ਮਾਮਲਾ ਜੇਲ ’ਚ ਬੰਦ ਕੈਦੀਆਂ ਵਲੋਂ ਵੀਡੀਓ ਵਾਇਰਲ ਕਰਨ ਦਾ, 5 ਅਧਿਕਾਰੀ ਮੁਅੱਤਲ
Friday, Nov 29, 2019 - 12:51 PM (IST)

ਚਡੀਗੜ੍ਹ - ਕੁਝ ਸਮਾਂ ਪਹਿਲਾਂ ਜੇਲ ਦੇ ਕੈਦੀਆਂ ਵਲੋਂ ਵੀਡੀਓ ਵਾਇਰਲ ਕਰਨ ਦੇ ਮਾਮਲੇ ਦੇ ਸਬੰਧ ’ਚ ਪੰਜਾਬ ਜੇਲ ਵਿਭਾਗ ਨੇ 4 ਜੇਲਾਂ ਦੇ 5 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਹੈ। ਮੁਅੱਤਲ ਕੀਤੇ ਅਧਿਕਾਰੀਆਂ ’ਚ 2 ਸੁਪਰੀਡੈਂਟ, ਇਕ ਡਿਪਟੀ ਸੁਪਰੀਡੈਂਟ, ਇਕ ਸਹਾਇਕ ਸੁਪਰੀਡੈਂਟ ਅਤੇ ਇਕ ਹੈੱਡ ਵਾਰਡਰ ਸ਼ਾਮਲ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਦੀ ਜਿੰਮੇਵਾਰੀ ਆਈ.ਪੀ.ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਨੂੰ ਸੌਂਪੀ ਸੀ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਜੇਲ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਮੁਅੱਤਲ ਕੀਤੇ ਸਾਰੇ ਮੁਲਾਜ਼ਮਾਂ ਦਾ ਮੁੱਖ ਦਫਤਰ ਚਡੀਗੜ੍ਹ ਵਿਖੇ ਸਥਿਤ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਜੇਲ ’ਚ ਬਣਾਇਆ ਹੈ, ਜਿਥੇ ਮੁਲਾਜ਼ਮਾਂ ਨੂੰ ਨਿਯਮਿਤ ਤੌਰ ’ਤੇ ਆਪਣੀ ਹਾਜ਼ਰੀ ਦੇਣੀ ਹੋਵੇਗੀ।
ਜਾਣਕਾਰੀ ਅਨੁਸਾਰ ਵਿਭਾਗ ਨੇ ਪ੍ਰਮੁੱਖ ਸਕੱਤਰ ਆਰ.ਵੈਂਕਟਰਤਨਮ ਵਲੋਂ ਜਾਰੀ ਕੀਤੇ ਹੁਕਮਾਂ ’ਚ ਕਿਹਾ ਗਿਆ ਹੈ ਕਿ ਜੇਲਾਂ ਦੇ ਕੈਦੀਆਂ ਵਲੋਂ ਮੋਬਾਇਲ ਫੋਨ ਦੀ ਵਰਤੋਂ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਕਈ ਤਰਾਂ ਦੇ ਵੀਡੀਓ ਅਪਲੋਡ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਸਨ। ਦੱਸ ਦੇਈਏ ਕਿ ਪ੍ਰਮੁੱਖ ਸਕੱਤਰ ਵਲੋਂ ਸੰਗਰੂਰ, ਰੋਪੜ, ਮਲੇਰਕੋਟਲਾ ਅਤੇ ਨਾਭਾ ਜੇਲਾਂ ’ਚ ਕਾਰਵਾਈ ਕੀਤੀ ਗਈ ਹੈ। ਜੇਲ ਵਿਭਾਗ ਦੇ ਇਸ ਤੋਂ ਇਲਾਵਾ ਸੰਗਰੂਰ ਜ਼ਿਲਾ ਜੇਲ ਦੇ ਸੁਪਰੀਡੈਂਟ ਇਕਬਾਲ ਸਿੰਘ ਬਰਾੜ, ਰੋਪੜ ਜ਼ਿਲਾ ਜੇਲ ਦੇ ਸੁਪਰੀਡੈਂਟ ਅਮਰੀਕ ਸਿੰਘ, ਮਲੇਰਕੋਟਲਾ ਸਬ-ਜੇਲ ਦੇ ਸੁਪਰੀਡੈਂਟ ਰੁਦਮਨ ਸਿੰਘ, ਨਾਭਾ ਜੇਲ ਦੇ ਸਹਾਇਕ ਸੁਪਰੀਡੈਂਟ ਜਗਤਾਰ ਸਿੰਘ ਅਤੇ ਹੈੱਡ ਵਾਰਡਰ ਜਸਮਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ 12 ਅਕਤੂਬਰ 2018 ਨੂੰ ਜੇਲ ’ਚ ਬੰਦ ਕੈਦੀਆਂ ਵਲੋਂ ਮੋਬਾਇਲ ਫੋਨ ’ਦੇ ਜ਼ਰਿਏ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੀ ਗਈ ਸੀ। ਜਿਸ ਦੇ ਸਬੰਧ ’ਚ ਉਕਤ ਮੁਲਾਜ਼ਮਾਂ ਨੂੰ ਮੁਅਤਲ ਕੀਤਾ ਗਿਆ ਹੈ।