ਲੁੱਟਾਂ-ਖੋਹਾਂ ਕਰਨ ਵਾਲੇ ਸ਼ਾਤਰ ਗੈਂਗ ਦਾ ਪਰਦਾਫਾਸ਼, 5 ਲੁਟੇਰੇ ਗ੍ਰਿਫ਼ਤਾਰ
Friday, Oct 16, 2020 - 01:25 PM (IST)
ਫਗਵਾੜਾ (ਜਲੋਟਾ)— ਫਗਵਾੜਾ ਪੁਲਸ ਨੇ ਲੁੱਟਾਂ-ਖੋਹਾਂ ਅਤੇ ਚੋਰੀ ਕਰਨ ਵਾਲੇ ਇਕ ਸ਼ਾਤਰ ਲੁਟੇਰੇ ਗੈਂਗ ਦਾ ਪਰਦਾਫਾਸ਼ ਕੀਤਾ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਸਬੰਧਤ ਗੈਂਗ ਦਾ ਮਾਸਟਰ ਮਾਈਂਡ ਅਤੇ ਮੁਖੀਆ ਫਗਵਾੜਾ ਦੇ ਹਦੀਆਬਾਦ ਇਲਾਕੇ 'ਚ ਰਹਿਣ ਵਾਲਾ ਇਕ ਨਾਬਾਲਗ ਲੜਕਾ ਹੈ, ਜਿਸ ਨੇ ਗੈਂਗ 'ਚ ਆਪਣੇ ਨਾਲ ਦੋ ਹੋਰ ਨਾਬਾਲਗ ਸਾਥੀਆਂ ਜੋ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹੈ, ਨੂੰ ਸ਼ਾਮਲ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸ਼ਾਮਲ ਹੋਣਗੇ ਨਵਜੋਤ ਸਿੱਧੂ!
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਪੁਲਸ ਥਾਣਾ ਸਿਟੀ ਦੇ ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਬੰਗਾ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਮੁਖਬਰ ਖਾਸ ਤੋਂ ਸੂਚਨਾ ਮਿਲੀ ਕਿ ਸਬੰਧਤ ਗੈਂਗ ਦੇ ਦੋ ਸਾਥੀ ਕਿਰਨਦੀਪ ਸਿੰਘ ਉਰਫ਼ ਕਿਰਨ ਜੋਜੋ ਪੁੱਤਰ ਕਰਮ ਸਿੰਘ ਵਾਸੀ ਪਿੰਡ ਲੰਗੇਰੀ ਥਾਣਾ ਮਾਹਿਲਪੁਰ ਅਤੇ ਯੁੱਧਵੀਰ ਸਿੰਘ ਉਰਫ਼ ਜੋਧਾ ਪੁੱਤਰ ਸੁਰਿੰਦਰ ਸਿੰਘ ਵਾਸੀ ਸਰਦੁਲਾਪੁਰ ਥਾਣਾ ਮਹਿਲਪੁਰ ਚੋਰੀਸ਼ੁਦਾ ਮੋਟਰਸਾਈਕਲਾਂ 'ਤੇ ਆ ਰਹੇ ਹਨ।
ਇਹ ਵੀ ਪੜ੍ਹੋ: ਰਾਹ ਜਾਂਦੀ ਬੀਬੀ ਨੂੰ ਝਪਟਮਾਰਾਂ ਨੇ ਘੇਰਿਆ,ਵਾਹ ਨਾ ਚੱਲਦਾ ਵੇਖ ਦਾਗੇ ਹਵਾਈ ਫ਼ਾਇਰ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਦੋਵੇਂ ਮੁਲਜ਼ਮਾਂ ਨੂੰ 2 ਚੋਰੀਸ਼ੁਦਾ ਮੋਟਰਸਾਈਕਲਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ 'ਤੇ ਤਿੰਨ ਨਾਬਾਲਗ ਲੜਕਿਆਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੈਂਗ ਦਾ ਮਾਸਟਰ ਮਾਈਂਡ ਫਗਵਾੜਾ ਦੇ ਹਦੀਆਬਾਦ ਇਲਾਕੇ 'ਚ ਰਹਿੰਦਾ ਇਕ ਨਾਬਾਲਗ ਲੜਕਾ ਹੈ ਜੋ ਪਹਿਲਾਂ ਵੀ ਲੁੱਟ-ਖੋਹ ਅਤੇ ਲੜਾਈ ਝਗੜੇ ਦੇ ਮਾਮਲਿਆਂ ਸਬੰਧੀ ਰਜਿਸਟਰ ਹੋਏ ਪੁਲਸ ਕੇਸਾਂ 'ਚ ਜੇਲ੍ਹ 'ਚ ਰਹਿ ਕੇ ਆਇਆ ਹੋਇਆ ਹੈ।
ਇਹ ਵੀ ਪੜ੍ਹੋ: ਪਟਿਆਲਾ 'ਚ ਪੈਸਿਆਂ ਖਾਤਿਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਉਨਾਂ ਕਿਹਾ ਕਿ ਇਸ ਦਾ ਇਕ ਨਾਬਾਲਗ ਸਾਥੀ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਦੇ ਖ਼ਿਲਾਫ਼ ਪੁਲਸ ਨੇ ਹੱਤਿਆ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੈਂਗ ਨੇ ਫਗਵਾੜਾ ਅਤੇ ਲੁਧਿਆਣਾ ਵਿਖੇ ਵੱਖ-ਵੱਖ ਥਾਵਾਂ 'ਤੇ ਪੰਜ ਲੁੱਟ ਦੀਆਂ ਵਾਰਦਾਤਾਂ ਕੀਤੀਆਂ ਹਨ। ਐੱਸ. ਐੱਚ. ਓ ਸਿਟੀ ਨਵਦੀਪ ਸਿੰਘ ਨੇ ਦੱਸਿਆ ਕਿ ਗੈਂਗ ਦੇ ਹਵਾਲੇ ਤੋਂ ਪੁਲਸ ਨੂੰ ਛੇ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਹੋਏ ਹਨ, ਜੋ ਕਿ ਚੋਰੀ ਅਤੇ ਲੁੱਟ-ਖੋਹ ਕਰਨ ਤੋਂ ਬਾਅਦ ਗੈਂਗ ਵੱਲੋਂ ਹਾਸਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗੈਂਗ ਦੇ ਪੰਜ ਸਾਥੀਆਂ ਖ਼ਿਲਾਫ਼ ਪੁਲਸ ਨੇ ਥਾਣਾ ਸਿਟੀ ਫਗਵਾੜਾ ਵਿਖੇ ਵੱਖ-ਵੱਖ ਧਾਰਾਵਾਂ ਦੇ ਤਹਿਤ ਪੁਲਸ ਕੇਸ ਰਜਿਸਟਰ ਕਰ ਲਿਆ ਹੈ। ਪੁਲਸ ਜਾਂਚ ਜਾਰੀ ਹੈ। ਗੈਂਗ ਦੇ 2 ਵਿਅਕਤੀ ਕਰਨਦੀਪ ਸਿੰਘ ਉਰਫ ਕਿਰਨ ਜੋਜੋ ਅਤੇ ਯੁਧਵੀਰ ਸਿੰਘ ਨੂੰ ਪੁਲਸ ਨੇ ਅਦਾਲਤ ਤੋਂ ਇਕ ਦਿਨ 'ਤੇ ਪੁਲਸ ਰਿਮਾਂਡ 'ਤੇ ਲਿਆ ਹੈ। ਜਦਕਿ ਗੈਂਗ ਦੇ 3 ਸਾਥੀ ਨਾਬਾਲਗਾਂ ਨੂੰ ਅਦਾਲਤ ਦੇ ਹੁਕਮ 'ਤੇ ਬਾਲ ਸੁਧਾਰ ਘਰ ਹਿਸ਼ਆਰਪੁਰ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਬੈਂਕ ਡਕੈਤੀ, ਸੁਰੱਖਿਆ ਕਾਮੇ ਨੂੰ ਗੋਲੀਆਂ ਮਾਰ ਲੁੱਟੀ ਲੱਖਾਂ ਦੀ ਨਕਦੀ (ਵੀਡੀਓ)