ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ''ਚ ਚੌਥਾ ਦਸਤਾਰ ਮੁਕਾਬਲਾ, ਗੁਰਲਾਲ ਤੇ ਅਰਸ਼ ਨੇ ਹਾਸਲ ਕੀਤਾ ਪਹਿਲਾ ਸਥਾਨ
Wednesday, Aug 28, 2024 - 02:26 AM (IST)
ਬੇਗੋਵਾਲ (ਰਜਿੰਦਰ) - ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਵਿਚ ਅੱਜ ਬੇਗੋਵਾਲ ਦੇ ਐੱਸ. ਐੱਸ. ਪੈਲੇਸ ਵਿਖੇ ਚੌਥਾ ਦਸਤਾਰ ਮੁਕਾਬਲਾ ਕਲੱਬ ਦੇ ਪ੍ਰਧਾਨ ਰਾਜ ਬਹਾਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਲਾਇਨਜ਼ ਡਿਸਟਿਕ 321-ਡੀ ਦੇ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਦੋ ਗਰੁੱਪਾਂ ਵਿਚ ਕਰਵਾਏ ਗਏ ਇਸ ਮੁਕਾਬਲੇ ਵਿਚ ਸੂਬੇ ਭਰ ਵਿਚੋਂ ਆਏ 350 ਦੇ ਕਰੀਬ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ। ਜਿਨ੍ਹਾਂ ਵਿਚੋਂ 16 ਤੋਂ 25 ਸਾਲ ਉਮਰ ਵਰਗ ਦੇ ਮੁਕਾਬਲੇ ਵਿਚ ਗੁਰਲਾਲ ਸਿੰਘ (ਅੰਮ੍ਰਿਤਸਰ) ਨੇ ਪਹਿਲਾ, ਚਮਕੌਰ ਸਿੰਘ ਫਿਰੋਜ਼ਪੁਰ ਨੇ ਦੂਜਾ ਅਤੇ ਸੁਖਦੀਪ ਸਿੰਘ ਘਲੋਟੀ ਨੇ ਤੀਜਾ ਸਥਾਨ ਹਾਸਲ ਕੀਤਾ। ਜਦਕਿ 8 ਤੋਂ 15 ਸਾਲ ਉਮਰ ਵਰਗ ਦੇ ਮੁਕਾਬਲੇ ਵਿਚ ਅਰਸ਼ਪ੍ਰੀਤ ਸਿੰਘ ਦਬੁਰਜੀ ਨੇ ਪਹਿਲਾ, ਜਸਤੇਜ ਸਿੰਘ ਨਵਾਂ ਪਿੰਡ ਨੇ ਦੂਜਾ ਅਤੇ ਹਰਜਾਪ ਸਿੰਘ ਭਦਾਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸੰਬੋਧਨ ਕਰਦਿਆ ਡਿਸਟ੍ਰਿਕ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਆਖਿਆ ਕਿ ਮੇਰੀ ਹੋਮ ਕਲੱਬ ਲਾਇਨਜ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਇਹ ਸਲਾਨਾ ਚੌਥਾ ਦਸਤਾਰ ਮੁਕਾਬਲਾ ਕਰਵਾਇਆ ਗਿਆ ਹੈ। ਜਿਸ ਵਿਚ ਭਾਗ ਲੈਣ ਵਾਲੇ ਸਾਰੇ ਬੱਚੇ ਤੇ ਨੌਜਵਾਨ ਵਧਾਈ ਦੇ ਪਾਤਰ ਹਨ। ਉਨ੍ਹਾਂ ਦਸਿਆ ਕਿ 16 ਤੋਂ 25 ਸਾਲ ਉਮਰ ਵਰਗ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੌਜਵਾਨ ਨੂੰ 21 ਹਜ਼ਾਰ ਰੁਪਏ, ਦੂਜੇ ਸਥਾਨ ਵਾਲੇ ਨੂੰ 15 ਹਜ਼ਾਰ ਤੇ ਤੀਜੇ ਸਥਾਨ 'ਤੇ ਰਹੇ ਨੌਜਵਾਨ ਨੂੰ 11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਹੈ। ਇਸੇ ਤਰ੍ਹਾਂ 8 ਤੋਂ 15 ਸਾਲ ਦੇ ਗਰੁੱਪ ਵਿਚ ਪਹਿਲਾ ਇਨਾਮ 15 ਹਜ਼ਾਰ ਰੁਪਏ, ਦੂਜਾ ਇਨਾਮ 11 ਹਜ਼ਾਰ ਤੇ ਤੀਜਾ ਇਨਾਮ 7 ਰੁਪਏ ਦਿੱਤਾ ਗਿਆ ਹੈ। ਦਸਤਾਰ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਤੇ ਨੌਜਵਾਨਾਂ ਨੂੰ ਕਲੱਬ ਵੱਲੋਂ ਦਸਤਾਰਾਂ ਭੇਟ ਕੀਤੇ ਗਈਆਂ ਹਨ। ਪ੍ਰਧਾਨ ਰਾਜ ਬਹਾਦਰ ਸਿੰਘ ਅਤੇ ਸੱਤਪਾਲ ਸਿੰਘ ਜੱਬੋ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਐਲਾਨ ਕੀਤਾ ਕਿ ਅਗਲੇ ਸਾਲ ਇਨਾਮ ਵਧਾਇਆ ਜਾਵੇਗਾ।
ਇਸ ਮੌਕੇ ਵੀ.ਐੱਮ. ਗੋਇਲ ਵਾਈਸ ਗਵਰਨਰ, ਡਿਸਟ੍ਰਿਕ ਪੀ.ਆਰ.ਓ. ਰਾਜੀਵ ਖੋਸਲਾ, ਰਾਜੀਵ ਗੁਪਤਾ, ਸੱਤਪਾਲ ਸਿੰਘ ਜੱਬੋ, ਡਿਸਟ੍ਰਿਕ ਕੈਬਨਿਟ ਸੈਕਟਰੀ ਹਰਮਿੰਦਰ ਸਿੰਘ ਲਾਂਬਾ, ਚੀਫ ਸੈਕਟਰੀ ਹਰਵਿੰਦਰ ਸਿੰਘ ਜੈਦ, ਡਿਸਟ੍ਰਿਕ ਕੈਬਨਿਟ ਕੈਸ਼ੀਅਰ ਸੁਖਦੇਵ ਰਾਜ ਜੰਗੀ, ਸੈਕਟਰੀ ਸਤਨਾਮ ਸਿੰਘ,ਕੈਸ਼ੀਅਰ ਫੁੰਮਣ ਸਿੰਘ, ਪੀ.ਆਰ.ਓ ਜਸਵਿੰਦਰ ਸਿੰਘ,ਭੁੱਟੋ ਭੁੱਲਰ, ਕਰਨੈਲ ਸਿੰਘ ਬੱਗਾ, ਪ੍ਰਦੀਪ ਕੁਮਾਰ ਰਾਂਝਾ, ਮਨਪ੍ਰੀਤ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਸਨ।