50 ਸਪੈਸ਼ਲਿਸਟਾਂ ਸਮੇਤ 100 ਨਵੇਂ ਡਾਕਟਰਾਂ ਨੂੰ ਵੰਡੇ ਨਿਯੁਕਤੀ ਪੱਤਰ

Saturday, Jun 01, 2019 - 01:50 AM (IST)

ਚੰਡੀਗੜ੍ਹ,(ਭੁੱਲਰ): ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਈ. ਐੱਸ. ਆਈ. ਹਸਪਤਾਲਾਂ ਤੇ ਡਿਸਪੈਂਸਰੀਆਂ ਦੇ 50 ਮੈਡੀਕਲ ਅਫਸਰਾਂ ਤੇ 5 ਮੈਡੀਕਲ ਅਫਸਰਾਂ (ਸਪੈਸ਼ਲਿਸਟ) ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਤੋਂ ਇਲਾਵਾ ਬੀ. ਬੀ. ਐੱਮ. ਬੀ. ਵਲੋਂ ਚਲਾਏ ਜਾ ਰਹੇ ਹਸਪਤਾਲਾਂ ਲਈ 11 ਸਪੈਸ਼ਲਿਸਟ ਡਾਕਟਰਾਂ  ਤੇ 9 ਮੈਡੀਕਲ ਅਫਸਰਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ, ਜਿਸ ਮਗਰੋਂ ਬੀ. ਬੀ. ਐੱਮ. ਬੀ. ਵਲੋਂ ਚਲਾਏ ਜਾ ਰਹੇ ਹਸਪਤਾਲਾਂ 'ਚ ਪੰਜਾਬ ਨੂੰ ਦਿੱਤੇ 31 ਡਾਕਟਰਾਂ ਦੇ ਕੋਟੇ ਨੂੰ ਪੂਰਾ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿਹਤ ਵਿਭਾਗ 'ਚ ਡਾਕਟਰਾਂ ਦੀ ਕਮੀ ਹੋਣ ਕਰਕੇ ਪਿਛਲੇ 5 ਸਾਲਾਂ ਦੇ ਵੱਧ ਸਮੇਂ ਤੋਂ ਇਹ ਪੋਸਟਾਂ ਖਾਲੀ ਪਈਆਂ ਸਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀਆਂ ਖਾਲੀ ਪਈਆਂ 55 ਅਸਾਮੀਆਂ 'ਤੇ ਨਿਯੁਕਤੀ ਨਾਲ ਉਨ੍ਹਾਂ ਨੇ ਈ. ਐੱਸ. ਆਈ. ਹਸਪਤਾਲਾਂ ਤੇ ਡਿਸਪੈਂਸਰੀਆਂ 'ਚ ਡਾਕਟਰਾਂ ਦੇ 100 ਫੀਸਦੀ ਕੋਟੇ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਤੇ ਮਾਹਿਰ ਡਾਕਟਰਾਂ ਦੀਆਂ ਇਹ ਪੋਸਟਾਂ ਈ. ਐੱਸ. ਆਈ. ਹਸਪਤਾਲਾਂ ਤੇ ਡਿਸਪੈਂਸਰੀਆਂ 'ਚ ਖਾਲੀ ਸਨ, ਜੋ ਕਿ ਉਦਯੋਗਿਕ ਇਕਾਈਆਂ/ਸੰਸਥਾਵਾਂ 'ਚ ਕੰਮ ਕਰਨ ਵਾਲੇ ਘੱਟ ਆਮਦਨ ਵਾਲੇ ਬੀਮਾ ਧਾਰਕ ਵਿਅਕਤੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਸਭ ਤੋਂ ਵੱਡੀ ਰੁਕਾਵਟ ਸੀ। ਸਿਹਤ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ 'ਚ ਪੰਜਾਬ ਮੰਤਰੀ ਪ੍ਰੀਸ਼ਦ ਨੇ ਠੇਕੇ 'ਤੇ ਈ. ਐੱਸ. ਆਈ. ਹਸਪਤਾਲਾਂ 'ਚ ਖਾਲੀ ਅਸਾਮੀਆਂ ਨੂੰ ਭਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਠੇਕੇ 'ਤੇ ਇਹ ਭਰਤੀ ਇਕ ਸਾਲ ਲਈ ਹੈ ਤੇ ਇਸ ਦੀ ਮਿਆਦ ਹਰ ਸਾਲ ਵਧਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 3 ਫੀਸਦੀ ਸਾਲਾਨਾ ਵਾਧੇ ਨਾਲ ਮੈਡੀਕਲ ਅਫ਼ਸਰ ਨੂੰ ਮਹੀਨਾਵਾਰ ਤਨਖਾਹ 50,000 ਰੁਪਏ ਤੇ ਮੈਡੀਕਲ ਅਫ਼ਸਰ (ਸਪੈਸ਼ਲਿਸਟ) ਨੂੰ 1 ਲੱਖ ਰੁਪਏ ਮਹੀਨਾਵਾਰ ਤਨਖਾਹ ਮਿਲੇਗੀ। ਉਨ੍ਹਾਂ ਕਿਹਾ ਕਿ ਲੋੜ ਨੂੰ ਤੁਰੰਤ ਪੂਰਾ ਕਰਨ ਲਈ ਇਨ੍ਹਾਂ ਅਸਾਮੀਆਂ ਨੂੰ ਰੈਗੂਲਰ ਉਮੀਦਵਾਰ ਮਿਲਣ ਤੱਕ ਠੇਕੇ 'ਤੇ ਭਰਿਆ ਗਿਆ ਹੈ।



 


Related News