550ਵਾਂ ਪ੍ਰਕਾਸ਼ ਪੁਰਬ : ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਧਰਨੇ ''ਤੇ ਬੈਠੀਆਂ ਸਿੱਖ ਜਥੇਬੰਦੀਆਂ

09/13/2019 12:59:55 PM

ਸੁਲਤਾਨਪੁਰ ਲੋਧੀ (ਸੋਢੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਾਰੇ ਸਵਾਗਤੀ ਗੇਟਾਂ ਮੁਹਰੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਇੰਟਰਨੈਸ਼ਨਲ ਪੰਥਕ ਦਲ ਪੰਜਾਬ ਵਲੋਂ ਅਣਮਿਥੇ ਸਮੇ ਲਈ ਰੋਸ ਧਰਨਾ ਆਰੰਭ ਕਰ ਦਿੱਤਾ ਹੈ । ਜਥੇਬੰਦੀ ਦੇ ਸਮੂਹ ਆਗੂ ਤੇ ਵਰਕਰ ਅੱਜ ਸਵੇਰੇ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਪੁੱਜੇ ਤੇ ਨਤਮਸਤਕ ਹੋ ਕੇ ਪਵਿੱਤਰ ਨਗਰੀ 'ਚ ਖੁੱਲ੍ਹੀਆਂ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਗੁਰੂ ਚਰਨਾਂ 'ਚ ਅਰਦਾਸ ਕੀਤੀ ਤੇ ਉਪਰੰਤ ਰੋਸ ਮਾਰਚ ਕਰਦੇ ਹੋਏ ਗੁਰਦੁਆਰਾ ਹੱਟ ਸਾਹਿਬ ਤੋਂ ਲੋਹੀਆਂ ਚੁੰਗੀ ਰੋਡ 'ਤੇ ਖੁੱਲੇ ਸ਼ਰਾਬ ਦੇ ਠੇਕੇ 'ਤੇ ਪੁੱਜੇ ਤੇ ਠੇਕੇ ਪੱਕੇ ਤੌਰ 'ਤੇ ਬੰਦ ਕਰਨ ਦੀ ਮੰਗ ਨੂੰ ਲੈ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ।

ਜਥੇਬੰਦੀ ਦੇ ਸੂਬਾ ਪ੍ਰਧਾਨ ਭਾਈ ਲਖਵਿੰਦਰ ਸਿੰਘ ਫਿਰੋਜ਼ਪੁਰ ਤੇ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਦੇ ਸਵਾਗਤੀ ਗੇਟਾਂ ਦੇ ਸਾਹਮਣੇ ਸਰਕਾਰ ਵਲੋਂ ਖੋਹਲੇ ਗਏ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਵਲੋਂ ਇਸ ਸੰਬੰਧੀ ਸਥਾਨਕ ਪ੍ਰਸ਼ਾਸਨ ਰਾਹੀਂ ਸਰਕਾਰਾਂ ਨੂੰ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਕੋਈ ਧਿਆਨ ਨਹੀਂ ਦੇ ਰਿਹਾ । ਇਸ ਸਮੇਂ ਰਸਤੇ 'ਚ ਬੈਠ ਕੇ ਸਿੱਖ ਸੰਗਤਾਂ ਵਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਤੇ ਸ਼ਾਂਤਮਈ ਰੋਸ ਧਰਨਾ ਚੱਲ ਰਿਹਾ ਹੈ । 

ਮੌਕੇ 'ਤੇ ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਤੇ ਥਾਣਾ ਤਲਵੰਡੀ ਚੌਧਰੀਆਂ ਦੇ ਇੰਸਪੈਕਟਰ ਬਲਜੀਤ ਸਿੰਘ ਵੀ ਭਾਰੀ ਗਿਣਤੀ 'ਚ ਪੁਲਸ ਫੋਰਸ ਲੈ ਕੇ ਪੁੱਜੇ ਹੋਏ ਹਨ । ਉੱਧਰ ਦੂਜੇ ਪਾਸੇ ਐੱਸ. ਪੀ. ਐਲ. ਵਾਇਨ ਕੰਪਨੀ ਦੇ ਆਗੂ ਹਰਨੇਕ ਸਿੰਘ ਵਿਰਦੀ , ਬਲਦੇਵ ਸਿੰਘ ਰੰਗੀਲਪੁਰ ਵੀ ਪੁੱਜੇ ਜਿਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਫੀਸ ਮੁਆਫ ਕੀਤੀ ਜਾਵੇ ਤਾਂ ਉਹ ਖੁਦ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਤਿਆਰ ਹਨ । ਖਬਰ ਲਿਖੇ ਜਾਣ ਤੱਕ ਸ਼ਾਂਤਮਈ ਰੋਸ ਧਰਨਾ ਜਾਰੀ ਸੀ।


Gurminder Singh

Content Editor

Related News