5 ਸ਼ੱਕੀ ਵਿਅਕਤੀਆਂ ਨੇ ਡਰਾਈਵਰ ਨਾਲ ਕੁੱਟ-ਮਾਰ ਕਰ ਕੇ ਖੋਹੀ ਕਾਰ, ਅਲਰਟ ਜਾਰੀ
Saturday, Oct 05, 2019 - 01:00 AM (IST)

ਤਰਨਤਾਰਨ,(ਰਮਨ): ਪੰਜਾਬ 'ਚ ਹਥਿਆਰਾਂ ਸਮੇਤ ਕਾਬੂ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ. ਜੈੱਡ. ਐੱਫ.) ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀਆਂ ਪਾਸੋਂ ਬਰਾਮਦ ਕੀਤੇ ਗਏ ਹਥਿਆਰਾਂ ਤੋਂ ਬਾਅਦ ਖੁਫੀਆ ਵਿਭਾਗ ਨੇ ਪੰਜਾਬ 'ਚ ਅੱਤਵਾਦੀ ਹਮਲਾ ਹੋਣ ਸਬੰਧੀ ਸ਼ੱਕ ਜ਼ਾਹਰ ਕੀਤਾ ਹੈ। ਉਧਰ ਅੱਜ ਸ਼ਾਮ ਜ਼ਿਲਾ ਤਰਨਤਾਰਨ ਅਧੀਨ ਆਉਂਦੇ ਸਰਹੱਦੀ ਖੇਤਰ ਨਾਰਲੀ ਨਜ਼ਦੀਕ ਇਕ ਡਰਾਈਵਰ ਤੋਂ 5 ਸ਼ੱਕੀ ਵਿਅਕਤੀਆਂ ਨੇ ਕੁੱਟ-ਮਾਰ ਕਰ ਕੇ ਕਾਰ ਖੋਹ ਲਈ। ਜਿਸ ਤਹਿਤ ਪੁਲਸ ਨੇ ਇਨ੍ਹਾਂ ਵਿਅਕਤੀਆਂ ਦੀ ਭਾਲ ਲਈ ਪੂਰੇ ਜ਼ਿਲੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਗਿਲਵਾਲੀ ਗੇਟ ਦਾ ਰਹਿਣ ਵਾਲਾ ਡਰਾਈਵਰ ਕਰਮਜੀਤ ਸਿੰਘ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਨੂੰ ਕਿਰਾਏ 'ਤੇ ਟੈਕਸੀ ਚਾਹੀਦੀ ਹੈ । ਜਿਸ 'ਤੇ ਜਦੋਂ ਡਰਾਈਵਰ ਸਵਿੱਫਟ ਡਿਜ਼ਾਇਰ ਕਾਰ ਸਮੇਤ ਅੱਡਾ ਝਬਾਲ ਪੁੱਜ ਤਾਂ ਇਕ 25 ਸਾਲਾ ਨੌਜਵਾਨ ਸਿੱਖ ਉਸ ਦੀ ਕਾਰ 'ਚ ਸਵਾਰ ਹੋ ਕੇ ਮਾੜੀ ਮੇਘਾ ਪਿੰਡ ਲਈ ਰਵਾਨਾ ਹੋ ਗਏ। ਇਸ ਦੌਰਾਨ ਜਦੋਂ ਕਾਰ ਪਿੰਡ ਨਾਰਲੀ ਮੋੜ ਵਿਖੇ ਪੁੱਜੀ ਤਾਂ ਉਸ ਦੇ ਪਿੱਛੇ ਆ ਰਹੀ ਇਕ ਹੋਰ ਕਾਰ ਜਿਸ 'ਚ 4 ਮੋਨੇ ਵਿਅਕਤੀ ਸਵਾਰ ਸਨ, ਨੇ ਕਾਰ ਨੂੰ ਰੋਕ ਕੇ ਡਰਾਈਵਰ ਨਾਲ ਕੁੱਟ-ਮਾਰ ਕਰਦੇ ਹੋਏ ਕਾਰ ਖੋਹ ਲਈ ਅਤੇ ਪਾਕਿਸਤਾਨ ਨਾਲ ਲੱਗਦੇ ਬਾਰਡਰ ਵੱਲ ਫਰਾਰ ਹੋ ਗਏ।
ਇਸ ਸਬੰਧੀ ਐੱਸ.ਪੀ. (ਆਈ.) ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਪੁਲਸ ਵੱਲੋਂ ਇਸ ਸਬੰਧੀ ਕਾਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੀੜਤ ਦੇ ਬਿਆਨਾਂ ਹੇਠ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਸਭ ਸ਼ਾਂਤੀਪੂਰਵਕ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਸ਼ੱਕੀ ਵਿਅਕਤੀਆਂ ਦੇ ਜ਼ਿਲੇ 'ਚ ਦਾਖਲ ਹੋਣ ਦੀ ਜਾਣਕਾਰੀ ਨਹੀਂ ਹੈ।