ਪੜ੍ਹਨ ਲਿਖਣ ਦੀ ਨਹੀਂ ਹੁੰਦੀ ਕੋਈ ਉਮਰ, ਇਸ 56 ਸਾਲਾ ਬੀਬੀ ਨੇ ਕੀਤਾ ਕਮਾਲ

Thursday, Jul 23, 2020 - 01:56 AM (IST)

ਪੜ੍ਹਨ ਲਿਖਣ ਦੀ ਨਹੀਂ ਹੁੰਦੀ ਕੋਈ ਉਮਰ, ਇਸ 56 ਸਾਲਾ ਬੀਬੀ ਨੇ ਕੀਤਾ ਕਮਾਲ

ਹੁਸ਼ਿਆਰਪੁਰ,(ਅਮਰਿੰਦਰ)-ਲੋਕ ਠੀਕ ਕਹਿੰਦੇ ਹਨ ਕਿ ਪੜ੍ਹਨ ਲਿਖਣ ਦੀ ਕੋਈ ਉਮਰ ਨਹੀਂ ਹੁੰਦੀ ਹੈ ਪਰ ਇਸ ਲਈ ਇਨਸਾਨ ਦੇ ਅੰਦਰ ਇੱਛਾ-ਸ਼ਕਤੀ ਹੋਣੀ ਚਾਹੀਦੀ ਹੈ। ਉਂਝ ਲੋਕ ਕਹਿੰਦੇ ਹਨ ਕਿ ਉਮਰ ਦੇ ਢੱਲਣ ਨਾਲ ਬਜ਼ੁਰਗਾਂ ਨੂੰ ਆਰਾਮ ਕਰਨਾ ਚਾਹੀਦਾ ਹੈ ਪਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੋਹਣ ਪਿੰਡ ਦੀ 56 ਸਾਲਾਂ ਨੰਬਰਦਾਰ ਮਨਜੀਤ ਕੌਰ ਨੇ ਆਪਣੀ ਜ਼ਿੱਦ, ਜਜ਼ਬਾ ਅਤੇ ਜਨੂੰਨ ਕਰਕੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਪਹਿਲੀ ਰੁਕਾਵਟ ਪਾਰ ਕਰਦਿਆਂ ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਵਿਚ ਵਧੀਆ ਅੰਕ ਹਾਸਿਲ ਕਰਕੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ। ਮਨਜੀਤ ਕੌਰ ਨੂੰ ਮਿਲੀ ਇਸ ਸਫਲਤਾ ਉੱਤੇ ਪਿੰਡ ਦੇ ਲੋਕ ਉਸ ਨੂੰ ਵਧਾਈਆਂ ਦੇ ਰਹੇ ਹਨ, ਉਥੇ ਹੀ ਸਾਰੇ ਉਸਦੇ ਜਜ਼ਬੇ ਨੂੰ ਸਲਾਮ ਵੀ ਕਰ ਰਹੇ ਹਨ।

ਹੁਣ ਵਕਾਲਤ ਕਰਨ ਦੇ ਸੁਪਨੇ ਨੂੰ ਕਰੇਗੀ ਸਾਕਾਰ
ਬੋਹਣ ਪਿੰਡ ਵਿਚ ਆਪਣੀ ਸਫਲਤਾ ਉੱਤੇ ਖੁਸ਼ ਮਨਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਦੀ ਨੰਬਰਦਾਰ ਹੋਣ ਕਾਰਨ ਅਕਸਰ ਕੋਰਟ ਅਤੇ ਤਹਿਸੀਲ ਵਿਚ ਜਾਇਆ ਕਰਦੀ ਹੈ। ਇਕ ਦਿਨ ਕਿਸੇ ਅਨਪੜ੍ਹ ਬਜ਼ੁਰਗ ਨੂੰ ਪ੍ਰੇਸ਼ਾਨ ਵੇਖ ਕੇ ਮਨ ਵਿਚ ਧਾਰ ਲਿਆ ਕਿ ਉਹ ਇਕ ਦਿਨ ਵਕਾਲਤ ਕਰਕੇ ਕਚਹਿਰੀ ਵਿਚ ਲੋਕਾਂ ਦੀ ਸੇਵਾ ਕਰੇਗੀ। ਮੈਨੂੰ ਖੁਸ਼ੀ ਹੈ ਕਿ ਬਾਰ੍ਹਵੀਂ ਕਰਨ ਦੇ ਬਾਅਦ ਹੁਣ ਬੀ. ਏ. ਦੀ ਪੜ੍ਹਾਈ ਕਰਨ ਉਪਰੰਤ ਵਕਾਲਤ ਦੀ ਪੜ੍ਹਾਈ ਪੂਰੀ ਕਰਕੇ ਆਪਣੇ ਸੁਪਨੇ ਨੂੰ ਸਾਕਾਰ ਕਰਾਂਗੀ।

ਸਕੂਲ ਵਿਚ ਅਧਿਆਪਕਾਂ ਨੇ ਦਿੱਤਾ ਪੂਰਾ ਸਹਿਯੋਗ
ਨੰਬਰਦਾਰ ਮਨਜੀਤ ਕੌਰ ਨੇ ਦੱਸਿਆ ਕਿ ਇਸ ਉਮਰ ਵਿਚ ਜਦੋਂ ਔਰਤਾਂ ਦੋਹਤੇ-ਦੋਹਤਰੀਆਂ ਅਤੇ ਪੋਤੇ-ਪੋਤਰੀਆਂ ਨਾਲ ਖੇਡਿਆ ਕਰਦੀ ਹਨ ਤਾਂ ਸਕੂਲ ਜਾਣਾ ਕਿਵੇਂ ਲੱਗੇਗਾ। ਲੋਕ ਕੀ ਕਹਿਣਗੇ, ਇਸ ਬਾਰੇ ਮੈਂ ਕਦੇ ਸੋਚਿਆ ਹੀ ਨਹੀਂ। ਜਦੋਂ ਨਿਸਚਾ ਕਰ ਲਿਆ ਤਾਂ ਸਿੱਧਾ ਸਕੂਲ ਪਹੁੰਚ ਦਾਖਲਾ ਲੈ ਲਿਆ ਅਤੇ ਪੜ੍ਹਾਈ ਵਿਚ ਪੂਰਾ ਮਨ ਲਾ ਲਿਆ। ਸਕੂਲ ਦੇ ਪ੍ਰਿੰਸੀਪਲ ਹੀ ਨਹੀਂ ਸਗੋਂ ਸਾਰੇ ਅਧਿਆਪਕ ਅਤੇ ਅਧਿਆਪਕਾਵਾਂ ਦੇ ਨਾਲ-ਨਾਲ ਬੱਚਿਆਂ ਨੇ ਵੀ ਪੜ੍ਹਾਈ ਵਿਚ ਮੈਨੂੰ ਪੂਰਾ ਸਹਿਯੋਗ ਦਿੱਤਾ। ਇਸ ਦਾ ਹੀ ਨਤੀਜਾ ਹੈ ਕਿ ਆਪਣੀ ਸਫਲਤਾ ਦੇ ਰਸਤੇ ਵਿਚ ਪਹਿਲੀ ਰੁਕਾਵਟ ਬਾਰ੍ਹਵੀਂ ਬੋਰਡ ਦੀ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕਰ ਲਈ ਹੈ।


 


author

Deepak Kumar

Content Editor

Related News