5ਵੀਂ-8ਵੀਂ ਦੇ ਵਿਦਿਆਰਥੀਆਂ ਦੀ ਕੰਪਾਰਟਮੈਂਟ ਪ੍ਰੀਖਿਆ ਸ਼ੁਰੂ
Wednesday, May 22, 2019 - 11:44 AM (IST)

ਲੁਧਿਆਣਾ (ਵਿੱਕੀ) – ਸਟੇਟ ਕਾਊਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਸ.ਸੀ.ਈ.ਆਰ.ਟੀ) ਵਲੋਂ ਮਾਰਚ ਮਹੀਨੇ 'ਚ ਲਏ ਗਏ 5ਵੀਂ ਅਤੇ 8ਵੀਂ ਦੇ ਈਵੈਲੂਏਸ਼ਨ ਐਗਜ਼ਾਮ 'ਚ ਫੇਲ ਹੋਣ ਵਾਲੇ ਵਿਦਿਆਰਥੀਆਂ ਨੂੰ ਅਗਲੀ ਕਲਾਸ 'ਚ ਭੇਜਣ ਲਈ ਵਿਭਾਗ ਨੇ ਇਕ ਮੌਕਾ ਦਿੱਤਾ ਹੈ। ਇਸ ਲੜੀ ਤਹਿਤ ਪਹਿਲਾਂ ਹੋ ਚੁੱਕੀ ਪ੍ਰੀਖਿਆ 'ਚ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੇ ਐਗਜ਼ਾਮ ਮੰਗਲਵਾਰ ਨੂੰ ਫਿਰ ਤੋਂ ਸ਼ੁਰੂ ਹੋਏ ਪਰ ਪਹਿਲੇ ਹੀ ਦਿਨ ਕਈ ਵਿਦਿਆਰਥੀ ਗੈਰ-ਹਾਜ਼ਰ ਰਹੇ। ਜਾਣਕਾਰੀ ਮੁਤਾਬਕ 5ਵੀਂ ਦੀ ਪ੍ਰੀਖਿਆ 'ਚ ਲੁਧਿਆਣਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਕਰੀਬ 7200 ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ 'ਚੋਂ ਕੁਝ ਦੀ ਜਾਂ ਤਾਂ ਵੱਖ-ਵੱਖ ਵਿਸ਼ਿਆਂ 'ਚ ਕੰਪਾਰਟਮੈਂਟ ਰਹੀ ਜਾਂ ਫਿਰ ਕਈ ਗੈਰ-ਹਾਜ਼ਰ ਰਹੇ।8ਵੀਂ ਦੇ ਵਿਦਿਆਰਥੀਆਂ ਦੀ ਗਿਣਤੀ 19000 ਦੇ ਕਰੀਬ ਰਹੀ।
ਉਕਤ ਲਗਭਗ 26200 ਵਿਦਿਆਰਥੀਆਂ ਦਾ ਸਾਲ ਖਰਾਬ ਨਾ ਹੋਵੇ, ਇਸ ਲਈ ਵਿਭਾਗ ਨੇ ਮਈ ਮਹੀਨੇ ਵਿਚ ਇਨ੍ਹਾਂ ਦੀਆਂ ਦੁਬਾਰਾ ਪ੍ਰੀਖਿਆਵਾਂ ਕੰਡਕਟ ਕਰਵਾਉਣ ਦੇ ਉਦੇਸ਼ ਨਾਲ ਡੇਟਸ਼ੀਟ ਜਾਰੀ ਕੀਤੀ ਸੀ ਪਰ ਅੱਜ ਤੋਂ ਸ਼ੁਰੂ ਹੋਈ ਪ੍ਰੀਖਿਆ 'ਚ 5ਵੀਂ ਜਮਾਤ ਦੇ 132 ਤੇ 8ਵੀਂ ਕਲਾਸ ਦੇ 366 ਵਿਦਿਆਰਥੀ ਗੈਰ-ਹਜ਼ਾਰ ਰਹੇ। ਜਾਣਕਾਰੀ ਮੁਤਾਬਕ 27 ਮਈ ਤਕ ਚੱਲਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਤਹਿਤ ਅੱਜ 5ਵੀਂ ਦਾ ਪੰਜਾਬੀ ਅਤੇ 8ਵੀਂ ਦਾ ਹਿੰਦੀ ਵਿਸ਼ੇ ਦਾ ਪੇਪਰ ਸੀ। 5ਵੀਂ ਦੀ ਪ੍ਰੀਖਿਆ 'ਚ 599 ਵਿਦਿਆਰਥੀਆਂ ਨੇ ਅਪੀਅਰ ਹੋਣਾ ਸੀ, ਜਿਸ 'ਚੋਂ 467 ਨੇ ਅਪੀਅਰ ਹੋ ਕੇ ਪੇਪਰ ਦਿੱਤਾ। ਉਥੇ 8ਵੀਂ ਕਲਾਸ ਲਈ 2150 ਵਿਦਿਆਰਥੀਆਂ ਨੇ ਅਪੀਅਰ ਹੋਣਾ ਸੀ, ਜਿਸ 'ਚੋਂ 1784 ਅਪੀਅਰ ਹੋਏ। ਜੋ ਵਿਦਿਆਰਥੀ ਗੈਰ-ਹਾਜ਼ਰ ਰਹੇ। ਉਨ੍ਹਾਂ 'ਚੋਂ ਜ਼ਿਆਦਾਤਰ ਅਜਿਹੇ ਵੀ ਹਨ, ਜੋ ਪਿਛਲੇ ਲੰਮੇ ਸਮੇਂ ਤੋਂ ਸਕੂਲ ਨਹੀਂ ਆ ਰਹੇ ਪਰ ਪਹਿਲਾਂ ਜੋ ਵਿਦਿਆਰਥੀ ਪ੍ਰੀਖਿਆ ਦੇ ਚੁੱਕੇ ਹਨ, ਉਨ੍ਹਾਂ 'ਚੋਂ ਜੇਕਰ ਅੱਜ ਪੇਪਰ ਦੇਣ ਨਹੀਂ ਪੁੱਜੇ ਤਾਂ ਇਸ ਬਾਰੇ ਸਕੂਲਾਂ ਤੋਂ ਪੁੱਛਿਆ ਜਾਵੇਗਾ ਕਿ ਕੰਪਾਰਟਮੈਂਟ ਐਗਜ਼ਾਮ ਦੇਣ ਲਈ ਵਿਦਿਆਰਥੀ ਕਿਉਂ ਨਹੀਂ ਪੁੱਜੇ। ਵੈਸੇ ਤਾਂ ਬੱਚਿਆਂ ਨੂੰ ਪ੍ਰੀਖਿਆ ਲਈ ਸੈਂਟਰ ਤਕ ਲਿਆਉਣ ਜਾਂ ਭੇਜਣ ਦੀ ਜ਼ਿੰਮੇਵਾਰੀ ਸਕੂਲ ਪ੍ਰਮੁੱਖਾਂ ਦੀ ਹੈ।