ਪੰਜਾਬ ਦੇ 50 ਹਜ਼ਾਰ ਤੋਂ ਵੱਧ ਪਸ਼ੂਆਂ ਨੂੰ ਗੋਟ ਪੌਕਸ ਦੀ ਦਵਾਈ ਲਗਾਈ : ਲਾਲਜੀਤ ਭੁੱਲਰ
Tuesday, Aug 09, 2022 - 08:14 PM (IST)
ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੰਪੀ ਸਕਿਨ ਪ੍ਰਭਾਵਿਤ ਖੇਤਰਾਂ ਦੇ ਦੌਰੇ ਕਰਨ ਦੀਆਂ ਹਦਾਇਤਾਂ ਦੇ ਸਨਮੁਖ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਵੈਟਰਨਰੀ ਡਾਕਟਰਾਂ ਅਤੇ ਪਸ਼ੂ ਮਾਿਹਰਾਂ ਸਣੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜਿੰਦਾਂਵਾਲਾ, ਨਬੀਪੁਰ ਅਤੇ ਨੌਸ਼ਹਿਰਾ ਪੰਨੂਆਂ ਦਾ ਦੌਰਾ ਕੀਤਾ। ਉਨ੍ਹਾਂ ਜਿਥੇ ਪਸ਼ੂ ਪਾਲਣ ਵਿਭਾਗ ਵੱਲੋਂ ਅਾਰੰਭੇ ਗਏ ਰਾਹਤ ਤੇ ਜਾਗਰੂਕਤਾ ਕਾਰਜਾਂ ਦੀ ਜਾਣਕਾਰੀ ਲਈ, ਉਥੇ ਪਿੰਡਾਂ ’ਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਕੈਬਨਿਟ ਮੰਤਰੀ ਪਿਛਲੇ ਹਫ਼ਤੇ ਤੋਂ ਸੂਬੇ ਦੇ ਵੱਖ-ਵੱਖ ਪ੍ਰਭਾਵਿਤ ਪਿੰਡਾਂ ’ਚ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸੂਬੇ ਦੇ 50 ਹਜ਼ਾਰ ਤੋਂ ਵੱਧ ਪਸ਼ੂਆਂ ਨੂੰ ਗੋਟ ਪੌਕਸ ਦਵਾਈ ਬਿਲਕੁਲ ਮੁਫ਼ਤ ਲਗਾਈ ਜਾ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ : PAU ’ਚ ਚਾਂਸਲਰ ਸਣੇ ਸਿਖ਼ਰਲੀਆਂ ਖਾਲੀ ਪੋਸਟਾਂ ਨੂੰ ਲੈ ਕੇ ਅਕਾਲੀ ਦਲ ਨੇ ਘੇਰੀ ‘ਆਪ’ ਸਰਕਾਰ
ਉਨ੍ਹਾਂ ਦੱਸਿਆ ਕਿ ਗੋਟ ਪੌਕਸ ਦੀਆਂ 2 ਲੱਖ 33 ਹਜ਼ਾਰ ਤੋਂ ਵੱਧ ਡੋਜ਼ਿਜ਼ ਦੋ ਪੜਾਵਾਂ ’ਚ ਸੂਬੇ ਵਿਚ ਪਹੁੰਚ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਅਹਿਮਦਾਬਾਦ ਤੋਂ ਲਿਆਂਦੀ ਗਈ 1,67,000 ਡੋਜ਼ਿਜ਼ ਦੀ ਦੂਜੀ ਖੇਪ ਨੂੰ ਸਮੂਹ ਜ਼ਿਲ੍ਹਿਆਂ ਅਤੇ ਪ੍ਰਭਾਵਿਤ ਖੇਤਰਾਂ ’ਚ ਵੰਡ ਦਿੱਤਾ ਗਿਆ ਹੈ। ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਿਆਂ ’ਚ ਰਾਹਤ ਕਾਰਜਾਂ ਵਿਚ ਜੁਟੇ ਡਿਪਟੀ ਡਾਇਰੈਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਦਵਾਈ ਸਬੰਧੀ ਹੋਰ ਲੋੜ ਬਾਰੇ ਤੁਰੰਤ ਮੁੱਖ ਦਫ਼ਤਰ ਨਾਲ ਰਾਬਤਾ ਕੀਤਾ ਜਾਵੇ ਤਾਂ ਜੋ ਟੀਕਾਕਰਨ ’ਚ ਕੋਈ ਰੁਕਾਵਟ ਨਾ ਆਵੇ।
ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਬਿਜਲੀ ਰੈਗੂਲੇਟਰੀ ਬਿੱਲ ਨੂੰ ਲੈ ਕੇ ਕੇਂਦਰ ’ਤੇ ਵਿੰਨ੍ਹੇ ਨਿਸ਼ਾਨੇ, ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ
ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਵੈਟਰਨਰੀ ਅਫ਼ਸਰਾਂ ਅਤੇ ਵੈਟਰਨਰੀ ਇੰਸਪੈਕਟਰਾਂ ਦੀਆਂ 673 ਟੀਮਾਂ ਬਣਾਈਆਂ ਗਈਆਂ ਹਨ, ਜੋ ਨਿਰੰਤਰ ਗੋਟ ਪੌਕਸ ਦਵਾਈ ਦੇ ਟੀਕਾਕਰਨ ਅਤੇ ਜਾਗਰੂਕਤਾ ਮੁਹਿੰਮ ’ਚ ਜੁਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਤੇ ਮੁਲਾਜ਼ਮ ਲੰਪੀ ਸਕਿਨ ਬੀਮਾਰੀ ਤੋਂ ਬਚਾਅ ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ, ਜਿਸ ਅਨੁਸਾਰ ਪ੍ਰਭਾਵਿਤ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਨਾਲੋਂ ਵੱਖ ਕਰਨਾ, ਪ੍ਰਭਾਵਿਤ ਪਸ਼ੂਆਂ ਦੀ ਆਵਾਜਾਈ ਰੋਕਣਾ ਅਤੇ ਵਾਇਰਸ ਨੂੰ ਕਾਬੂ ਕਰਨ ਲਈ ਦਵਾਈ ਦਾ ਛਿੜਕਾਅ ਆਦਿ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਬੀਮਾਰੀ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਜਾਗਰੂਕਤਾ ਕੈਂਪਾਂ, ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ।