ਕੇਂਦਰੀ ਜੇਲ੍ਹ ਪਟਿਆਲਾ ’ਚੋਂ ਬਰਾਮਦ ਹੋਏ 33 ਸਿਮ ਦੇ ਮਾਮਲੇ ’ਚ 5 ਗ੍ਰਿਫ਼ਤਾਰ
Friday, Jul 01, 2022 - 10:33 PM (IST)
ਪਟਿਆਲਾ (ਕੰਵਲਜੀਤ, ਬਲਜਿੰਦਰ) : ਪੁਲਸ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ 'ਚ ਲਗਾਤਾਰ ਮਿਲ ਰਹੇ ਮੋਬਾਇਲਾਂ ਤੋਂ ਬਾਅਦ ਜਦੋਂ ਪੁਲਸ ਨੇ ਇਕ ਸਰਚ ਕੀਤੀ ਤਾਂ ਐੱਸ. ਪੀ. ਸਿਟੀ ਵਜ਼ੀਰ ਸਿੰਘ, ਡੀ. ਐੱਸ. ਪੀ. ਸਿਟੀ-2 ਮੋਹਿਤ ਅਗਰਵਾਲ ਦੀ ਅਗਵਾਈ ਹੇਠ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਕਰਨਵੀਰ ਸਿੰਘ ਸੰਧੂ ਅਤੇ ਚੌਕੀ ਇੰਚਾਰਜ ਜੈਦੀਪ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਜੇਲ੍ਹ ’ਚੋਂ 33 ਸਿਮ ਬਰਾਮਦ ਕੀਤੇ, ਜਿਨ੍ਹਾਂ 'ਚੋਂ 30 ਸਿਮ ਵੋਡਾਫੋਨ ਤੇ 3 ਸਿਮ ਏਅਰਟੈੱਲ ਦੇ ਸਨ। ਇਸ ਮਾਮਲੇ 'ਚ ਥਾਣਾ ਤ੍ਰਿਪੜੀ ਵਿਖੇ ਇਕ ਕੇਸ ਦਰਜ ਕਰਕੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਖ਼ਬਰ ਇਹ ਵੀ : 300 ਯੂਨਿਟ ਫ੍ਰੀ ਮਿਲੇਗੀ ਬਿਜਲੀ, ਉਥੇ ਸਾਬਕਾ CM ਚੰਨੀ ਦੇ ਭਾਣਜੇ ਨੂੰ ਮਿਲੀ ਰਾਹਤ, ਪੜ੍ਹੋ TOP 10
ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਸ਼ਪਿੰਦਰ ਸਿੰਘ ਉਰਫ ਨੋਨੀ ਪੁੱਤਰ ਮਨਿੰਦਰ ਸਿੰਘ ਵਾਸੀ ਗੁਲਮਾਰਗ ਐਵੀਨਿਊ ਜਲੰਧਰ, ਰਾਕੇਸ਼ ਕੁਮਾਰ ਉਰਫ ਕਾਕਾ ਪੁੱਤਰ ਗਰੀਬ ਦਾਸ ਵਾਸੀ ਪਿੰਡ ਦੀਨਾ ਜਲੰਧਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ, ਜਦੋਂ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਰਵੀ ਸੈਲਾਨੀਆ ਪੁੱਤਰ ਕ੍ਰਿਸ਼ਨ ਚੰਦ ਵਾਸੀ ਅਮਨ ਐਵੀਨਿਊ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਇਹ ਸਿਮ ਕਾਰਡ ਜਾਅਲੀ ਆਈ. ਡੀ. ਕਾਰਡ ਦੇ ਆਧਾਰ ’ਤੇ ਜਾਰੀ ਕਰਕੇ ਅੱਗੇ ਹਰਿੰਦਰਪਾਲ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਪੱਲਾ ਸਾਹਿਬ ਰੋਡ ਤੇ ਕਰਮ ਸਿੰਘ ਕਾਲੋਨੀ ਜ਼ਿਲ੍ਹਾ ਅੰਮ੍ਰਿਤਸਰ ਨੂੰ ਵੇਚੇ ਗਏ ਸਨ, ਜਿਨ੍ਹਾਂ ਨੇ ਇਹ ਸਿਮ ਕਾਰਡ ਅੱਗੇ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਜੋਰਾ ਜ਼ਿਲ੍ਹਾ ਤਰਨਤਾਰਨ ਨੂੰ ਕੇਂਦਰੀ ਜੇਲ੍ਹ ਪਟਿਆਲਾ 'ਚ ਮੁਹੱਈਆ ਕਰਵਾਏ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ ਭਰੀ ਚਿੱਠੀ
ਇਨ੍ਹਾਂ ਸਾਰਿਆਂ ਦੀ ਸਾਜ਼ਿਸ਼ ਨੂੰ ਬੇਨਕਾਬ ਕਰਕੇ ਪੁਲਸ ਨੇ ਅੱਗੇ ਹੋਰ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਜੇਲ੍ਹ 'ਚ ਬੰਦ ਹਰਮਨ ਨਾਂ ਦੇ ਇਕ ਕੈਦੀ ਨੇ ਪੁਲਸ ’ਤੇ ਕੁੱਟਮਾਰ ਦੇ ਦੋਸ਼ ਲਾਏ ਸਨ। ਉਦੋਂ ਜੇਲ੍ਹ ਸੁਪਰਡੈਂਟ ਨੇ ਕਿਹਾ ਸੀ ਕਿ ਉਸ ਸਮੇਂ ਉਸ ਤੋਂ ਮੋਬਾਇਲ ਬਰਾਮਦ ਹੋਏ ਸਨ, ਇਸ ਲਈ ਉਸ ਨੇ ਜਾਣਬੁਝ ਕੇ ਜੇਲ੍ਹ ਪ੍ਰਸ਼ਾਸਨ ’ਤੇ ਝੂਠਾ ਦੋਸ਼ ਲਾਇਆ ਹੈ ਤੇ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਉਹੀ ਹਰਮਨ ਸਿੰਘ ਇਸ ਮਾਮਲੇ 'ਚ ਤਫਤੀਸ਼ ਦੌਰਾਨ ਸ਼ਾਮਲ ਪਾਇਆ ਗਿਆ ਹੈ। ਇਸ ਮੌਕੇ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਕਰਨਵੀਰ ਸਿੰਘ ਸੰਧੂ, ਜੇਲ੍ਹ ਚੌਕੀ ਦੇ ਇੰਚਾਰਜ ਜੈਦੀਪ ਸ਼ਰਮਾ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ