5178 ਮਾਸਟਰ ਕੇਡਰ ਯੂਨੀਅਨ ਨੇ ਫੂਕੀ ਸਰਕਾਰ ਦੀ ਅਰਥੀ

07/22/2017 1:07:42 AM

ਹੁਸ਼ਿਆਰਪੁਰ, (ਘੁੰਮਣ)- ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ਸ਼ੀਲ 5178 ਮਾਸਟਰ ਕੇਡਰ ਯੂਨੀਅਨ ਵੱਲੋਂ ਅੱਜ ਜ਼ਿਲਾ ਪ੍ਰਧਾਨ ਵਿਪਨ ਸਨਿਆਲ ਦੀ ਅਗਵਾਈ 'ਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ 'ਚ 5178 ਅਧਿਆਪਕ ਪਿਛਲੇ 3 ਸਾਲਾਂ ਤੋਂ ਸਿਰਫ 6 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਲੈ ਕੇ ਸੇਵਾਵਾਂ ਨਿਭਾ ਰਹੇ ਹਨ ਜੋ ਕਿ ਅਧਿਆਪਕ ਵਰਗ ਦਾ ਸ਼ਰੇਆਮ ਆਰਥਿਕ ਤੇ ਮਾਨਸਿਕ ਸ਼ੋਸ਼ਣ ਹੈ। ਨਵੰਬਰ 2014 'ਚ ਸਰਕਾਰ ਨੇ ਸਾਨੂੰ 3 ਸਾਲ ਲਈ ਠੇਕੇ 'ਤੇ ਰੱਖਿਆ ਸੀ। ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ 3 ਸਾਲ ਪੂਰੇ ਹੋਣ 'ਤੇ ਸਾਨੂੰ ਪੱਕਾ ਕੀਤਾ ਜਾਣਾ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀ। ਹਾਲਾਂਕਿ ਸਮੇਂ-ਸਮੇਂ ਮੰਤਰੀਆਂ, ਉੱਚ ਅਧਿਕਾਰੀਆਂ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਬੈਠਕਾਂ 'ਚ ਭਰੋਸਾ ਦਿੱਤਾ ਗਿਆ ਪਰ ਅੱਜ ਤੱਕ ਇਸ ਦੀ ਪੂਰਤੀ ਨਹੀਂ ਹੋਈ। ਇਸ ਸਮੇਂ ਐਲਾਨ ਕੀਤਾ ਗਿਆ ਕਿ 30 ਜੁਲਾਈ ਨੂੰ ਡੀ. ਟੀ. ਐੱਫ. ਦੀ ਦੀਨਾਨਗਰ ਰੈਲੀ 'ਚ ਭਾਰੀ ਤਾਦਾਦ 'ਚ ਇਸ ਵਰਗ ਦੇ ਅਧਿਆਪਕ ਸ਼ਾਮਲ ਹੋਣਗੇ। ਅੱਜ ਦੀ ਰੋਸ ਰੈਲੀ ਨੂੰ ਜੀਵਨ ਸਿੰਘ, ਅਮਨਦੀਪ ਸਿੰਘ, ਰਾਜ ਕੁਮਾਰ, ਪ੍ਰਦੀਪ ਕੌਰ, ਗੁਰਦੀਪ ਕੌਰ, ਹਰਵਿੰਦਰ ਸਿੰਘ, ਵਿਨੋਦ ਕੁਮਾਰ, ਮਨਜੀਤ ਕੌਰ, ਜਸਵਿੰਦਰ ਕੌਰ ਅਤੇ ਰਾਜ ਕੁਮਾਰੀ ਨੇ ਵੀ ਸੰਬੋਧਨ ਕੀਤਾ।


Related News