5 ਦਰਿਆਵਾਂ ਦੀ ਧਰਤੀ ਅੱਜ ਬੇਆਬਾਦ ਹੋਣ ਦੇ ਕੰਢੇ, ਮੁਫ਼ਤ ਬਿਜਲੀ ਦੀ ਸਹੂਲਤ ਧਰਤੀ ਹੇਠਲੇ ਪਾਣੀ ਨੂੰ ਲਾਵੇਗੀ ਖੋਰਾ

Wednesday, Mar 01, 2023 - 12:59 PM (IST)

5 ਦਰਿਆਵਾਂ ਦੀ ਧਰਤੀ ਅੱਜ ਬੇਆਬਾਦ ਹੋਣ ਦੇ ਕੰਢੇ, ਮੁਫ਼ਤ ਬਿਜਲੀ ਦੀ ਸਹੂਲਤ ਧਰਤੀ ਹੇਠਲੇ ਪਾਣੀ ਨੂੰ ਲਾਵੇਗੀ ਖੋਰਾ

ਸੁਲਤਾਨਪੁਰ ਲੋਧੀ (ਧੀਰ)-ਇਕ ਪਾਸੇ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਈ ਮਹੱਤਵਪੂਰਨ ਫ਼ੈਸਲੇ ਲੈ ਰਹੀ ਹੈ ਪਰ ਦੂਜੇ ਪਾਸੇ 600 ਯੂਨਿਟ ਮੁਫ਼ਤ ਬਿਜਲੀ ਪਾਣੀ ਦੀ ਦੁਰਵਰਤੋਂ ਵਧਾਉਣ ਦਾ ਕਾਰਨ ਸਾਬਤ ਹੋਵੇਗੀ, ਕਿਉਂਕਿ ਪੰਜਾਬ ਦੇ ਪਿੰਡਾਂ ਅੰਦਰ ਘੇਰਲੂ ਮੋਟਰਾਂ ਰਾਹੀਂ ਵੰਡੇ ਪੱਧਰ ’ਤੇ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ, ਜਿਸ ਦੀ ਮਿਸਾਲ ਪੇਂਡੂ ਲੋਕਾਂ ਵੱਲੋਂ ਆਪਣੇ ਪਾਲਤੂ ਪਸ਼ੂਆਂ ਨੂੰ ਨਹਾਉਣ ਅਤੇ ਉਨ੍ਹਾਂ ਦਾ ਗੋਹਾ ਆਦਿ ਚੁੱਕਣ ਦੀ ਬਜਾਏ ਪਾਣੀ ਨਾਲ ਹੀ ਨਾਲੀਆਂ ’ਚ ਰੋੜ ਜਾਣ ਤੋਂ ਮਿਲਦੀ ਹੈ। ਇਸ ਤਰ੍ਹਾਂ ਗੱਡੀਆਂ, ਮੋਟਰਸਾਈਕਲਾਂ ਅਤੇ ਟਰੈਕਟਰਾਂ ਆਦਿ ਨੂੰ ਧੋਣ ਲਈ ਇਨ੍ਹਾਂ ਘਰੇਲੂ ਮੋਟਰਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ।

ਪੰਜ ਦਰਿਆਵਾਂ ਦੀ ਇਹ ਧਰਤੀ ਅੱਜ ਬੇਅਬਾਦ ਹੋਣ ਦੇ ਕੱਢ ਆਣ ਖੜ੍ਹੀ ਹੈ। ਅੱਜ ਪੰਜਾਬ ਦਾ ਨਾਂ ਧਰਤੀ ਦੇ ਉਨ੍ਹਾਂ ਖਿਤਿਆਂ ’ਚ ਸ਼ਾਮਲ ਹੈ, ਜਿਨ੍ਹਾਂ ਥਾਵਾਂ ’ਚ ਧਰਤੀ ਹੇਠਲਾ ਪਾਣੀ ਬਹੁਤ ਤੇਜ਼ੀ ਨਾਲ ਮੁੱਕ ਰਿਹਾ ਹੈ। ਪੂਰੇ ਭਾਰਤੀ ਖਿੱਤੇ ’ਚ ਪੰਜਾਬ ਤੇ ਹਰਿਆਣਾ ਹੀ ਅਜਿਹੇ ਦੋ ਸੂਬੇ ਹਨ, ਜਿਨ੍ਹਾਂ ਦਾ ਪਾਣੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ, ਬਾਕੀ ਕਿਸੇ ਵੀ ਸੂਬੇ ਦੇ ਧਰਤੀ ਹੇਠਲ ਪਾਣੀ ਦਾ ਪੱਧਰ ਇੰਨਾ ਹੇਠਾਂ ਨਹੀਂ ਜਾ ਰਿਹਾ। ਵਿਗਿਆਨੀਆਂ ਵੱਲੋਂ ਅੰਦਾਜੇ ਲਾਏ ਜਾ ਰਹੇ ਹਨ ਕਿ 2040 ਤੱਕ ਪੰਜਾਬ ਦਾ ਬਹੁਤਾ ਹਿੱਸਾ ਬੰਜਰ ਹੋ ਜਾਵੇਗਾ। ਅੱਜ ਪੰਜਾਬ ਦੇ ਪੇਂਡੂ ਵਿਕਾਸ ਬਲਾਕਾਂ ਦੇ ਲਗਭਗ 80 ਬਲਾਕਾਂ ’ਚ ਧਰਤੀ ਹੇਠਲੇ ਪਾਣੀ ਦੀ ਹਾਲਤ ਅਤਿ ਨਾਜ਼ੁਕ ਹੈ। ਪੰਜਾਬ ਸਰਕਾਰ ਨੇ ਹਰੇਕ ਬਿੱਲ ਪਿੱਛੇ 600 ਯੂਨਿਟ ਮੁਫਤ ਬਿਜਲੀ ਦੇਣ ਦਾ ਫੈਸਲਾ ਲੈ ਕੇ ਲੋਕਾਂ ਦੀ ਜੇਬ ਦੇ ਆਰਥਿਕ ਬੋਝ ਨੂੰ ਜ਼ਰੂਰ ਘੱਟ ਕੀਤਾ ਹੈ, ਪਰ ਇਹ ਮੁਫਤ ਛੋਟ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਦੀ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾਏਗੀ।

ਇਹ ਵੀ ਪੜ੍ਹੋ : ਹਾਸ਼ੀਏ ’ਤੇ ਚੱਲ ਰਹੀ ਪੰਜਾਬ ਯੂਥ ਕਾਂਗਰਸ ’ਚ ਇਕ ਵਾਰ ਫਿਰ ਤੋਂ ਜਥੇਬੰਦਕ ਚੋਣਾਂ ਦਾ ਦੌਰ ਸ਼ੁਰੂ

ਪਾਣੀ ਦਾ ਖ਼ਤਰਨਾਕ ਪੱਧਰ ’ਤੇ ਜਾਣ ਦੇ ਕਾਰਨਾਂ ਨੂੰ ਜਾਣਨਾ ਜ਼ਰੂਰੀ
ਇੰਝ, ਜੀਵਨ ਦੀ ਹੋਂਦ ਕਾਇਮ ਰੱਖਣ ਲਈ ਬਹੁਤ ਘੱਟ ਵਰਤੋਂ ਯੋਗ ਪਾਣੀ ਉਪਲੱਬਧ ਹੈ। ਮੌਜੂਦਾ ਦੌਰ ਅਧੀਨ ਪੰਜਾਬ ਪਾਣੀ ਦੇ ਗੰਭੀਰ ਸੰਕਟ ਵਿਚ ਹੈ। ਪੰਜਾਬ ਦੇ ਪਾਣੀਆਂ ਦੀ ਸੰਭਾਲ ਲਈ ਹਰ ਪੰਜਾਬੀ ਦਾ ਯੋਗਦਾਨ ਲੋਡ਼ੀਂਦਾ ਹੈ। ਦੇਸ਼ ਵਿਚ ਨਹਿਰਾਂ ਦੇ ਜਾਲ ਵਿਛੇ ਹੋਣ ਦੇ ਬਾਵਜੂਦ ਪੀਣਯੋਗ ਪਾਣੀ ਤੇ ਸਿੰਚਾਈ ਯੋਗ ਪਾਣੀ ਲਗਾਤਾਰ ਘੱਟਦਾ ਜਾ ਰਿਹਾ ਹੈ। ਜਦੋਂ ਹਾਲਾਤ ਇੰਨੇ ਗੰਭੀਰ ਹਨ ਤਾਂ ਇਹ ਵੀ ਵਿਚਾਰਨਾ ਬਣਦਾ ਹੈ ਕਿ ਪਾਣੀ ਦਾ ਇਸ ਖਤਰਨਾਕ ਪੱਧਰ ’ਤੇ ਚਲੇ ਜਾਣ ਦੇ ਕਾਰਨਾਂ ਨੂੰ ਵੀ ਜਾਣਨਾ ਜ਼ਰੂਰੀ ਹੈ।

ਪਹਿਲਾ ਕਾਰਨ
ਪਹਿਲਾ ਕਾਰਨ ਤਾਂ ਪੂੰਜੀਵਾਦੀਕਾਰਪੋਰੇਟ ਵਿਕਾਸ ਮਾਡਲ ਹੈ। ਗੁਰਮਤਿ ਦੇ ਨਜ਼ਰੀਏ ਤੋਂ ਪਾਣੀ ਨੂੰ ਕੁਦਰਤ ਦਾ ਸੋਮਾ ਸਮਝ ਕੇ ਸਤਿਕਾਰ ਦੇਣ ਦੀ ਬਜਾਏ ਇਸ ਨੂੰ ਸਿਰਫ ਮੁਨਾਫਾ ਕਮਾਉਣ ਲਈ ਇਕ ਵਸਤੂ ਬਣਾ ਦਿੱਤਾ ਗਿਆ ਹੈ। ਪਾਣੀ ਦੀ ਦੁਰਵਰਤੋਂ ਵਧਣ ਕਾਰਨ ਆਲਮੀ ਤਪਸ ਅਤੇ ਮੌਸਮੀ ਤਬਦੀਲੀ ਵਰਗੇ ਸੰਕਟਾਂ ਦਾ ਅੱਜ ਦੁਨੀਆ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਨਤੀਜੇ ਵਜੋਂ ਹਿਮਾਲਿਆ ਉੱਤੇ ਬਰਫਬਾਰੀ ਘਟਣ ਕਾਰਨ ਪੰਜਾਬ ਦੇ ਦਰਿਆਵਾਂ ’ਚ ਪਾਣੀ ਦੀ ਮਿਕਦਾਰ ਘੱਟ ਗਈ ਹੈ। ਮੌਸਮੀ ਤਬਦੀਲੀ ਕਾਰਨ ਪੰਜਾਬ ’ਚ ਬਾਰਸ ਦੀ ਔਸਤ 445 ਮਿ.ਮੀ. ਰਹਿ ਗਈ ਹੈ, ਜੋ ਕਿ ਸੰਨ 2000 ਤੋਂ ਪਹਿਲਾਂ 606 ਮਿ. ਮੀ. ਸੀ।

ਦੂਜਾ ਕਾਰਨ
ਦੂਜਾ ਕਾਰਨ ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਗੈਰ ਰਾਇਪੋਰੀਅਨ ਖਿੱਤਿਆਂ ਨੂੰ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸਿਰਫ 27, 82, 500 ਏਕੜ (ਲਗਭਗ 25 ਫੀਸਦੀ) ਦੀ ਸਿੰਚਾਈ ਹੁੰਦੀ ਹੈ। 75, 00, 000 ਏਕੜ (ਲਗਭਗ 74 ਫੀਸਦੀ) ਦੇ ਕਰੀਬ ਰਕਬੇ ਦੀ ਸਿੰਜਾਈ ਲਈ ਪੰਜਾਬ ਜ਼ਮੀਨ ਹੇਠੋਂ ਪਾਣੀ ਕੱਢਣ ਲਈ ਮਜਬੂਰ ਹੈ।

ਤੀਸਰਾ ਕਾਰਨ
ਤੀਸਰਾ ਕਾਰਨ ਪੰਜਾਬ ਜ਼ਮੀਨੀ ਪਾਣੀ ਦੀ ਗੈਰ ਹੰਢਣਸਾਰ ਵਰਤੋਂ ਦਾ ਹੈ। ਪੰਜਾਬ ’ਚ ਘਰੇਲੂ ਤੇ ਉਦਯੋਗਿਕ ਖੇਤਰ ਦਾ ਪਾਣੀ ਸੋਧ ਕੇ ਮੁੜ ਵਰਤੋਂ ਵਿਚ ਲਿਆਉਣ ਦੀ ਔਸਤ 10 ਫੀਸਦੀ ਤੋਂ ਵੀ ਘੱਟ ਹੈ, ਜਦਕਿ ਇਜਰਾਈਲ ਵਿਚ ਇਹ ਔਸਤ 80 ਫ਼ੀਸਦੀ ਹੈ, ਜਿਸ ਦੀ ਔਸਤ ਵਧਾਏ ਜਾਣ ਦੀ ਜ਼ਰੂਰਤ ਹੈ।

ਚੌਥਾ ਕਾਰਨ
ਤੀਸਰਾ ਕਾਰਨ ਪੰਜਾਬ ਦੇ ਰਵਾਇਤੀ ਖੇਤੀ ਮਾਡਲ ਵਿਚ ਵਿਗਾਡ਼ ਤੇ ਗੈਰ-ਇਲਾਕਾਈ ਫ਼ਸਲ ਝੋਨਾ ਪੈਦਾ ਕਰਨ ਦੀ ਕਵਾਇਦ ਹੈ, ਜਿਸ ਕਾਰਨ ਆਏ ਸਾਲ 10 ਤੋਂ 15 ਫੁੱਟ ਤੱਕ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਧਰਤੀ ਉੱਤੇ ਪਾਣੀ ਦੀ ਹੋਂਦ ਦੁਆਰਾ ਮਨੁੱਖੀ ਜੀਵਨ ਦੀ ਹੱਦ ਸੰਭਵ ਹੋਈ ਹੈ। ਜਿੱਥੇ ਸਾਰੇ ਧਰਮਾਂ ਵਿਚ ਪਾਣੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਉੱਥੇ ਵਿਗਿਆਨ ਅਨੁਸਾਰ ਵੀ ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ। ਧਰਤੀ ਦੇ 70 ਫ਼ੀਸਦੀ ਹਿੱਸੇ ’ਤੇ ਪਾਣੀ ਹੈ, ਜਿਸ ਵਿਚ 97.5 ਫੀਸਦੀ ਸਮੁੰਦਰ ਅਤੇ ਹੋਰ ਖਾਰੇ ਪਾਣੀ ਦੇਸਮ ਹਨ। ਬਾਕੀ 2.5 ਫ਼ੀਸਦੀ ਪਾਣੀ ’ਚ 68.7 ਫੀਸਦੀ ਧਰੁਵਾਂ ਅਤੇ ਗਲੇਸ਼ੀਅਰਾਂ ’ਤੇ ਜੰਮਿਆ ਹੋਇਆ ਹੈ। ਕੇਵਲ 30 ਫੀਸਦੀ ਪਾਣੀ ਭੂਮੀਗਤ ਹੈ। ਬਾਕੀ 1.2 ਫੀਸਦੀ ਸਤਹੀ ਪਾਣੀ ਦੇ ਰੂਪ ਵਿਚ ਹੈ।

ਇਹ ਵੀ ਪੜ੍ਹੋ :CM ਮਾਨ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, ਕੇਂਦਰ ਨੇ ਉੜੀਸਾ ਤੋਂ ਸਮੁੰਦਰ ਰਸਤੇ ਕੋਲਾ ਲਿਆਉਣ ਦੀ ਸ਼ਰਤ ਹਟਾਈ

ਹਰੀ ਕ੍ਰਾਂਤੀ ਦੌਰਾਨ ਭੂਮੀਗਤ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਡਿੱਗਿਆ
ਹਰੀ ਕ੍ਰਾਂਤੀ ਦੌਰਾਨ ਭੂਮੀਗਤ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਡਿੱਗਿਆ। ਸੰਨ 2010 ਦੌਰਾਨ ਭਾਰਤ ਵਿਚ ਕੁੱਲ 761 ਕਿਊਬਿਕ ਕਿ. ਮੀ. ਭੂਮੀਗਤ ਪਾਣੀ ਵਰਤਿਆ ਗਿਆ, ਜਿਸ ਵਿਚ 688 ਕਿਊਬਿਕ ਕਿ. ਮੀ. ਖੇਤੀ ਲਈ, 56 ਕਿਊਬਿਕ ਕਿ. ਮੀ. ਘਰੇਲੂ ਵਰਤੋਂ ਤੇ ਪੀਣ ਲਈ ਅਤੇ 17 ਕਿਊਬਿਕ ਕਿ. ਮੀ. ਉਦਯੋਗਿਕ ਖੇਤਰਾਂ ਵਿਚ ਵਰਤਿਆ ਜਾਂਦਾ ਸੀ। ਇਸ ਕਾਰਜ ਲਈ 2 ਕਰੋਡ਼ ਤੋਂ ਜ਼ਿਆਦਾ ਟਿਊਬਵੈੱਲ ਕੁਨੈਕਸ਼ਨ ਲੱਗੇ ਹੋਏ ਹਨ। ਕੇਂਦਰੀ ਭੂਮੀਗਤ ਪਾਣੀ ਬੋਰਡ ਅਨੁਸਾਰ ਭੂਮੀਗਤ ਪਾਣੀ ਦੀ ਉਪਲੱਬਧਤਾ ਸੰਨ 1947 ਵਿਚ 6008 ਕਿਊਬਿਕ ਮੀਟਰ ਸੀ, ਜਿਹੜੀ ਕਿ ਸੰਨ 2000 ਵਿਚ 2384 ਕਿਊਬਿਕ ਮੀਟਰ ਰਹਿ ਗਈ ਹੈ। ਕੁਦਰਤ ਨੇ ਪੰਜਾਬ ਨੂੰ ਅਨਮੋਲ ਪਾਣੀ ਤੇ ਜਰਖੇਜ ਮਿੱਟੀ ਦਾ ਵਡਮੁੱਲਾ ਤੋਹਫਾ ਦਿੱਤਾ ਹੈ।

ਬੰਜਰ ਹੋਣ ਵੱਲ ਜਾ ਰਿਹਾ ਪੰਜਾਬ
ਕੁਦਰਤੀ ਦਾਤਾਂ ਜਿਵੇਂ ਹਵਾ, ਪਾਣੀ ਤੇ ਸੂਰਜ ਦੀ ਰੋਸ਼ਨੀ ਮੁਫਤ ਹਨ, ਜਿਨ੍ਹਾਂ ਦਾ ਲਾਭ ਮਨੁੱਖ ਸਦੀਆਂ ਤੋਂ ਲੈ ਰਿਹਾ ਹੈ, ਜੋ ਬਾਕੀ ਵਸਤਾਂ ਮਨੁੱਖ ਨੇ ਪੈਸਾ ਖਰਚ ਕੇ ਤਿਆਰ ਕੀਤੀਆਂ ਹਨ, ਉਹ ਮੁੱਲ ਮਿਲਦੀਆਂ ਹਨ। ਪਿਛਲੇ ਕਰੀਬ 20 ਸਾਲਾਂ ਤੋਂ ਕਿਸਾਨਾਂ ਨੂੰ ਉਸ ਦੇ ਟਿਊਬਵੈੱਲ ਲਈ ਬਿਜਲੀ ਮੁਫ਼ਤ ਮਿਲਦੀ ਹੈ। ਇਸ ਮੁਫਤ ਬਿਜਲੀ ਦੀ ਜੋ ਦੁਰਵਰਤੋਂ ਹੁੰਦੀ ਹੈ, ਉਹ ਇਕ ਵੱਖਰਾ ਵਿਸਾ ਹੈ, ਪਰ ਇਸ ਲਾਲਚ ਨੇ ਧਰਤੀ ਹੇਠਲੇ ਪਾਣੀ ਦਾ ਕਿੰਨਾ ਨੁਕਸਾਨ ਕੀਤਾ ਹੈ, ਇਹ ਅੰਦਾਜ਼ੇ ਤੋਂ ਪਰੇ ਹੈ। ਪੰਜਾਬ ਬੰਜਰ ਹੋਣ ਵੱਲ ਜਾ ਰਿਹਾ ਹੈ। ਪੰਜਾਬ ਦੀ ਓਦੋਂ ਦੀ ਸਰਕਾਰ ਨੇ ਜਦੋਂ ਇਹ ਫ਼ੈਸਲਾ ਲਿਆ ਸੀ ਤਾਂ ਕਈ ਖੇਤੀਬਾੜੀ ਅਰਥ-ਸ਼ਾਸਤਰੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦੀ ਮੁੱਖ ਦਲੀਲ ਸੀ ਕਿ ਜਿਸ ਚੀਜ਼ ਦੀ ਪੈਦਾਵਾਰ ਉੱਪਰ ਖਰਚਾ ਹੋ ਰਿਹਾ ਹੈ, ਉਹ ਮੁਫਤ ਨਹੀਂ ਦੇਣੀ ਬਣਦੀ। ਇਹ ਵੀ ਤਜਵੀਜ਼ ਦਿੱਤੀ ਗਈ ਸੀ ਕਿ ਪੰਜਾਬ ਵਿਚ 85 ਫ਼ੀਸਦੀ ਤੱਕ ਛੋਟੇ ਕਿਸਾਨ ਹਨ, ਇਸ ਲਈ 5 ਏਕਡ਼ ਜਾਂ ਹੱਦ ਦਸ ਏਕਡ਼ ਦੇ ਮਾਲਕ ਕਿਸਾਨ ਨੂੰ ਇਹ ਸਹੂਲਤ ਦੇ ਦਿੱਤੀ ਜਾਵੇ। ਉਨ੍ਹਾਂ ਦੀ ਦਲੀਲ ਇਹ ਵੀ ਸੀ ਕਿ ਜੇ ਫਸਲ ਉੱਪਰ ਹੋ ਰਹੇ ਖਰਚੇ ਵਿਚ ਬਿਜਲੀ ਬਿੱਲ ਦੇ ਪੈਸੇ ਜੋਡ਼ੇ ਜਾਣ ਤਾਂ ਇਸ ਦਾ ਸਮੱਰਥਨ ਮੁੱਲ ਵੀ ਵਧ ਜਾਵੇਗਾ, ਜਿਸ ਦਾ ਲਾਭ ਕਿਸਾਨਾਂ ਨੂੰ ਹੋਵੇਗਾ।

ਕੁਦਰਤੀ ਸ੍ਰੋਤਾਂ ਨੂੰ ਬਚਾਉਣਾ ਸਰਕਾਰ ਲਈ ਵੱਡੀ ਚੁਣੌਤੀ
ਖੈਰ ਅਰਥ ਸ਼ਾਸਤਰੀਆਂ ਦੀ ਅਪੀਲ, ਦਲੀਲ ਜਾਂ ਤਰਲਾ ਸਿਆਸਤ ਦੀ ਭੇਟ ਚਡ਼੍ਹ ਗਿਆ ਤੇ ਕਿਸਾਨੀ ਦੇ ਬਿਜਲੀ ਬਿੱਲ ਮੁਆਫ਼ ਹੋ ਗਏ। ਅੱਜ ਹਜ਼ਾਰਾਂ ਕਰੋੜਾਂ ਰੁਪਏ ਸਰਕਾਰ ਨੂੰ ਬਿਜਲੀ ਵਿਭਾਗ ਨੂੰ ਸਬਸਿਡੀ ਵਜੋਂ ਦੇਣੇ ਪੈ ਰਹੇ ਹਨ। ਇਕ ਪਾਸੇ ਸੂਬਾ ਸਰਕਾਰ ਦਾ ਖਜ਼ਾਨਾ ਖਾਲੀ ਹੈ। ਓਧਰ, ਮੁਫ਼ਤ ਬਿਜਲੀ ਤੇ ਛੋਟੇ ਘਰੇਲੂ ਖ਼ਪਤਕਾਰਾਂ ਦੇ ਬਕਾਇਆ ਬਿੱਲਾ ਦੀ ਰਾਸ਼ੀ ਵਿੱਤੀ ਸਰੋਤਾਂ ਨੂੰ ਹੋਰ ਸੀਮਤ ਕਰੇਗੀ। ਅਜਿਹੀ ਗੁੰਝਲਦਾਰ ਸਥਿਤੀ ਨਾਲ ਨਜਿੱਠਣਾ ਅਜੋਕੀ ਸਰਕਾਰ ਲਈ ਗੰਭੀਰ ਸਮੱਸਿਆ-ਬਣੀ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ‘ਆਪ’ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਗਈ ਮੁਫ਼ਤ ਬਿਜਲੀ ਦੀ ਛੋਟ ਕਾਰਨ ਪਾਣੀ ਸੰਕਟ ਹੋਰ ਵਧਣ ਦੇ ਅਸਾਰਾਂ ਨਾਲ ਨਜਿੱਠਣ ਲਈ ਸਰਕਾਰ ਕੀ ਯੋਜਨਾ ਬਣਾਏਗੀ। ਕੁਦਰਤੀ ਸ੍ਰੋਤਾਂ ਨੂੰ ਬਚਾਉਣਾ ਸਰਕਾਰ ਲਈ ਇਕ ਵੱਡੀ ਚੁਣੌਤੀ ਅਤੇ ਇਮਤਿਹਾਨ ਦੀ ਘੜੀ ਹੈ।

ਇਹ ਵੀ ਪੜ੍ਹੋ : ਪਤਨੀ ਨੂੰ ਮਨਾਉਣ ਲਈ ਜਲੰਧਰ 'ਚ PPR ਮਾਲ ਦੀ ਬਿਲਡਿੰਗ 'ਤੇ ਚੜ੍ਹਿਆ ਪਤੀ, ਕੀਤਾ ਹਾਈਵੋਲਟੇਜ਼ ਡਰਾਮਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News