ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜਾਣੋ ਕੀ ਬੋਲੇ ਭਗਵੰਤ ਮਾਨ
Sunday, Nov 10, 2019 - 05:43 PM (IST)

ਡੇਰਾ ਬਾਬਾ ਨਾਨਕ (ਗੁਰਪ੍ਰੀਤ)— ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆਏ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਉਸ ਪਵਿੱਤਰ ਸਥਾਨ ਤੋਂ ਹੋ ਕੇ ਆਏ ਹਨ, ਜਿੱਥੇ ਬਾਬੇ ਨਾਨਕ ਨੇ ਖੁਦ ਹੱਲ ਚਲਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਥੇ ਆਮ ਸੰਗਤ ਵਾਂਗ ਦਰਸ਼ਨ ਕੀਤੇ, ਜੋਕਿ ਬਹੁਤ ਹੀ ਵਧੀਆ ਪਲ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਦੂਰਬੀਨ ਦੇ ਜ਼ਰੀਏ ਦਰਸ਼ਨ ਕਰਨੇ ਪੈਂਦੇ ਸਨ ਪਰ ਹੁਣ ਅਜਿਹਾ ਸਮਾਂ ਆਇਆ ਹੈ, ਜਦੋਂ ਉਹ ਖੁਦ ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋ ਕੇ ਆਏ ਹਨ। ਇਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਕਰਤਾਰਪੁਰ ਲਾਂਘਾ ਖੁੱਲ੍ਹਣ 'ਚ ਯੋਗਦਾਨ ਸਾਹਮਣੇ ਆ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਖੁੱਲ੍ਹ ਕੇ ਇਹ ਨਹੀਂ ਕਹਿ ਸਕੇ ਕਿ ਇਸ ਯੋਗਦਾਨ 'ਚ ਨਵਜੋਤ ਸਿੰਘ ਸਿੱਧੂ ਦਾ ਹੱਥ ਹੈ।
ਗੱਲਾਂ ਹੀ ਗੱਲਾਂ 'ਚ ਭਗਵੰਤ ਮਾਨ ਨੇ ਇਸ਼ਾਰਾ ਕਰਦੇ ਕਿਹਾ ਕਿ ਜਦੋਂ ਪਾਕਿਸਤਾਨ 'ਚ ਵਜ਼ੀਰੇ ਆਜ਼ਮ ਇਮਰਾਨ ਖਾਨ ਨੇ ਬਤੌਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਸਿੱਧੂ ਨੂੰ ਪਾਕਿਸਤਾਨ 'ਚ ਸੱਦਾ ਦਿੱਤਾ ਗਿਆ ਸੀ। ਜਿੱਥੇ ਸਿੱਧੂ ਨੇ ਇਮਰਾਨ ਖਾਨ ਨਾਲ ਕਰਤਾਰਪੁਰ ਸਾਹਿਬ ਦੇ ਰਸਤੇ ਨੂੰ ਖੋਲ੍ਹਣ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ 72 ਸਾਲਾਂ ਤੋਂ ਨਾਨਕ ਨਾਮ ਲੇਵਾ ਸੰਗਤ ਵੱਲੋਂ ਇਹ ਅਰਦਾਸ ਕੀਤੀ ਜਾ ਰਹੀ ਸੀ ਕਿ ਵਿਛੜੇ ਗੁਰੂ ਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕੀਤੇ ਜਾਣ ਅਤੇ ਉਹ ਅਰਦਾਸ ਅੱਜ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਆਮ ਜਨਤਾ ਨੂੰ ਬਹੁਤ ਵੱਡਾ ਸੰਦੇਸ਼ ਜਾਵੇਗਾ।