ਅੰਮ੍ਰਿਤਪਾਲ ਸਿੰਘ ਦੇ ਘਰ ਪੁੱਜੀ ਦਿੱਲੀ ਦੀ 5 ਮੈਂਬਰੀ ਟੀਮ, ਪਿਤਾ ਨਾਲ ਕੀਤੀ ਬੰਦ ਕਮਰਾ ਮੀਟਿੰਗ

03/22/2023 6:20:58 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਜੋ ਕਿ ਬੀਤੇ 5 ਦਿਨਾਂ ਤੋਂ ਫਰਾਰ ਦੱਸੇ ਜਾਂਦੇ ਹਨ ਅਤੇ ਪੰਜਾਬ ਪੁਲਸ ਦੀਆਂ ਸਮੁੱਚੀਆਂ ਟੀਮਾਂ ਉਨ੍ਹਾਂ ਦੀ ਤਲਾਸ਼ ਵਿੱਚ ਹਨ, ਦੇ ਚੱਲਦਿਆਂ ਅੰਮ੍ਰਿਤਪਾਲ ਦਾ ਮਾਮਲਾ ਕੇਂਦਰੀ ਏਜੰਸੀ ਐੱਨ.ਆਈ.ਏ. ਵੱਲੋਂ ਆਪਣੇ ਹੱਥਾਂ 'ਚ ਲੈ ਲੈਣ ਪਿੱਛੋਂ ਐੱਨ.ਆਈ.ਏ. ਦੀਆਂ 8 ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਲਈ ਰਵਾਨਾ ਹੋਈਆਂ। ਐੱਨ.ਆਈ.ਏ. ਦੀ ਇਕ ਟੀਮ ਦੇ ਅੰਮ੍ਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੈੜਾ ਵਿਖੇ ਪੁੱਜਣ ਦੀ ਉਮੀਦ ਨੂੰ ਲੈ ਕੇ ਸਥਾਨਕ ਪੁਲਸ ਪ੍ਰਸ਼ਾਸਨ ਅਤੇ ਭਾਰੀ ਤਦਾਦ ‘ਚ ਮੀਡੀਆ ਅੰਮ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਬੀਤੇ ਕੱਲ੍ਹ ਤੋਂ ਜੁੜਿਆ ਹੋਇਆ ਹੈ। ਇਸੇ ਦੌਰਾਨ ਅੱਜ ਦਿੱਲੀ ਦੀ 5 ਮੈਂਬਰੀ ਕਮੇਟੀ ਭਾਈ ਅੰਮ੍ਰਿਤਪਾਲ ਸਿੰਘ  ਦੇ ਘਰ ਪੁੱਜੀ। ਇਸ ਟੀਮ ਵਿੱਚ ਕੁਝ ਵਕੀਲ ਮੈਂਬਰ ਵੀ ਦੱਸੇ ਜਾਂਦੇ ਹਨ ਪਰ ਇਸ ਟੀਮ ਨੇ ਮੀਡੀਆ ਦੇ ਰੂਬਰੂ ਹੋਣਾ ਮੁਨਾਸਿਬ ਨਹੀਂ ਸਮਝਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਵਾਲਾ ਅਵਤਾਰ ਸਿੰਘ ਖੰਡਾ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਉਕਤ ਟੀਮ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨਾਲ ਕਾਫੀ ਲੰਬਾ ਸਮਾਂ ਬੰਦ ਕਮਰਾ ਮੀਟਿੰਗ ਕੀਤੀ ਗਈ, ਉਪਰੰਤ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਗਈ। ਇੱਥੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਉਹ ਸਕਦਾ ਹੈ ਕਿ ਉਕਤ ਟੀਮ ਆਪਣੇ ਦੂਸਰੇ ਭੇਸ 'ਚ ਐੱਨ.ਆਈ.ਏ. ਦੇ ਹੀ ਮੈਂਬਰ ਹੋਣ ਪਰ ਇਸ ਸਬੰਧੀ ਕੋਈ ਵੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ, ਭਾਵੇਂਕਿ ਪੰਜਾਬ ਪੁਲਸ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਘਰ ਦੇ ਬਾਹਰ ਅਤੇ ਉਨ੍ਹਾਂ ਦੇ ਪਿੰਡ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਪੁਲਸ ਨਾਕੇ ਲਗਾਏ ਹੋਏ ਸਨ ਪਰ ਹੁਣ ਇਸ ਨਫਰੀ ਨੂੰ ਬਿਨਾਂ ਕਿਸੇ ਸ਼ਰਤ ਦੇ ਹਟਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੱਛਮੀ ਦੇਸ਼ਾਂ ਨੂੰ ਖੁਸ਼ ਕਰਨ ਲਈ ਯੂਕ੍ਰੇਨ 'ਚ ਟੈਂਕ ਭੇਜੇਗਾ ਪਾਕਿਸਤਾਨ, ਜਾਣੋ ਕੀ ਹੈ ਚਾਲ?

ਪਤਨੀ ਕਿਰਨ ਤੋਂ ਵੀ ਕੀਤੀ ਪੁੱਛਗਿੱਛ : ਅੰਮ੍ਰਿਤਪਾਲ ਸਿੰਘ ਦੇ ਘਰ ਅੱਜ ਪੁੱਜੀ 5 ਮੈਂਬਰੀ ਕਮੇਟੀ ਵੱਲੋਂ ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਨਾਲ ਵੀ ਵਿਸ਼ੇਸ਼ ਮੁਲਾਕਾਤ ਕਰਕੇ ਅੰਮ੍ਰਿਤਪਾਲ ਸਿੰਘ ਦੇ ਕਿਧਰੇ ਹੋਣ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਸਰਕਾਰ ਦਾ ਇਹ ਵੀ ਖਦਸ਼ਾ ਹੈ ਕਿ ਅੰਮ੍ਰਿਤਪਾਲ ਦੀ ਪਤਨੀ ਇਕ ਐੱਨ.ਆਰ.ਆਈ. ਹੈ, ਜਿਸ ਕਾਰਨ ਅੰਮ੍ਰਿਤਪਾਲ ਦੇ ਤਾਰ ਵਿਦੇਸ਼ ਵਿੱਚ ਵੀ ਜੁੜੇ ਹੋਏ ਹਨ ਅਤੇ ਹੋਰ ਕਈ ਤਰ੍ਹਾਂ ਦੇ ਇੰਕਸ਼ਾਫ ਹੋ ਸਕਦੇ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਹੁਣ ਤੱਕ ਕਿਰਨਦੀਪ ਕੌਰ ਇਕ ਵਾਰ ਵੀ ਮੀਡੀਆ ਦੇ ਰੂਬਰੂ ਨਹੀਂ ਹੋ ਸਕੀ। ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰ ਅਜੇ ਵੀ ਆਪਣੇ ਪੁੱਤਰ ਸਬੰਧੀ ਚਿੰਤਤ ਹਨ, ਜਦਕਿ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੇ ਸਮੁੱਚੇ ਸਿੱਖ ਪੰਥ, ਸੰਪਰਦਾਵਾਂ ਅਤੇ ਪੰਜਾਬੀ ਭਾਈਚਾਰੇ ਨੂੰ ਇਸ ਔਖੀ ਘੜੀ ਸਮੇਂ ਇਕਮੁੱਠ ਹੋ ਕੇ ਉਨ੍ਹਾਂ ਦਾ ਸਾਥ ਦੇਣ ਦੀ ਮੰਗ ਕੀਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News