ਲੁਧਿਆਣਾ ''ਚ ਡਕੈਤੀ ਦੀ ਯੋਜਨਾ ਬਣਾ ਰਹੇ 5 ਲੋਕ ਗ੍ਰਿਫ਼ਤਾਰ
Thursday, Apr 21, 2022 - 11:40 AM (IST)

ਲੁਧਿਆਣਾ (ਰਾਜ) : ਸੀ. ਆਈ. ਏ.-2 ਦੀ ਪੁਲਸ ਨੇ ਡਕੈਤੀ ਦੀ ਯੋਜਨਾ ਬਣਾ ਰਹੇ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਸੁਖਦੇਵ ਸਿੰਘ ਉਰਫ਼ ਗੋਰਾ, ਸਿਕੰਦਰ ਸਿੰਘ ਉਰਫ਼ ਕੰਦੀ, ਭੀਮਾ ਸਿੰਘ ਉਰਫ਼ ਭੀਮਾ, ਜਗਜੀਤ ਸਿੰਘ ਉਰਫ਼ ਜੋਗਾ ਅਤੇ ਮਨਮੋਹਨ ਸਿੰਘ ਉਰਫ਼ ਇਲਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਤੇਜ਼ਧਾਰ ਹਥਿਆਰ, ਵਾਰਦਾਤ ’ਚ ਵਰਤੀ ਜਾਣ ਵਾਲੀ ਮਹਿੰਦਰਾ ਬਲੈਰੋ ਅਤੇ ਇਕ ਇੰਡੀਕਾ ਕਾਰ ਬਰਾਮਦ ਹੋਈ ਹੈ।
ਥਾਣਾ ਸਾਹਨੇਵਾਲ ਵਿਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਏ. ਸੀ. ਪੀ. (ਕ੍ਰਾਈਮ-1) ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸਾਹਨੇਵਾਲ ਜੀ. ਟੀ. ਰੋਡ ’ਤੇ ਗਸ਼ਤ ’ਤੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਚੋਰ ਖ਼ਾਲੀ ਪਲਾਟ ਵਿਚ ਬੈਠ ਕੇ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਕੋਲ ਹਥਿਆਰ ਵੀ ਹੈ, ਜਿਸ ’ਤੇ ਪੁਲਸ ਨੇ ਛਾਪੇਮਾਰੀ ਕਰ ਕੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਏ. ਸੀ. ਪੀ. ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮਾਂ ਨੇ 2 ਮਹੀਨਿਆਂ ਦੇ ਅੰਦਰ ਦਰਜਨ ਤੋਂ ਜ਼ਿਆਦਾ ਚੋਰੀਆਂ ਕੀਤੀਆਂ ਹਨ, ਜਦੋਂਕਿ ਸੁਖਦੇਵ ਸਿੰਘ ’ਤੇ ਵੱਖ-ਵੱਖ ਥਾਣਿਆਂ ਵਿਚ 4 ਕੇਸ ਦਰਜ ਕੀਤੇ ਹਨ।
10 ਮਹੀਨੇ ਪਹਿਲਾਂ ਹੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਇਸੇ ਤਰ੍ਹਾਂ ਜਗਜੀਤ ਸਿੰਘ ਖ਼ਿਲਾਫ਼ ਵੀ 2 ਕੇਸ ਦਰਜ ਹਨ, ਜੋ 9 ਮਹੀਨੇ ਪਹਿਲਾਂ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਸਿਕੰਦਰ, ਭੀਮਾ ਅਤੇ ਮਨਮੋਹਨ ਨੂੰ ਨਾਲ ਮਿਲਾ ਕੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਰਿਮਾਂਡ ’ਤੇ ਚੱਲ ਰਹੇ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਵਿਚ ਕਈ ਹੋਰ ਮਾਮਲੇ ਹੱਲ ਹੋਣ ਦੀ ਉਮੀਦ ਹੈ।