ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 498ਵੇਂ ਟਰੱਕ ਦੀ ਰਾਹਤ-ਸਮੱਗਰੀ

Wednesday, Feb 27, 2019 - 01:17 AM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 498ਵੇਂ ਟਰੱਕ ਦੀ ਰਾਹਤ-ਸਮੱਗਰੀ

ਜਲੰਧਰ (ਜੁਗਿੰਦਰ ਸੰਧੂ)– ਪਾਕਿਸਤਾਨ ਦੀ ਧਰਤੀ ’ਤੇ ਬੈਠੇ ਅੱਤਵਾਦੀ ਸਰਗਣਿਆਂ ਵਲੋਂ  ਰਚੀਆਂ ਜਾਂਦੀਆਂ ਸਾਜ਼ਿਸ਼ਾਂ ਕਾਰਨ ਜੰਮੂ-ਕਸ਼ਮੀਰ ਦੀ ਧਰਤੀ ਲਹੂ-ਲੁਹਾਣ ਹੋ ਗਈ ਹੈ। ਸਰਹੱਦ ਪਾਰ ਤੋਂ ਭਾਰਤ ’ਤੇ ਦੋਹਰੇ ਹਮਲੇ ਕੀਤੇ ਜਾ ਰਹੇ ਹਨ। ਇਕ ਪਾਸੇ ਅੱਤਵਾਦੀ ਬੇਦੋਸ਼ੇ ਨਾਗਰਿਕਾਂ ਅਤੇ ਸੈਨਿਕਾਂ ਦੇ ਖੂਨ ਨਾਲ ਹੋਲੀ ਖੇਡ ਰਹੇ ਹਨ, ਜਦੋਂ ਕਿ ਦੂਜੇ ਪਾਸੇ ਪਾਕਿਸਤਾਨੀ ਸੈਨਿਕ ਭਾਰਤੀ-ਸਰਹੱਦੀ ਖੇਤਰਾਂ ’ਚ ਗੋਲੀਬਾਰੀ ਕਰ ਕੇ ਕਹਿਰ ਢਾਹ ਰਹੇ ਹਨ।

ਇਨ੍ਹਾਂ  ਹਮਲਿਆਂ ਅਤੇ ਗੋਲੀਬਾਰੀ ਕਾਰਨ ਭਾਰਤ ਦੇ ਹਜ਼ਾਰਾਂ ਪਰਿਵਾਰਾਂ ਨੂੰ ਕਈ ਸਾਲਾਂ ਤੋਂ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਖ਼ਮਾਂ ਦੀ ਪੀੜ ਨਾਲ ਵਿਆਕੁਲ ਅਤੇ ਮੁਸ਼ਕਲ ਭਰੇ ਹਾਲਾਤ ਵਿਚ ਜੀਵਨ ਬਸਰ ਕਰ ਰਹੇ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਮੁਹਿੰਮ ਅਧੀਨ 498ਵੇਂ ਟਰੱਕ ਦੀ ਰਾਹਤ-ਸਮੱਗਰੀ ਪਿਛਲੇ ਦਿਨੀਂ ਆਰ. ਐੱਸ. ਪੁਰਾ ਸੈਕਟਰ ਦੇ ਪਿੰਡਾਂ ਨਾਲ ਸਬੰਧਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਸ਼੍ਰੀ ਮਦਨ ਲਾਲ ਮਲਹੋਤਰਾ ਅਤੇ ਸ਼੍ਰੀਮਤੀ ਵਿਜੇ ਰਾਣੀ ਮਲਹੋਤਰਾ ਦੇ ਪਰਿਵਾਰ ਵਲੋਂ ਅੰਮ੍ਰਿਤਸਰ ਤੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸ਼੍ਰੀ ਸੁਰੇਸ਼ ਮਲਹੋਤਰਾ, ਕਾਜਲ ਮਲਹੋਤਰਾ, ਵਿਕਰਮ ਅਤੇ ਕੇਸ਼ਵ ਨੇ ਵੀ ਵਡਮੁੱਲਾ ਯੋਗਦਾਨ  ਪਾਇਆ।

ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 250 ਥੈਲੀ ਆਟਾ ਅਤੇ 250 ਥੈਲੀ ਚਾਵਲ (ਪ੍ਰਤੀ ਥੈਲੀ 10 ਕਿਲੋ) ਤੋਂ ਇਲਾਵਾ 250 ਕੰਬਲ ਵੀ ਸ਼ਾਮਲ ਸਨ। ਰਾਹਤ ਟੀਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ ’ਚ ਸ. ਹਰਦਿਆਲ ਸਿੰਘ ਅਮਨ (ਲੁਧਿਆਣਾ), ਅੰਮ੍ਰਿਤਸਰ ਤੋਂ ਸੌਰਭ ਮਲਹੋਤਰਾ, ਗੌਰਵ ਮਲਹੋਤਰਾ ਅਤੇ ਮਲਹੋਤਰਾ ਪਰਿਵਾਰ ਦੇ ਮੈਂਬਰ, ਜਨਹਿੱਤ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ ਮੈਡਮ ਡੌਲੀ ਹਾਂਡਾ ਅਤੇ ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਕੁਮਾਰ ਵੀ ਸ਼ਾਮਲ ਸਨ।


author

Inder Prajapati

Content Editor

Related News