ਸਬ ਇੰਸਪੈਕਟਰ ਦੀ ਮਾਰਕੁੱਟ ਦੇ ਮਾਮਲੇ 'ਚ 6 ਗ੍ਰਿਫ਼ਤਾਰ

Saturday, Sep 14, 2019 - 12:27 AM (IST)

ਸਬ ਇੰਸਪੈਕਟਰ ਦੀ ਮਾਰਕੁੱਟ ਦੇ ਮਾਮਲੇ 'ਚ 6 ਗ੍ਰਿਫ਼ਤਾਰ

ਅੰਮ੍ਰਿਤਸਰ (ਰਮਨਜੀਤ): ਲੋਪੋਕੇ ਥਾਣੇ ਅਧੀਨ ਆਉਂਦੇ ਪਿੰਡ ਚੋਗਾਵਾਂ 'ਚ ਰੇਡ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ ਕਰਨ ਦੇ ਮਾਮਲੇ 'ਚ ਪੰਜਾਬ ਪੁਲਸ ਨੇ ਸਖਤ ਐਕਸ਼ਨ ਲਿਆ ਹੈ। ਪੁਲਸ ਸਬ ਇੰਸਪੈਕਟਰ ਦੀ ਮਾਰਕੁੱਟ ਕਰਨ ਅਤੇ ਹੋਰ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਅਤੇ ਉਨ੍ਹਾਂ ਨੂੰ ਬੰਦੀ ਬਣਾਉਣ ਦੇ ਦੋਸ਼ 'ਚ ਥਾਣਾ ਪੁਲਸ ਨੇ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਉਕਤ ਘਟਨਾ ਦੇ ਸੰਬੰਧ 'ਚ ਪੁਲਸ ਦੀ ਕਾਰਵਾਈ ਬਾਰੇ ਦੱਸਦੇ ਹੋਏ ਡੀ.ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਅਜਿਹੀ ਕਿਸੇ ਵੀ ਘਟਨਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਸ 'ਚ ਕਿਸੇ ਵੀ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਹੋਵੇ। ਡੀ.ਜੀ.ਪੀ. ਨੇ ਦੱਸਿਆ ਕਿ ਆਰੋਪੀਆਂ 'ਚੋਂ ਇੱਕ ਅਮਨਦੀਪ ਸਿੰਘ ਜਿਸ ਖਿਲਾਫ ਕੁੱਝ ਹੀ ਦਿਨ ਪਹਿਲਾਂ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ 152 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਉਸੀ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਸ ਦੀ ਟੀਮ ਥਾਣਾ ਕੱਚਾ ਪੱਕੇ ਦੇ ਐੱਸ. ਆਈ. ਦੀ ਅਗਵਾਈ 'ਚ ਗਈ ਸੀ। ਡੀ. ਜੀ. ਪੀ. ਨੇ ਕਿਹਾ ਕਿ 6 ਮੁਲਜ਼ਮਾਂ ਨੂੰ ਇਸ ਮਾਰਕੁੱਟ ਦੀ ਘਟਨਾ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ 'ਚ ਐੱਸ.ਆਈ. ਦੇ ਨਾਲ ਬੁਰੀ ਤਰ੍ਹਾਂ ਮਾਰਕੁੱਟ ਕਰਨ ਵਾਲਾ ਗਗਨਦੀਪ ਸਿੰਘ ਵੀ ਸ਼ਾਮਲ ਹੈ। ਜਦੋਂਕਿ ਹੋਰ ਲੋਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ.ਜੀ.ਪੀ. ਨੇ ਖੁਦ ਇਸ ਮਾਮਲੇ 'ਚ ਪਲ-ਪਲ ਦੀ ਜਾਣਕਾਰੀ ਲਈ ਅਤੇ ਸੰਬੰਧਿਤ ਪੁਲਸ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਡੀ.ਜੀ.ਪੀ. ਦੀ ਇਸ ਕਾਰਵਾਈ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਦਾ ਮਨੋਬਲ ਵਧਾਇਆ ਹੈ।


author

Karan Kumar

Content Editor

Related News