾ ਦੀ ਪੁਲਸ ਨੇ ਨਾਮਜ਼ਦ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਹਨ। 
ਜਲਾਲਾਬਾਦ, (ਸੇਤੀਆ, ਨਿਖੰਜ, ਬੰਟੀ, ਟੀਨੂੰ, ਦੀਪਕ, ਗੁਲਸ਼ਨ, ਬਜਾਜ, ਮਿੱਕੀ, ਜਤਿੰਦਰ)—ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਪਿੰਡ ਮਾਹਲਮ ਵਿਖੇ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਲਾਹਣ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 4 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਐੱਸ. ਆਈ. ਕਰਨੈਲ ਸਿੰਘ ਪੁਲਸ ਪਾਰਟੀ ਸਮੇਤ  ਚੈਕਿੰਗ ਲਈ ਪਿੰਡ ਮਾਹਲਮ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਸਤਪਾਲ ਸਿੰਘ ਉਰਫ ਗਿਆਨੀ ਪੁੱਤਰ ਬਲਵੀਰ ਸਿੰਘ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਪੁਲਸ ਨੇ ਮੁਖਬਰ ਦੀ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਉਸਦੇ ਪਾਸੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 1350 ਲੀਟਰ ਲਾਹਣ ਬਰਾਮਦ ਕੀਤੀ ਹੈ। 
ਇਸੇ ਤਰ੍ਹਾਂ ਐੱਚ. ਸੀ. ਬਲਕਾਰ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਢਾਬ ਖੁਸ਼ਹਾਲ ਜੋਇਆ ਅਤੇ ਮਾਹਲਮ ਪਿੰਡ ਨੂੰ ਜਾ ਰਹੇ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਜਸਵੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਚੱਕ ਬਲੋਚਾ ਮਾਹਲਮ ਜੋ ਕਿ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਪੁਲਸ ਨੇ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਉਸਦੇ ਪਾਸੋਂ 200 ਲੀਟਰ ਲਾਹਣ ਬਰਾਮਦ ਕੀਤੀ ਹੈ। 
ਉਧਰ ਏ. ਐੱਸ. ਆਈ. ਜੱਜ ਸਿੰਘ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪਿੰਡ ਕੋਟੂ ਫੰਗੀਆਂ ਆਦਿ ਪਿੰਡਾਂ ਵੱਲ ਜਾ ਰਹੇ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਜਸਵੰਤ ਸਿੰਘ ਉਰਫ ਗੁੱਲੂ ਪੁੱਤਰ ਚੰਨ ਸਿੰਘ ਵਾਸੀ ਚੱਕ ਬਲੋਚਾ ਮਾਹਲਮ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਉਸਦੇ ਪਾਸੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 300 ਲੀਟਰ ਲਾਹਣ ਬਰਮਾਦ ਕੀਤੀ ਹੈ। 
ਐੱਚ. ਸੀ. ਮਲਕੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਕੱਟਿਆ ਵਾਲਾ ਦੇ ਕੋਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਦੀਵਾਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਚੱਕ ਬਲੋਚਾ ਮਾਹਲਮ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਦਾ ਆਦੀ ਹੈ। ਪੁਲਸ ਨੇ ਛਾਪੇਮਾਰੀ ਕਰਕੇ ਉਸਦੇ ਪਾਸੋਂ 60 ਬੋਤਲਾਂ ਨਾਜਾਇਜ਼ ਸ਼ਰਾਬ, 700 ਲੀਟਰ ਲਾਹਣ ਅਤੇ ਚਾਲੂ ਭੱਠੀ ਦਾ ਸਾਮਾਨ ਬਰਾਮਦ ਕੀਤਾ ਹੈ। ਪੁਲਸ ਨੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਮੌਕੇ 'ਤੇ ਗ੍ਰਿਫਤਾਰ ਕਰਕੇ ਮਾਮਲੇ ਦਰਜ ਕਰ ਲਏ ਹਨ।  


Related News