PAU- ਸਮਾਰਟ ਖੇਤੀ ਅਤੇ ਤਕਨੀਕੀ ਸੰਸਥਾਵਾਂ ਦਾ ਆਪਸੀ ਸਹਿਯੋਗ ਜ਼ਰੂਰੀ: ਡਾ. ਦਾਸ

Tuesday, Feb 12, 2019 - 03:32 PM (IST)

PAU- ਸਮਾਰਟ ਖੇਤੀ ਅਤੇ ਤਕਨੀਕੀ ਸੰਸਥਾਵਾਂ ਦਾ ਆਪਸੀ ਸਹਿਯੋਗ ਜ਼ਰੂਰੀ: ਡਾ. ਦਾਸ

ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਸੰਗਠਨ ਦੀ 43ਵੀਂ ਵਾਈਸ ਚਾਂਸਲਰ ਕਨਵੈਨਸ਼ਨ ਅੱਜ ਸ਼ੁਰੂ ਹੋ ਗਈ । 'ਸਮਾਰਟ ਐਗਰੀਕਲਚਰ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ' ਵਿਸ਼ੇ ਤੇ ਕਰਵਾਈ ਜਾ ਰਹੀ ਇਸ ਦੋ ਰੋਜ਼ਾ ਕਨਵੈਨਸ਼ਨ 'ਚ ਭਾਰਤ ਦੀਆਂ ਪ੍ਰਮੁੱਖ ਰਾਜ ਖੇਤੀਬਾੜੀ ਯੂਨੀਵਰਸਿਟੀਆਂ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਡੀਮਡ ਯੂਨੀਵਰਸਿਟੀਆਂ ਦੇ ਉਪਕੁਲਪਤੀਆਂ ਤੋਂ ਇਲਾਵਾ ਆਈ. ਆਈ. ਟੀ 'ਜ਼, ਆਈ. ਏ. ਆਰ. ਆਈ. ਅਤੇ ਉਦਯੋਗਿਕ ਅਦਾਰਿਆਂ ਦੇ ਮਾਹਿਰ ਸ਼ਿਰਕਤ ਕਰ ਰਹੇ ਹਨ ।

PunjabKesari

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਡਾ. ਸਰਿਤ ਕੇ. ਦਾਸ ਡਾਇਰੈਕਟਰ, ਆਈ. ਆਈ. ਟੀ. ਰੋਪੜ ਨੇ ਕਿਹਾ ਕਿ ਖੋਜ ਦੇ ਹਰੇਕ ਖੇਤਰ ਵਿੱਚ ਭਾਰਤ ਨੇ ਭਾਵੇਂ ਬਹੁਤ ਤਰੱਕੀ ਕੀਤੀ ਪਰ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ 'ਚ ਜੋ ਭੂਮਿਕਾ ਪੰਜਾਬ ਦੇ ਕਿਸਾਨਾਂ ਅਤੇ ਪੀ.ਏ.ਯੂ ਦੇ ਖੇਤੀ ਵਿਗਿਆਨੀਆਂ ਨੇ ਨਿਭਾਈ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੋਵੇਗੀ। 

PunjabKesari

ਅੱਜ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਗਿਰ ਰਿਹਾ ਹੈ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਸਾਨੂੰ ਜਕੜਿਆ ਹੋਇਆ ਹੈ। ਖੇਤੀ ਨੂੰ ਦਰਪੇਸ਼ ਚੁਣੌਤੀਆਂ ਦੇ ਸਥਾਈ ਹੱਲ, ਖੇਤੀ ਨੂੰ ਲਾਹੇਵੰਦ ਧੰਦਾ ਅਤੇ ਖੇਤੀ ਨਿਰੰਤਰਤਾ ਨੂੰ ਕਾਇਮ ਰੱਖਣ ਲਈ ਅੱਜ ਸਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਸਮਾਰਟ ਐਗਰੀਕਲਚਰ ਵੱਲ ਤੁਰਨਾ ਪਵੇਗਾ । ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਸੰਖਿਪਤ ਜਾਣਕਾਰੀ ਦਿੰਦਿਆਂ ਉਨਾਂ ਨੇ ਦੱਸਿਆ ਕਿ ਅੱਜ ਦੇ ਕੰਪਿਊਟਰੀਕ੍ਰਿਤ ਯੁੱਗ 'ਚ ਸਾਡੇ ਕੋਲ ਅੰਕੜੇ ਤਾਂ ਹਨ ਪਰ ਉਨਾਂ ਦਾ ਸਹੀ ਵਿਸ਼ਲੇਸ਼ਣ ਕਰਨਾ, ਉਚਿੱਤ ਵਰਤੋਂ ਕਰਨੀ, ਢੁਕਵੇਂ ਫੈਸਲੇ ਲੈਣੇ ਅਤੇ ਸੀਮਤ ਸਰੋਤਾਂ ਦੇ ਹੁੰਦਿਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਜ਼ ਰਾਹੀਂ ਲੋੜਾਂ ਨੂੰ ਵੱਧ ਤੋਂ ਵੱਧ ਪੂਰਨਾ ਹੈ । ਸਮਾਰਟ ਖੇਤੀਬਾੜੀ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਲੋੜ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਇਸ ਲਈ ਆਈ. ਆਈ. ਟੀ'ਜ਼ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਆਪਸੀ ਤਾਲਮੇਲ ਬਣਾ ਕੇ ਰੱਖਣ ਦੀ ਲੋੜ ਹੈ ਤਾਂ ਜੋ ਘੱਟ ਲਾਗਤਾਂ ਨਾਲ ਕੁਦਰਤੀ ਸੋਮਿਆਂ ਦਾ ਰੱਖ ਰਖਾਅ ਕਰਦਿਆਂ, ਫ਼ਸਲਾਂ ਦਾ ਵੱਧ ਝਾੜ ਅਤੇ ਖੇਤੀ ਆਮਦਨ ਲੈਂਦੇ ਹੋਏ ਖੇਤੀ ਨਿਰੰਤਰਤਾ ਨੂੰ ਕਾਇਮ ਰੱਖ ਸਕੀਏ ।

PunjabKesari

ਇਸ ਮੌਕੇ ਕਾਨਵੈਨਸ਼ਨ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀਏਯੂ ਨੇ ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਕੀਤੇ ਲੇਜ਼ਰ ਭੂਮੀ ਕਰਾਹੇ, ਸਟਰਾਅ ਮੈਨੇਜਮੈਂਟ ਸਿਸਟਮ, ਟੈਂਸ਼ੀਓਮੀਟਰ ਆਦਿ ਨੂੰ ਅੱਜ ਦੇ ਕੰਪਿਊਟ੍ਰੀਕ੍ਰਿਤ/ਮਸ਼ੀਨੀਕਰਨ ਯੁੱਗ ਵਿੱਚ ਖੇਤੀਬਾੜੀ ਦੇ ਆਧੁਨਿਕੀਕਰਨ ਵੱਲ ਚੁੱਕੇ ਕਦਮ ਦੱਸੇ । ਕੰਨਵੈਨਸ਼ਨ ਦੌਰਾਨ ਹੋਣ ਵਾਲੇ ਤਕਨੀਕੀ ਸੈਸ਼ਨਾਂ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇਸ ਮੌਕੇ ਸੂਖਮ ਖੇਤੀ ਅਤੇ ਆਧੁਨਿਕ ਖੇਤੀ ਪ੍ਰਣਾਲੀ ਲਈ ਸੈਂਸਰ ਅਧਾਰਿਤ ਤਕਨੀਕਾਂ, ਖੇਤੀ ਅਤੇ ਭੋਜਨ ਖੇਤਰ ਵਿੱਚ ਰੋਬੋਟਿਕਸ ਅਤੇ ਯੂ. ਐਮ. ਵੀ. ਤਕਨੀਕਾਂ, ਫ਼ਸਲਾਂ 'ਚ ਭਵਿੱਖਬਾਣੀ ਵਿਸ਼ਲੇਸ਼ਣ ਲਈ ਆਈ. ਟੀ. ਟੂਲਜ਼, ਖੇਤੀਬਾੜੀ 'ਚ ਬਿੱਗ ਡੈਟਾ ਮੈਨੇਜਮੈਂਟ ਟੂਲਜ਼ ਦੀ ਵਰਤੋਂ ਅਤੇ ਪਸ਼ੂ ਧਨ ਅਤੇ ਮੱਛੀ ਪਾਲਣ ਅਤੇ ਭਾਰਤੀ ਖੇਤੀਬਾੜੀ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਹੁਲਾਰਾ ਦੇਣ ਲਈ ਨੀਤੀਗਤ ਖੋਜਾਂ ਤੇ ਵਿਚਾਰ ਚਰਚਾ ਹੋਵੇਗੀ। ਉਨਾਂ ਕਿਹਾ ਕਿ ਪੀ. ਏ. ਯੂ ਵੱਲੋਂ ਕਿਸਾਨਾਂ ਨੂੰ ਅਤਿ-ਆਧੁਨਿਕ ਖੇਤ ਤਕਨੀਕਾਂ ਨਾਲ ਜਾਣੂੰ ਕਰਵਾਇਆ ਜਾਂਦਾ ਹੈ, ਤਾਂ ਜੋ ਖੇਤੀਬਾੜੀ 'ਚ ਸਮੁੱਚੇ ਤੌਰ ਤੇ ਵਿਕਾਸ ਹੋ ਸਕੇ । ਉਨਾਂ ਕਿਹਾ ਕਿ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਯੂਨੀਵਰਸਿਟੀ ਵੱਲੋਂ ਹਮੇਸ਼ਾਂ ਵਾਤਾਵਰਨ ਪੱਖੀ ਸਮਾਰਟ ਖੇਤੀਬਾੜੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਅਤੇ ਅਤਿ ਆਧੁਨਿਕ ਖੇਤੀ ਪ੍ਰਣਾਲੀ ਨੂੰ ਅਪਣਾਇਆ ਜਾਂਦਾ ਹੈ ।

PunjabKesari

ਇਸ ਮੌਕੇ ਡਾ. ਏ.ਆਰ. ਪਾਠਕ, ਵਾਈਸ ਚਾਂਸਲਰ, ਜੇ. ਏ. ਯੂ. ਗੁਜਰਾਤ ਅਤੇ ਉਪ-ਪ੍ਰਧਾਨ ਭਾਰਤੀ ਖੇਤੀਬਾੜੀ ਯੂਨੀਵਰਸਿਟੀ'ਜ਼ ਐਸੋਸੀਏਸ਼ਨ (ਆਈ. ਏ. ਯੂ. ਏ.) ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਖੇਤੀ ਬਾਰੇ ਸਹੀ ਅੰਕੜੇ ਘੱਟ ਸਮੇਂ 'ਚ ਇਕੱਠੇ ਕਰਨ ਅਤੇ ਖੇਤੀ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਸਹੀ ਦਿਸ਼ਾ ਨਿਰਦੇਸ਼ ਦੇਣ 'ਚ ਮਦਦ ਮਿਲੇਗੀ। ਖੇਤੀ ਮਸ਼ੀਨੀਕਰਨ ਰਾਹੀਂ ਲਾਗਤਾਂ ਨੂੰ ਘਟਾਉਣ ਅਤੇ ਖੇਤੀ ਆਮਦਨ ਵਧਾਉਣ 'ਚ ਵੀ ਮਦਦ ਮਿਲੇਗੀ। ਸਮਾਰਟ ਖੇਤੀਬਾੜੀ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਨਵਾਂ ਵਿਸ਼ਾ ਦੱਸਦਿਆਂ ਉਨਾਂ ਇਸ ਲਈ ਆਈ. ਆਈ. ਟੀ'ਜ਼ ਅਤੇ ਕੰਪਿਊਟਰ ਮਾਹਿਰਾਂ ਦੇ ਨਾਲ ਤਾਲਮੇਲ ਬਣਾਉਣ ਲਈ ਕਿਹਾ ।

PunjabKesari

ਇਸ ਮੌਕੇ ਡਾ. ਐਨ. ਸੀ. ਪਟੇਲ, ਵਾਈਸ ਚਾਂਸਲਰ ਏ. ਏ. ਯੂ. ਗੁਜਰਾਤ ਅਤੇ ਪ੍ਰਧਾਨ ਆਈ. ਏ. ਯੂ. ਏ. ਨੇ ਸੰਗਠਨ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਣਨਾ ਪਾਉਂਦਿਆਂ ਕਿਹਾ ਕਿ ਖੇਤੀ ਖੋਜ, ਪਸਾਰ ਅਤੇ ਅਧਿਆਪਣ 'ਚ ਪੀ. ਏ. ਯੂ. ਵੱਲੋਂ ਸ਼ਲਾਘਾਯੋਗ ਭੂਮਿਕਾ ਨਿਭਾਈ ਜਾ ਰਹੀ ਹੈ । ਉਨਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਸਾਲ 2022 ਤੱਕ ਦੁੱਗਣੀ ਕਰਨ ਦੀ ਚੁਣੌਤੀ ਨੂੰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਖੇਤੀ ਲਾਗਤਾਂ ਘਟਾ ਕੇ ਅਤੇ ਗੁਣਵਤਾ ਵਧਾ ਕੇ ਹੀ ਨਜਿੱਠ ਸਕਦੇ ਹਾਂ । ਖੇਤੀ ਯੂਨੀਵਰਸਿਟੀਆਂ 'ਚ ਐਗਰੀਕਲਚਰਲ ਇੰਨਫਰਮੇਸ਼ਨ ਤਕਨਾਲੋਜੀ ਦੇ ਕੋਰਸ ਪੜਾਉਣ ਦੀ ਤਾਕੀਦ ਕਰਦਿਆਂ ਉਨਾਂ ਕਿਹਾ ਕਿ ਇਸ ਨਾਲ ਸਾਡੇ ਪੁੰਗਰ ਰਹੇ ਖੇਤੀ ਵਿਗਿਆਨੀ ਆਧੁਨਿਕ ਯੁੱਗ ਨਾਲ ਕਦਮ ਮਿਲਾ ਕੇ ਤੁਰ ਸਕਣਗੇ ।

PunjabKesari

ਇਸ ਮੌਕੇ ਆਈ. ਏ. ਯੂ. ਏ. ਵੱਲੋਂ ਡਾ. ਬਲਦੇਵ ਸਿੰਘ ਢਿੱਲੋਂ ਨੂੰ ਪਦਮ ਸ੍ਰੀ ਦੀ ਉਪਾਧੀ ਮਿਲਣ ਦੀ ਵਧਾਈ ਦਿੱਤੀ ਗਈ । ਪੀ. ਏ. ਯੂ ਵੱਲੋਂ ਕੰਨਵੈਨਸ਼ਨ 'ਚ ਸ਼ਿਰਕਤ ਕਰ ਰਹੇ ਮੁੱਖ ਮਹਿਮਾਨ, ਪ੍ਰਧਾਨ ਅਤੇ ਉਪ-ਪ੍ਰਧਾਨ ਆਈ. ਏ. ਯੂ. ਏ. ਨੂੰ ਸਨਮਾਨ ਚਿੰਨ• ਅਤੇ ਦੁਸ਼ਾਲੇ ਭੇਂਟ ਕੀਤੇ ਗਏ ।

PunjabKesari

ਡਾ. ਗੁਰਿੰਦਰ ਕੌਰ ਸਾਂਘਾ, ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਅਤੇ ਕਨਵੀਨਰ ਨੇ ਕਨਵੈਨਸ਼ਨ ਦੇ ਉਦਘਾਟਨੀ ਸਮਾਰੋਹ 'ਚ ਸ਼ਿਰਕਤ ਕਰ ਰਹੇ ਪਤਵੰਤਿਆਂ, ਮਾਹਿਰਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।ਇਸ ਤੋਂ ਬਾਅਦ ਪਹਿਲੇ ਦਿਨ ਦੇ ਤਕਨੀਕੀ ਸੈਸ਼ਨ ਆਰੰਭ ਹੋਏ। ਪਹਿਲੇ ਦਿਨ ਹੋਏ ਤਿੰਨ ਤਕਨੀਕੀ ਸੈਸ਼ਨਾਂ 'ਚੋਂ ਪਹਿਲਾ ਸੈਸ਼ਨ, 'ਸੈਂਸਰ ਬੇਸਡ ਤਕਨਾਲੋਜੀ ਇਨ ਐਗਰੀਕਲਚਰ ਐਂਡ ਅਡਵਾਂਸਡ ਫਾਰਮਿੰਗ ਸਿਸਟਮ' ਬਾਰੇ ਸੀ, ਦੂਜੇ ਸੈਸ਼ਨ 'ਚ 'ਐਪਲੀਕੇਸ਼ਨ ਆਫ ਬਿੱਗ ਡੈਟਾ ਮੈਨੇਜਮੈਂਟ' ਬਾਰੇ ਅਤੇ ਤੀਸਰਾ 'ਰੋਬੋਟਿਕਸ ਐਂਡ ਯੂ ਐਮ ਵੀ ਤਕਨਾਲੋਜੀਜ਼ ਫਾਰ ਫੂਡ ਸਕਿਊਰਿਟੀ' ਬਾਰੇ ਸੀ ।

PunjabKesari

ਇਨਾਂ ਸੈਸ਼ਨਾਂ 'ਚ ਪੇਸ਼ ਹੋਏ ਨਵੇਂ ਨੁਕਤਿਆਂ ਬਾਰੇ ਵਿਚਾਰ-ਵਟਾਂਦਰਾ ਹੋਇਆ। ਕੱਲ ਇਸ ਕਨਵੈਨਸ਼ਨ ਦੇ ਦੂਸਰੇ ਦਿਨ ਵੀ ਇਹ ਵਿਚਾਰ ਚਰਚਾ ਜਾਰੀ ਰਹੇਗੀ ।

PunjabKesari


author

Iqbalkaur

Content Editor

Related News